ਪੰਨਾ:ਹੀਰ ਵਾਰਸਸ਼ਾਹ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲਾ ਚਾਹੇਂ ਨਾ ਚਾਕ ਬਣਾ ਸਾਨੂੰ ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ
ਨਾਮ ਮਿਹਰੀਆਂ ਦੇ ਸਾਨੂੰ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ
ਜਤੀ ਸਤੀ ਹਾਂ ਨਾਥ ਦੇ ਜੋਗ ਪੂਰੇ ਸੱਤ ਪੀੜ੍ਹੀਏ ਜਨਮ ਫ਼ਕੀਰ ਮੀਆਂ
ਜੱਟ ਚਾਕ ਬਣਾਏਂ ਤੂੰ ਜੋਗੀਆਂ ਨੂੰ ਇਹਾ ਜੀਉ ਆਵੇ ਸਿਟੂੰ ਚੀਰ ਮੀਆਂ
ਥਰ ਥਰ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋਹ ਪਲੱਟਿਆ ਨੀਰ ਮੀਆਂ
ਨੌਵੇਂ ਨਾਥ ਚੁਰਾਸੀ ਨੇ ਸਿਧ ਜਿਹੜੇ ਹਮੀਂ ਉਨ੍ਹਾਂ ਦੇ ਨਾਲ ਵਜ਼ੀਰ ਮੀਆਂ
ਹੱਥ ਜੋੜ ਅਯਾਲੀ ਨੇ ਪੈਰ ਪਕੜੇ ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ
ਮੈਂ ਤਾਂ ਫੇਰ ਨਾ ਛੇੜਸਾਂ ਜੋਗੀਆਂ ਨੂੰ ਮੇਰੀ ਨੱਕ ਦੇ ਨਾਲ ਲਕੀਰ ਮੀਆਂ
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ ਭੁੱਲ ਗਿਆ ਚੇਲਾ ਬਖਸ਼ ਪੀਰ ਮੀਆਂ
ਸ਼ਕਲ ਚਾਕ ਦੀ ਹੈਗੀ ਸੀ ਤੇਰੇ ਜੇਹੀ ਤੇ ਸਰੀਰਾਂ ਜਹੇ ਹੋਣ ਸਰੀਰ ਮੀਆਂ
ਵਾਰਸਸ਼ਾਹ ਦੀ ਅਰਜ਼ ਜਨਾਬ ਅੰਦਰ ਹੁਣ ਹੋ ਨਾਹੀਂ ਦਿਲਗੀਰ ਮੀਆਂ

ਕਲਾਮ ਅਯਾਲੀ ਆਜਜ਼ੀ ਨਾਲ

ਪਾਲੀ ਅਰਜ਼ ਕੀਤੀ ਹੱਥ ਬੰਨ੍ਹ ਕੇ ਜੀ ਕਿੱਸੇ ਸੁਣੋ ਹਕੀਕਤਾਂ ਸਾਰੀਆਂ ਦੇ
ਭਤੇ ਬੇਲਿਆਂ ਵਿਚ ਲੈ ਜਾਏ ਜੱਟੀ ਪੀਂਘਾਂ ਪੀਂਘਦੀ ਨਾਲ ਪਿਆਰਿਆਂ ਦੇ
ਇਹ ਪ੍ਰੇਮ ਪਿਆਲੜਾ ਛੱਕਿਓ ਈ ਨੈਣ ਮਸਤ ਸਨ ਨਾਲ ਖ਼ੁਮਾਰੀਆਂ ਦੇ
ਵਾਹੇ ਵੰਝਲੀ ਤੇ ਫਿਰੇ ਮਗਰ ਲੱਗੀ ਸਾਂਝ ਘਿੰਨਕੇ ਨਾਲ ਕੁਆਰੀਆਂ ਦੇ
ਜਦੋਂ ਵਿਆਹ ਹੋਯਾ ਤਦੋਂ ਵਿਹੜ ਬੈਠੀ ਡੋਲੀ ਚਾੜ੍ਹਿਆ ਨਾਲ ਖੁਆਰੀਆਂ ਦੇ
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਥੀਆਂ ਦੀਆਂ ਮਜ਼ੇ ਯਾਰੀਆਂ ਘੋਲ ਕਵਾਰੀਆਂ ਦੇ
ਮੇਸਾ ਨੀਂਗਰਾਂ ਦੀਆਂ ਲਾਡ ਨਢੀਆਂ ਦੇ ਪੁਛੋ ਹਾਲ ਨਾ ਇਸ਼ਕ ਵਿਚ ਮਾਰੀਆਂ ਦੇ
ਜੱਟੀ ਵਿਆਹ ਦਿੱਤੀ ਰਿਹਾ ਨੱਢੜਾ ਤੂੰ ਸੂੰਞੇ ਸਖਣੇ ਟੋਂਕ ਪਟਾਰੀਆਂ ਦੇ
ਖੇਡਣ ਵਾਲੀਆਂ ਸਹੁਰੇ ਬੰਨ੍ਹ ਖੜੀਆਂ ਰੁਲਣ ਗੁੱਡੀਆਂ ਹੇਠ ਬੁਖਾਰੀਆਂ ਦੇ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਅੰਤ ਫਿਰਦਾ ਏ ਵਾਂਗ ਵਗਾਰੀਆਂ ਦੇ
ਕੀਕੂੰ ਹੋਣ ਜੁਦਾ ਮਾਸ਼ੂਕ ਪਿਆਰੇ ਆਸ਼ਕ ਹੈਣ ਭੋਛਨ ਫੁੱਲਕਾਰੀਆਂ ਦੇ
ਨਾਲੇ ਕਰਨ ਵਜ਼ੀਫਾ ਜਹਾਨ ਠੱਗਣ ਫੰਧ ਫੱਬਦੇ ਨਹੀਂ ਛਲ੍ਹਿਆਰੀਆਂ ਦੇ
ਨਿਕੀਆਂ ਛੋਹਰਾਂ ਨੇ ਤਿੰਨ੍ਹਾਂ ਪਿਆਰ ਆਵਣਦਾ ਲਗਦੇ ਨਹੀਂ ਮੁਟਿਆਰੀਆਂ ਦੇ
ਦੰਦ ਭੰਨੀਆਂ ਡਾਇਣਾਂ ਵਾਂਗ ਬੱਧੇ ਤਾਣ ਚਲਦੇ ਨਹੀਂ ਵਚਾਰੀਆਂ ਦੇ
ਮੌਲੀ ਮਹਿੰਦੀਆਂ ਦੇ ਜਦੋਂ ਖੇਤ ਸਾਰੇ ਲੁੱਟ ਲਏ ਨੀ ਹੱਟ ਪਸਾਰੀਆਂ ਦੇ
ਚੂੜੇ ਗਰਨੀਆਂ ਕਰਨ ਪਿਆਰ ਬਹੁਤੇ ਜਿਥੇ ਬਾਲ ਵੇਖਣ ਚੈਂਚਲਹਾਰੀਆਂ ਦੇ