ਪੰਨਾ:ਹੀਰ ਵਾਰਸਸ਼ਾਹ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਇਕ ਉਠ ਕੇ ਹਲੀਂ ਤਿਆਰ ਹੋਏ ਇਕ ਢੂੰਡਦੇ ਫਿਰਨ ਪਰਾਣੀਆਂ ਨੀ
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ
ਘਰ ਬਾਰ ਨਾ ਚੱਕੀਆਂ ਝੋਤੀਆਂ ਨੂੰ ਜਿਨ੍ਹਾਂ ਤਾਉਣਾਂ ਗੁੰਨ੍ਹ ਪਕਾਣੀਆਂ ਨੀ
ਕਾਰੋਬਾਰ ਵਿੱਚ ਹੋਯਾ ਜਹਾਨ ਸਾਰਾ ਚਰਖੇ ਕਤਦੀਆਂ ਉੱਠ ਸਵਾਣੀਆਂ ਨੀ
ਉੱਠ ਗੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨੀ
ਰਾਂਝੇ ਕੂਚ ਕੀਤਾ ਆਯਾ ਨਦੀ ਉਤੇ ਸਾਥ ਲੱਦਿਆ ਪਾਰ ਮੁਹਾਣੀਆਂ ਨੀ
ਵਾਰਸਸ਼ਾਹ ਮੀਆਂ ਲੁਡਣ ਵੱਡਾ ਲੋਭੀ ਕੁੱਪਾ ਸ਼ਹਿਦ ਭਰਿਆ ਜਿਉਂ ਬਾਣੀਆਂ ਨੀ

ਰਾਂਝਾ ਮਲਾਹ ਦੇ ਤਰਲੇ ਕਰਦਾ ਹੈ

ਰਾਂਝੇ ਆਖਿਆ ਪਾਰ ਲੰਘਾ ਮੀਆਂ ਮੈਨੂੰ ਚਾੜ ਲੈ ਰੱਬ ਦੇ ਵਾਸਤੇ ਤੇ
ਅਸੀਂ ਰੱਬ ਕੀ ਜਾਣਦੇ ਭੈਣ ਪਾੜਾ ਬੇੜਾ ਠੇਲ੍ਹਦੇ ਲੱਬ ਦੇ ਵਾਸਤੇ ਤੇ
ਅਸਾਂ ਰਿਜਕ ਕਮਾਵਣਾ ਨਾਲ ਹੀਲੇ ਬੇੜਾ ਖਿੱਚਦੇ ਝੱਬ ਦੇ ਵਾਸਤੇ ਤੇ
ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ
ਤੁਸੀਂ ਚਾੜ੍ਹ ਲਵੋ ਮੈਨੂੰ ਵਿੱਚ ਬੇੜੀ ਚੱਪਾ ਧਿੱਕਸ਼ਾਂ ਦੱਬ ਦੇ ਵਾਸਤੇ ਤੇ
ਵਾਰਸ ਰੁੱਸ ਆਇਆ ਨਾਲ ਭਾਈਆਂ ਦੇ ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ

ਜਵਾਬ ਮਲਾਹ

ਲੱਬ ਵਾਸਤੇ ਬੇੜੀ ਦੇ ਵਿੱਚ ਬੈਠਾ ਪਿਆ ਪਾਰ ਹੀ ਪਾਰ ਪੁਕਾਰਨਾ ਹਾਂ
ਚੋਰ ਧਾੜਵੀ ਆਣਕੇ ਲੱਬ ਦੇਵੇ ਪੜਦਾ ਓਸਦਾ ਨਾਂਹ ਉਘਾਰਨਾ ਹਾਂ
ਪੈਸਾ ਖੋਲ੍ਹਕੇ ਹੱਥ ਤੇ ਧਰੇ ਜਿਹੜਾ ਗੋਦੀ ਚਾੜ੍ਹਕੇ ਪਾਰ ਉਤਾਰਨਾ ਹਾਂ
ਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜੀਓਂ ਜ਼ਿਮੀਂ ਤੇ ਮਾਰਨਾ ਹਾਂ
ਜਿਹੜਾ ਕੱਪੜਾ ਦੇ ਤੇ ਨਕਦ ਸਾਨੂੰ ਸੱਭੋ ਓਸਦਾ ਕੰਮ ਸਵਾਰਨਾ ਹਾਂ
ਜ਼ੋਰਾਵਰੀ ਜੇ ਆਣਕੇ ਚੜ੍ਹੇ ਬੇੜੀ ਅੱਧਵਾਟੜੇ ਡੋਬ ਕੇ ਮਾਰਨਾ ਹਾਂ
ਡੂੰਮਾਂ ਅਤੇ ਫਕੀਰਾਂ ਤੇ ਮੁਫ਼ਤ ਖ਼ੋਰਾਂ ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ
ਵਾਰਸਸ਼ਾਹ ਜਿਹਾਂ ਪੀਰਜ਼ਾਦਿਆਂ ਨੂੰ ਮੁਢੋਂ ਖੇੜੀ ਦੇ ਵਿੱਚ ਨਾ ਵਾੜਨਾ ਹਾਂ

ਰਾਂਝੇ ਨੇ ਪਰੇਸ਼ਾਨ ਹੋਣਾ

ਰਾਂਝਾ ਮਿੰਨਤਾਂ ਕਰ ਕੇ ਥੱਕ ਰਿਹਾ ਅੰਤ ਹੋ ਕੰਢੇ ਪਰਾਂ ਜਾ ਬੈਠਾ
ਛੱਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾ ਬੈਠਾ
ਗਾਵੇ ਸੱਦ ਫਿਰਾਕ ਦੇ ਨਾਲ ਰੋਵੇ ਅਤੇ ਵੰਝਲੀ ਸ਼ਬਦ ਵਜਾ ਬੈਠਾ
ਜੋ ਕੋਈ ਆਦਮੀ ਤ੍ਰੀਮਤਾਂ ਮਰਦ ਹੈਸਨ ਪਤਨ ਛੋਡ ਸਭਾ ਓਥੇ ਜਾ ਬੈਠਾ
ਰੰਨਾਂ ਲੁਡਣ ਝਬੇਲ ਦੀਆਂ ਭਰਨ ਮੁੱਠੀਂ ਪੈਰ ਦੋਹਾਂ ਦੇ ਵਿੱਚ ਟਿਕਾ ਬੈਠਾ