ਪੰਨਾ:ਹੀਰ ਵਾਰਸਸ਼ਾਹ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)

ਗੱਲਾਂ ਸੁਣਦਿਆਂ ਆਤਮਾ ਭੁੱਜ ਗਿਆ ਮੈਂ ਤਾਂ ਅੰਦਰੋਂ ਸੁੱਟੀ ਜੇ ਗਾਲ ਕੁੜੀਓ
ਬੈਠੀ ਫੋਲਨੀ ਹਾਂ ਕਿਸਮਤ ਪਤਰੇ ਨੂੰ ਕਦੇ ਨੇਕ ਹੋਵੇ ਮੇਰੀ ਫਾਲ ਕੁੜੀਓ
ਰਾਂਝੇ ਬਾਝ ਖਲੀਰ ਨਹੀਂ ਇਕ ਦਮ ਦੀ ਘੜੀ ਝੱਟ ਗੁਜ਼ਰੇ ਮੈਨੂੰ ਸਾਲ ਕੁੜੀਓ
ਮੱਥੇ ਲਿਖੀ ਕਲਾਮ ਕਬੂਲ ਕੀਤੀ ਜਿਵੇਂ ਜਾਣਸਾਂ ਕਰਾਂ ਮੈਂ ਜਾਲ ਕੁੜੀਓ
ਭਾਵੇਂ ਵੱਢ ਕੇ ਚਾ ਕੀਮਾ ਕਰੋ ਮੈਨੂੰ ਰਲੇ ਜੀਓ ਨਾ ਖੇੜਿਆਂ ਨਾਲ ਕੁੜੀਓ
ਕਰਾਂ ਸ਼ੁਕਰ ਮੈਂ ਰੱਬ ਦਾ ਰਾਤ ਦਿਨੇ ਹੱਲ ਮੁਸ਼ਕਲਾਂ ਹੋਣ ਮੁਹਾਲ ਕੁੜੀਓ
ਇਕ ਵਾਰ ਲਾਵੇ ਗੱਲ ਆਣ ਰਾਂਝਾ ਹੋਵਾਂ ਜੀਉ ਦੇ ਵਿਚ ਖੁਸ਼ਹਾਲ ਕੁੜੀਓ
ਪਿਆ ਲੰਬੜਾ ਪੰਧ ਹੈ ਪੇਸ਼ ਮੇਰੇ ਥੱਕ ਹੋਈ ਹਾਂ ਬਹੁਤ ਨਿਢਾਲ ਕੁੜੀਓ
ਨਹੀਂ ਤਖ਼ਤ ਹਜ਼ਾਰੇ ਦੀ ਖਬਰ ਕੋਈ ਰਹਿਆ ਦੂਰ ਹੈ ਝੰਗ ਸਿਆਲ ਕੁੜੀਓ
ਇਕੇ ਰਾਂਝਣਾ ਆਣ ਦੀਦਾਰ ਦੇਵੇ ਇਕੇ ਖਾਬ ਵਿਚ ਹੋਵੇ ਵਸਾਲ ਕੁੜੀਓ
ਵਾਰਸਸ਼ਾਹ ਜਾਂ ਰੱਬ ਦਾ ਫਜ਼ਲ ਹੋਸੀ ਕਰੇ ਕਰਮ ਤਾਂ ਹੋਵਾਂ ਨਿਹਾਲ ਕੁੜੀਓ

ਕਲਾਮ ਕੁੜੀਆਂ

ਤੇਰੇ ਭਲੇ ਦੇ ਵਾਸਤੇ ਗੱਲ ਕੀਤੀ ਕੋਈ ਵੈਰ ਨਾ ਅਸਾਂ ਕਮਾਉਣਾ ਸੀ
ਖੁਰੀ ਮਤ ਸੀ ਅਕਲ ਦੀਆਂ ਮਾਰੀਆਂ ਨੂੰ ਅਸਾਂ ਤ੍ਰਿੰਞਣੇਂ ਉਠ ਕਿਉਂ ਜਾਉਣਾ ਸੀ
ਬੁਰੀ ਭਾਉਂਦੀ ਸੀ ਦਿਲ ਦੀ ਗੱਲ ਤੈਨੂੰ ਆਖ ਕਿਸ ਤੇ ਕੂਕ ਸੁਨਾਉਣਾ ਸੀ
ਸਾਡਾ ਬਖਸ਼ ਗੁਨਾਹ ਤਾਂ ਬੱਸ ਕਰ ਜਾਹ ਮੂੰਹੋਂ ਏਤਨਾ ਅਸੀਂ ਅਖਾਉਣਾ ਸੀ
ਨਹੀਂ ਸੀ ਪੇਕਿਆਂ ਵਿਚ ਮਸ਼ਹੂਰ ਕਰਨਾ ਜੇ ਤਾਂ ਸਾਹੁਰੇ ਆਣ ਛਿਪਾਉਣਾ ਸੀ
ਸਚ ਆਖਣੇ ਤੋਂ ਹੁਣ ਕਿਉਂ ਚੀਕਨੀਏਂ ਪਹਿਲਾਂ ਸਮਝਕੇ ਨੇਹੁੜਾ ਲਾਉਣਾ ਸੀ
ਅਗੋਂ ਪਵੇਂ ਪੁੱਠੀ ਜੇਕਰ ਜਾਣੀਏਂ ਨੀ ਅਸਾਂ ਜੋਗੀ ਨੂੰ ਕਾਹੇ ਬੁਲਾਉਣਾ ਸੀ
ਵਾਰਸਸ਼ਾਹ ਅਸਾਂ ਭੇਤ ਲੱਭ ਲਿਆ ਤੇਰਾ ਅੰਤ ਨਾ ਕਿਸੇ ਨੇ ਪਾਉਣਾ ਸੀ

ਜਵਾਬ ਹੀਰ

ਅਗੇ ਆਪਣੇ ਹਾਲ ਹੈਰਾਨ ਹਾਂ ਮੈਂ ਦਰਦ ਤੁਸਾਂ ਨਾ ਵੰਡ ਕੇ ਲਿਆ ਹੈ ਨੀ
ਏਥੇ ਆਣਕੇ ਸੁੱਖ ਨਾ ਵੇਖਿਆ ਮੈਂ ਦੂਣਾ ਦੁਖਾਂ ਦਾ ਮਾਮਲਾ ਪਿਆ ਹੈ ਨੀ
ਮਨ ਭਾਉਂਦਾ ਬੋਲ ਬੁਲੌੌਂਦੀਆਂ ਹੋ ਕੁਝ ਜੀਉ ਵਿਚ ਮਿਹਰ ਨਾ ਦਯਾ ਹੈ ਨੀ
ਬਹੁਤ ਲਾਡ ਕਰੋ ਸਿਰ ਮਾਪਿਆਂ ਦੇ ਅਜੇ ਸਾਹੁਰੇ ਕੰਮ ਨਾ ਪਿਆ ਹੈ ਨੀ
ਦੁਖ ਦਰਦ ਮੁਸੀਬਤਾਂ ਭਾਰੀਆਂ ਨੇ ਜਬ ਲਗ ਸ਼ਹੁ ਦਾ ਫੇਰਾ ਨਾ ਪਿਆ ਹੈ ਨੀ
ਵਾਰਸਸ਼ਾਹ ਜੇ ਆਣ ਦੀਦਾਰ ਦੇਵੇ ਦੁਖ ਦਰਦ ਮੇਰਾ ਦੇਖੋ ਗਿਆ ਹੈ ਨੀ

ਕਲਾਮ ਕੁੜੀਆਂ

ਅੱਖੀਂ ਡਿਠਿਆਂ ਬਾਝ ਪਤੀਜ ਨਾਹੀਂ ਜਦੋਂ ਵੇਖਸੈਂ ਕਰੇਂ ਇਤਬਾਰ ਹੀਰੇ