ਪੰਨਾ:ਹੀਰ ਵਾਰਸਸ਼ਾਹ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਗੁਸਾ ਖਾਇਕੇ ਲਏ ਝਬੇਲ ਝਈਆਂ ਇਹ ਦੋਹਾਂ ਨੂੰ ਹੱਕ ਬਣਾ ਬੈਠਾ
ਪਿੰਡਾ! ਬਾਹੁੜੀਂ ਜੱਟ ਲੈ ਜਾਗ ਰੰਨਾਂ ਕਿਹਾ ਸ਼ੁਗਲ ਇਹ ਆਣ ਮਚਾ ਬੈਠਾ
ਵਾਰਸਸ਼ਾਹ ਇਸ ਮੋਹੀਆਂ ਮਰਦ ਰੰਨਾਂ ਨਹੀਂ ਜਾਣਦੇ ਕੌਣ ਬਲਾ ਬੈਠਾ

ਰਾਂਝੇ ਦਾ ਠਿਲ੍ਹਨਾ

ਰਾਂਝਾ ਰਹੇ ਨਾ ਵਰਜਿਆ ਕਿਸੇ ਹੀਲੇ ਵਿੱਚ ਨਦੀ ਦੇ ਜਾਕੇ ਪੈਰ ਪਾਏ
ਲੋਕ ਆਖ ਰਹੇ ਮੀਆਂ ਠਿਲ੍ਹ ਨਾਹੀਂ ਤੇਰੀ ਜਾਨ ਜਾਏ ਜਿਵੇਂ ਸੈਰ ਜਾਏ
ਰੰਨਾਂ ਲੁਡਣ ਝਬੇਲ ਦੀਆਂ ਪਕੜ ਰਹੀਆਂ ਰਾਂਝਾ ਰਹੇ ਨਾ ਵਰਜਿਆ ਖ਼ੈਰ ਜਾਏ
ਲੋਕਾਂ ਆਖਿਆ ਮੂਰਖਾ ਡੁੱਬ ਮਰਸੇਂ ਜਿੰਦ ਵੇਖ ਚਨਾਬ ਦੀ ਲਹਿਰ ਜਾਏ
ਰਾਂਝਾ ਆਖਦਾ ਦੁਖੀ ਨੂੰ ਮਰਨ ਭੱਲਾ ਸੁਖੀ ਕੌਣ ਜਿਹੜਾ ਛੱਡ ਸ਼ਹਿਰ ਜਾਏ
ਹੀਲੇ ਰਿਜ਼ਕ ਬਹਾਨੜੇ ਮੰਤ ਹੁੰਦੀ ਘਰ ਬੈਠਿਆਂ ਨੂੰ ਕਿਹੜਾ ਖ਼ੈਰ ਪਾਏ
ਪਿਆਂ ਵਖ਼ਤ ਜਾਂ ਮਾਂ ਤੇ ਬਾਪ ਮੋਯਾ ਯੂਸਫ ਵਾਂਗ ਭਰਾਵਾਂ ਨੇ ਵੈਰ ਚਾਏ
ਵਾਰਸਸ਼ਾਹ ਹੁਣ ਆਸਰਾ ਰੱਬ ਦਾ ਏ ਬੰਦਾ ਕਿੱਤ ਵਲ ਓਸ ਬਗੈਰ ਜਾਏ

ਰਾਂਝੇ ਨੇ ਦਰਿਆ ਵਿਚ ਜਾਣਾ

ਰਾਂਝਾ ਬੰਨ੍ਹਕੇ ਤੁਲਾ ਤਿਆਰ ਹੋਇਆ ਕੀਤਾ ਪਾਰ ਦਾ ਚਾ ਸਮਾਨ ਮੀਆਂ
ਖਿਜਰ ਪੀਰ ਤੇ ਅਲਾ ਨੂੰ ਯਾਦ ਕਰਕੇ ਛੱਡ ਖ਼ੁਦੀ ਤੇ ਸ਼ਾਨ ਗੁਮਾਨ ਮੀਆਂ
ਡਰ ਮੌਤ ਦਾ ਮੂਲ ਨਾ ਆਸ਼ਕਾਂ ਨੂੰ ਨਾ ਕੁਝ ਆਪਣਾ ਸ਼ੌਕ ਤੇ ਸ਼ਾਨ ਮੀਆਂ
ਵਾਰਸ ਸਭ ਦੁਨੀਆ ਦਗ਼ੇਬਾਜ਼ ਹੈ ਜੀ ਰੱਖ ਰੱਬ ਦੀ ਤਰਫ਼ ਧਿਆਨ ਮੀਆਂ

ਲੋਕਾਂ ਨੇ ਰਾਂਝੇ ਨੂੰ ਦਰਿਆ ਵਿਚ ਠਿਲ੍ਹਣੋਂ ਮਨ੍ਹੇ ਕਰਨਾ

ਲੋਕਾਂ ਦੌੜ ਕੇ ਰਾਂਝੇ ਨੂੰ ਪਕੜ ਆਂਦਾ ਨਾ ਕਰ ਜੋਰ ਤੂੰ ਠਿਲ੍ਹ ਨਾ ਸੱਜਣਾਂ ਓ
ਮਿੰਨਤਾਂ ਕਰਦਿਆਂ ਤੇ ਪੈਰੀਂ ਪੈਂਦਿਆਂ ਨੂੰ ਜਾਈਂ ਸਟਕੇ ਗੱਲ ਨਾ ਸੱਜਣਾ ਓ
ਸਈਂ ਵੰਝੀ ਚਨਾਬ ਦਾ ਅੰਤ ਨਾਹੀਂ ਡੁੱਬ ਮਰੇਂਗਾ ਠਿਲ੍ਹ ਨਾ ਸੱਜਣਾ ਓ
ਚਾੜ੍ਹ ਮੋਢਿਆਂ ਤੇ ਤੈਨੂੰ ਪਾਰ ਲਾਈਏ ਕੋਈ ਜਾਣ ਤੂੰ ਢਿੱਲ ਨਾ ਸੱਜਣਾ ਓ
ਸਾਡੀ ਅਕਲ ਸ਼ਊਰ ਤੂੰ ਖੱਸ ਲੀਤੀ ਰਿਹਾ ਕੱਖ ਦਾ ਬਲ ਨਾ ਸੱਜਣਾ ਓ
ਹੱਥ ਬੱਧਿਆਂ ਅਸੀਂ ਗੁਲਾਮ ਤੇਰੇ ਭਾਵੇਂ ਵੇਚ ਬਜ਼ਾਰ ਚਲ ਸਜਣਾ ਓ
ਸਾਡੀਆਂ ਅਖੀਆਂ ਦੇ ਵਿਚ ਵਾਂਗ ਸ਼ੀਰੀ ਡੇਰਾ ਘੱਤ ਬਹੁ ਹੱਲ ਨਾ ਸੱਜਣਾ ਓ
ਵਾਰਸਸ਼ਾਹ ਮੀਆਂ ਤੇਰੇ ਚੌਖਨੇ ਹਾਂ ਸਾਡਾ ਕਾਲਜਾ ਸੱਲ ਨਾ ਸੱਜਣਾ ਓ

ਰਾਂਝੇ ਨੂੰ ਦਰਿਆ ਪਾਰ ਲੰਘਾਣਾ

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਣ ਬੇੜੀ ਵਿਚ ਚਾੜ੍ਹਿਆ ਨੇ
ਤਕਸੀਰ ਮੁਆਫ਼ ਕਰ ਆਦਮੀ ਦੀ ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ