ਪੰਨਾ:ਹੀਰ ਵਾਰਸਸ਼ਾਹ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੩)


ਇਕ ਦਾਨਸ਼ਮੰਦ ਦੋ ਚੰਦ ਹੋ ਕੇ ਨਵਾਂ ਕਰਨ ਸਬੱਬ ਰੁਜ਼ਗਾਰ ਦਾ ਨੀ
ਇਕ ਚੁੱਪ ਚੁਪੀਤਿਆਂ ਗੰਜ ਪਾਵੇ ਇੱਕ ਨਿੱਤ ਸਵਾਲ ਪੁਕਾਰ ਦਾ ਨੀ
ਇੱਕ ਬਾਝ ਅਕਲੋਂ ਬਾਜ਼ੀ ਜਿੱਤ ਲੈਂਦਾ ਇਕ ਅਕਲ ਵਾਲਾ ਬਾਜ਼ੀ ਹਾਰ ਦਾ ਨੀ
ਤੇਰਾ ਤੌਰ ਕੁਝ ਹੋਰ ਦਾ ਹੋਰ ਹੈਨੀ ਖੁਆਰ ਖਜਲਾਂ ਦਾ ਚਸ਼ਮ ਚਾਰ ਦਾ ਨੀ
ਵਾਰਸਸ਼ਾਹ ਕੁੱਝ ਵੱਖ ਵਿਹਾਝ ਲਈਂ ਬੂਹਾ ਖੁਲ੍ਹਾ ਹੈ ਉਰਦ ਬਾਜ਼ਾਰ ਦਾ ਨੀ

ਕਲਾਮ ਸਹਿਤੀ

ਸਹਿਤੀ ਆਖਦੀ ਰਾਵਲਾ ਸੁਣੀ ਮੈਥੋਂ ਇਹ ਕਿਚਰਕ ਗਿਆਨ ਸੁਣਾਏਂਗਾ ਵੇ
ਅਸਾਂ ਏਤਨੀ ਗੱਲ ਮਾਲੂਮ ਕੀਤੀ ਬਿਨਾਂ ਫਾਟ ਖਾਧੇ ਨਹੀਂ ਜਾਏਂਗਾ ਵੇ
ਰੰਨਾਂ ਨਾਲ ਜੇ ਉੱਠ ਕੇ ਲੜਨ ਲੱਗੋਂ ਪੱਤ ਆਪਣੀ ਆਪ ਗੁਵਾਏਂਗਾ ਵੇ
ਜੇ ਤਾਂ ਖੇੜਿਆਂ ਦੇ ਵਿੱਚ ਖ਼ਬਰ ਹੋਵੇ ਇਹਨਾਂ ਜਟਾਂ ਦੀ ਜੂਟ ਖੁਹਾਏਂਗਾ ਵੇ
ਵਸਫ਼ਾਂ ਨਾਲ ਤੈਨੂੰ ਪਈ ਵਰਜਨੀ ਹਾਂ ਇਹ ਕਿਚਰਕ ਸਾਂਗ ਬਣਾਏਂਗਾ ਵੇ
ਦੱਸ ਕੌਣ ਤੇਰੀ ਹਾਂਭ ਕਾਂਭ ਭਰਸੀ ਹਾਲ ਕਿੱਸ ਤੇ ਕੂਕ ਸੁਣਾਏਂਗਾ ਵੇ
ਮੇਰੇ ਆਖਿਆਂ ਨਹੀਂ ਪਰਤੀਤ ਹੋਣੀ ਓੜਕ ਹਾਰ ਕੇ ਤੇ ਪਛਤਾਏਂਗਾ ਵੇ
ਵਾਰਸਸ਼ਾਹ ਮੀਆਂ ਅੰਤ ਖਾਕ ਹੋਣਾ ਕਿਉਂਕਰ ਆਪਣਾ ਸ਼ਾਨ ਵਧਾਏਂਗਾ ਵੇ

ਕਲਾਮ ਜੋਗੀ

ਜੇਠ ਮੀਂਹ ਤੇ ਸਿਆਲ ਵਿਚ ਵਾ ਮੰਦੀ ਕਤਕ ਮਾਹ ਵਿਚ ਮਨ੍ਹੇ ਅਨ੍ਹੇਰੀਆਂ ਨੀ
ਰੋਣਾਵਿਆਹਵਿਚ ਗਉਣਾ ਵਿਚ ਸਿਆਪੇ ਸੱਤਰ ਮਜਲਸਾਂ ਕਰਨ ਮੰਦੇਰੀਆਂ ਨੀ
ਚੁਗਲੀ ਖਾਂਵਦਾਂ ਦੀ ਬਦੀ ਨਾਲ ਮੁੱਲਾਂ ਖਾਣ ਲੂਣ ਹਰਾਮ ਬਦਖੈਰੀਆਂ ਨੀ
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ
ਗੀਬਤ ਤਰਕ ਸਲਵਾਤ ਤੇ ਝੂਠ ਮਸਤੀ ਦੂਰ ਕਰਨ ਫਰਿੱਸ਼ਤਿਆਂ ਤੇਰੀਆਂ ਨੀ
ਲੜਨ ਨਾਲ ਫ਼ਕੀਰ ਸਰਦਾਰ ਯਾਰੀ ਗੱਡਾ ਘੱਤਨਾ ਮਾਲ ਦਸੇਰੀਆਂ ਨੀ
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ ਖਚਰ ਵਾਦੀਆਂ ਇਹ ਸਭ ਤੇਰੀਆਂ ਨੀ
ਮੁੜਨ ਕੌਲ ਜਬਾਨ ਥੀਂ ਫਿਰਨ ਪੀਰਾਂ ਬੁਰੇ ਦਿਨਾਂ ਦੀਆਂ ਇਹ ਭੀ ਫੇਰੀਆਂ ਨੀ
ਖਸਮਾਂ ਨਾਲ ਬਰਾਬਰੀ ਕਰਨ ਰੰਨਾਂ ਉਹ ਕੁਪੱਤੀਆਂ ਅਸਲ ਬੇਗੈਰੀਆਂ ਨੀ
ਭਲੇ ਨਾਲ ਭਲਿਆਈਆਂ ਬਦੀ ਬੁਰਿਆਂ ਯਾਦ ਰੱਖ ਨਸੀਹਤਾਂ ਮੇਰੀਆਂ ਨੀ
ਬਿਨਾਂ ਹੁਕਮ ਦੇ ਮਰਨ ਨਾ ਓਹ ਬੰਦੇ ਸਾਬਤ ਜਿਨ੍ਹਾਂ ਦੀਆਂ ਰਿਜ਼ਕ ਢੇਰੀਆਂ ਨੀ
ਬਦਰੰਗ ਨੂੰ ਰੰਗ ਕੇ ਰੰਗ ਲਾਯੋ ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ
ਹੁਣੇ ਘੱਤ ਕੇ ਜਾਦੂੜਾ ਕਰੂੰ ਕਮਲੀ ਪਈ ਗਿਰਦ ਮੇਰੇ ਘੱਤੇਂ ਫੇਰੀਆਂ ਨੀ