ਪੰਨਾ:ਹੀਰ ਵਾਰਸਸ਼ਾਹ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੪)

ਇਹ ਨਕਾਹ ਨਕਾਹ ਤੇ ਰਵਾ ਨਾਹੀਂ ਇਹ ਸ਼ਰਹ ਰਸੂਲ ਨੇ ਕਿਹਾ ਸੀ ਨੀ
ਇਸ਼ਕ ਪੱਟ ਤ੍ੱਟੀਆਂ ਸੁੱਟੀਆਂ ਸੂ ਮੱਥੇ ਹੱਥ ਮਾਰੇ ਟੁਰ ਗਿਆ ਸੀ ਨੀ
ਝਲਾਂ ਬੇਲਿਆਂ ਦੇ ਵਿੱਚ ਫਿਰੇ ਭੌਂਦਾ ਖਾਣਾ ਓਸ ਕੋਲੋਂ ਛੁੱਟ ਗਿਆ ਸੀ ਨੀ
ਹੁਣ ਪੰਜ ਰੁਪੈ ਤੇ ਇੱਕ ਰੋੜੀ ਬਾਲ ਨਾਥ ਨਜ਼ਰ ਲੈ ਗਿਆ ਸੀ ਨੀ
ਬਾਲ ਨਾਥ ਨੇ ਓਸਦੇ ਕੰਨ ਪਾੜੇ ਦਰਦ ਕਿਸੇ ਦੇ ਵਾਸਤੇ ਸਹਿਆ ਸੇ ਨੀ
ਰੋਡ ਮੋਡ ਹੋਯਾ ਸਵਾਹ ਮਲੀ ਮੂੰਹ ਤੇ ਜਾਤ ਓਸਦੀ ਲੰਗ ਲੈ ਗਿਆ ਸੀ ਨੀ
ਜਦੋਂ ਲਗੀ ਥਾਪੀ ਨਾ ਕੁੱਝ ਰਿਹਾ ਬਾਕੀ ਕੰਮ ਓਸਦਾ ਭਲਾ ਹੋ ਗਿਆ ਸੀ ਨੀ
ਬਾਲ ਨਾਥ ਕੋਲੋਂ ਵਿਦਾ ਹੋ ਤੁਰਿਆ ਸ਼ਹਿਰ ਖੇੜਿਆਂ ਨੂੰ ਧਾ ਗਿਆ ਸੀ ਨੀ
ਮੌਜੂ ਚੌਧਰੀ ਦਾ ਪੁੱਤ ਲਾਡਲਾ ਸੀ ਜ਼ਰੀ ਪੱਟ ਹੰਡਾਉਂਦਾ ਪਿਆ ਸੀ ਨੀ
ਹੁਣ ਲੱਕ ਲੰਗੋਟ ਤੇ ਹੱਥ ਖੱਪਰ ਬੂਹੇ ਨਾਦ ਵਜਾਉਂਦਾ ਪਿਆ ਸੀ ਨੀ
ਅਜ ਪਿੰਡ ਤੁਸਾਡੜੇ ਆਣ ਵੜਿਆ ਅਜੇ ਲੰਘਕੇ ਅਗ੍ਹਾਂ ਨਾ ਗਿਆ ਸੀ ਨੀ
ਵਾਰਸਸ਼ਾਹ ਮੈਂ ਪੱਤਰੀ ਫੋਲ ਡਿੱਠੀ ਕੁਰਆ ਇਹ ਨਜ਼ੂਮ ਦਾ ਪਿਆ ਸੀ ਨੀ

ਤਥਾ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ ਪੁਤ੍ ਮਹਿਰਾਂ ਦੇ ਖੋਲੀਆਂ ਚਾਰਦੇ ਨੇ
ਕੰਨ ਪਾੜ ਫਕੀਰ ਹੋ ਜਾਣ ਰਾਜੇ ਦਰਦਮੰਦ ਫਿਰਨ ਵਿੱਚ ਬਾਰ ਦੇ ਨੇ
ਰੰਨਾਂ ਵਾਸਤੇ ਕੰਨ ਪੜਾ ਰਾਜੇ ਸਭਾ ਜ਼ਾਤ ਸਫਾਤ ਨਘਾਰ ਦੇ ਨੇ
ਜਿਨ੍ਹਾਂ ਰੰਨਾਂ ਦੇ ਨੇਕ ਨਸੀਬ ਹੋਵਣ ਸੱਜਣ ਆ ਬੈਠਣ ਕੋਲ ਯਾਰ ਦੇ ਨੇ
ਧਨ ਮਾਲ ਸਭੋ ਸਿਰ ਵੱਖ ਕਰਕੇ ਦੀਦ ਬਾਝ ਆਸ਼ਕ ਦੀਦੇ ਮਾਰ ਦੇ ਨੇ
ਵਾਰਸਸ਼ਾਹ ਜਾਂ ਜ਼ੌਕਦੀ ਲਗੇ ਗੱਦੀ ਜੌਹਰ ਨਿਕਲਣ ਅਸਲ ਤਲਵਾਰ ਦੇ ਨੇ

ਤਥਾ

ਜਿਸ ਜੱਟ ਦੇ ਖੇਤ ਨੂੰ ਅੱਗ ਲਗੀ ਓਹ ਰਾਹਕਾਂ ਵੱਢਕੇ ਗਾਹ ਲਿਆ
ਲਾਵੇ ਹਾਰ ਰਾਖੇ ਸਭ ਵਿਦਾ ਹੋਏ ਨਾ ਉਮੈਦ ਹੋ ਕੇ ਜੱਟ ਰਾਹ ਲਿਆ
ਜਿਹੜੇ ਬਾਜ ਤੋਂ ਕਾਉਂ ਨੇ ਕੂੰਜ ਖੋਹੀ ਸਬਰ ਸ਼ੁਕਰ ਕਰ ਬਾਜ ਫਨ੍ਹਾ ਲਿਆ
ਇਹ ਹਾਲ ਹੈ ਇਸ ਫ਼ਕੀਰ ਦਾ ਨੀ ਧਨ ਮਾਲ ਗਿਆ ਤੇ ਤਬਾਹ ਹੋਯਾ
ਕਰੋ ਸਿਦਕ ਤੇ ਕੰਮ ਮਲੂਮ ਹੋਵੇ ਤੇਰਾ ਰੱਬ ਰਸੂਲ ਗਵਾਹ ਹੋਯਾ
ਦੁਨੀਆਂ ਛੱਡ ਉਦਾਸੀਆਂ ਪਹਿਨ ਲਈਆਂ ਸਯਦ ਵਾਰਸੋਂ ਹੁਣ ਵਾਰੇਸ਼ਾਹ ਹੋਯਾ

ਕਲਾਮ ਸ਼ਾਇਰ

ਹੀਰ ਉਠ ਬੈਠੀ ਪੱਤੇ ਠੀਕ ਲੱਗੇ ਅਤੇ ਠੀਕ ਨਸ਼ਾਨੀਆਂ ਸਾਰੀਆਂ ਨੇ
ਏਹ ਤਾਂ ਜੋਤਸ਼ੀ ਪੰਡਤ ਆਣ ਮਿਲਿਆ ਬਾਤਾਂ ਆਖਦਾ ਖੂਬ ਕਰਾਰੀਆਂ ਨੇ