ਪੰਨਾ:ਹੀਰ ਵਾਰਸਸ਼ਾਹ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੭)

ਠੰਢ ਪਾਈਏ ਹਿਜ਼ਰ ਦਿਆਂ ਲੂਸਿਆਂ ਨੂੰ ਹੱਥੋਂ ਗਜ਼ਬ ਦੀ ਅੱਗ ਨਾ ਬਾਲੀਏ ਨੀ
ਵਾਰਸਸ਼ਾਹ ਹੈ ਇਸ਼ਕ ਦਾ ਗਉ ਤਕੀਆ ਹੁਸਨ ਵਾਲੀਏ ਗਰਮ ਨਿਹਾਲੀਏ ਨੀ

ਕਲਾਮ ਸਹਿਤੀ

ਸਹਿਤੀ ਆਖਿਆ ਇਹ ਮਿਲ ਗਏ ਦੋਵੇਂ ਲਈ ਘੱਤ ਫ਼ਕੀਰ ਬਲਾਈਆਂ ਨੀ
ਇਹ ਵੇਖ ਫ਼ਕੀਰ ਨਿਹਾਲ ਹੋਈ ਜੜੀਆਂ ਏਸ ਨੂੰ ਘੱਤ ਪਿਵਾਈਆਂ ਨੀ
ਆਖੇ ਹੀਰ ਨੂੰ ਮਗਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ
ਏਸ ਜੋਗੀੜੇ ਨਾਲ ਤੂੰ ਖੋਜ ਨਾਹੀਂ ਅਨੀ ਭਾਬੀਏ ਘੋਲ ਘੁਮਾਈਆਂ ਨੀ
ਖੈਰ ਮਿਲੇ ਸੋ ਹੱਸ ਕੇ ਲਏ ਨਾਹੀਂ ਕਿੱਸ ਚੂਰੀਆਂ ਕੁੱਟ ਖਵਾਈਆਂ ਨੀ
ਆਟਾ ਖੈਰ ਨਾ ਭਿੱਛਿਆ ਲਵੇ ਦਾਣੇ ਕਿੱਥੋਂ ਕੱਢੀਏ ਦੁੱਧ ਮਲਾਈਆਂ ਨੀ
ਡਰ ਆਉਂਦਾ ਭੁਤਨੇ ਵਾਂਗ ਇਸ ਤੋਂ ਕਿਸੇ ਥਾਂ ਦੀਆਂ ਇਹ ਬਲਾਈਆਂ ਨੀ
ਸਿਰ ਘੱਤ ਜਾਦੂ ਮਤੇ ਕਰੇ ਕਮਲੀ ਗਲਾਂ ਏਸ ਦੇ ਨਾਲ ਕੀ ਲਾਈਆਂ ਨੀ
ਲੈ ਕੇ ਖ਼ੈਰ ਤੇ ਜਾਹ ਫ਼ਰਫੇਜ਼ੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਘਿੰਨ ਖੈਰ ਤੂੰ ਝੱਟ ਟੁਰ ਜਾਹ ਏਥੋਂ ਬਾਰ ਬਾਰ ਤੈਨੂੰ ਸਮਝਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕੇਹੀਆਂ ਵਲੱਲੀਆਂ ਚਾਈਆਂ ਨੀ
ਭਾਬੀ ਛੇੜ ਨਾ ਏਸ ਬਲਾ ਨੂੰ ਨੀ ਰੱਬ ਆਫਤਾਂ ਆਣ ਵਿਖਾਈਆਂ ਨੀ
ਝੂਠੇ ਜੱਗ ਜਹਾਨ ਦੇ ਹੋਣ ਜੋਗੀ ਕਦੋਂ ਇਨ੍ਹਾਂ ਦੇ ਸੱਚ ਸਫਾਈਆਂ ਨੀ
ਵਾਰਸਸ਼ਾਹ ਫ਼ਕੀਰ ਦੀ ਅਕਲ ਕਿੱਥੇ ਇਸ ਤਾਂ ਪੱਟੀਆਂ ਇਸ਼ਕ ਪੜਾਈਆਂ ਨੀ

ਕਲਾਮ ਸਹਿਤੀ

ਭਾਬੀ ਗਲ ਨਾ ਇਨ੍ਹਾਂ ਦੀ ਚਿੱਤ ਲਾਈਏ ਰਾਵਲ ਮਧਰਿਆਂ ਮਕਨਿਆਂ ਘੰਡਲਾਂ ਦੇ
ਮੂੰਹ ਤੋਂ ਗਿੱਡ ਉਘਾਰਨ ਨਾ ਕਦੀ ਲੱਥੀ ਇਨ੍ਹਾਂ ਜੋਗੀਆਂ ਚੁੱਚਿਆਂ ਭੰਡਲਾਂ ਦੇ
ਸ਼ਕਲ ਵੇਂਹਦਿਆਂ ਸਾਰ ਕਰੀਚ ਆਵੇ ਨੱਕ ਮੂੰਹ ਅਨਧੋਪਿਆਂ ਸੀਂਢਲਾਂ ਦੇ
ਵਾਰਸ ਨਹੀਂ ਜ਼ਬਾਨ ਇਤਬਾਰ ਵਾਲੀ ਦਾੜ੍ਹੀ ਭਵਾਂ ਸਿਰ ਮੁੰਨਿਆਂ ਮੀਢਲਾਂ ਦੇ

ਕਲਾਮ ਜੋਗੀ

ਮੈਂ ਇਕੱਲੜਾ ਗੱਲ ਨਾ ਜਾਣਦਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਮਾਲ ਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀਏਂ ਸੁਰਮ ਸਲਾਈਆਂ ਨੀ
ਪੈਰ ਪਕੜ ਫ਼ਕੀਰ ਦੇ ਦੇਹ ਭਿੱਛਿਆ ਅੜੀਆਂ ਕੁਆਰੀਏ ਕੇਹੀਆ ਲਾਈਆਂ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ ਜਿਨ੍ਹਾਂ ਡਾਚੀਆਂ ਮਾਰ ਚਰਾਈਆਂ ਨੀ