ਪੰਨਾ:ਹੀਰ ਵਾਰਸਸ਼ਾਹ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੬)

ਓਹਨੂੰ ਜ਼ਰਾ ਸ਼ਹੂਰ ਤੇ ਅਕਲ ਨਾਹੀਂ ਜਿਹੜਾ ਆਜਜ਼ਾਂ ਨਾਲ ਵਗਾੜਦਾ ਨੀ
ਵਾਰਸਸ਼ਾਹ ਨਾ ਬਚਿਆ ਕੋਈ ਓਦੋਂ ਨਾਹਰਾ ਹਾ ਦਾ ਫ਼ਕਰ ਜਦ ਮਾਰਦਾ ਨੀ

ਸਹਿਤੀ ਅਤੇ ਜੋਗੀ ਦਾ ਝਗੜਾ ਕੁਦਰਤ ਦੇ ਕੰਮਾਂ ਦਾ ਜਾਹਰ ਕਰਨਾ

ਗਿਆ ਭੱਜ ਤਕਦੀਰ ਦੇ ਨਾਲ ਠੂਠਾ ਲੈ ਜਾਹ ਸਾਥੋਂ ਕੀਮਤ ਮੱਟ ਦੀ ਵੇ
ਤਕਦੀਰ ਅੱਲਾ ਦੀ ਨੂੰ ਕੌਣ ਮੋੜੇ ਤਕਦੀਰ ਪਹਾੜਾਂ ਨੂੰ ਕੱਟ ਦੀ ਵੇ
ਆਦਮ ਹਵਾ ਨੂੰ ਕੱਢ ਬਹਿਸ਼ਤ ਵਿਚੋਂ ਤਕਦੀਰ ਜ਼ਮੀਨ ਤੇ ਸੱਟ ਦੀ ਵੇ
ਸੁਲੇਮਾਨ ਝੋਖੇ ਭੱਠ ਮਾਛੀਆਂ ਦੇ ਤਖਤ ਚਾੜ੍ਹ ਤਕਦੀਰ ਉਲੱਟ ਦੀ ਵੇ
ਮੂਸਾ ਲੰਗਿਆ ਪਾਰ ਫਿਰਔਣ ਉਤੇ ਤਕਦੀਰ ਦਰਯਾ ਪਲੱਟ ਦੀ ਵੇ
ਯੂਸਫ ਜਿਹਾਂ ਪੈਗੰਬਰਾਂ ਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੱਟ ਦੀ ਵੇ
ਦਾੜ੍ਹੀ ਮੁੰਨ ਤਕਦੀਰ ਨੇ ਕੰਨ ਪਾੜੇ ਅੜੀ ਗੱਧੇ ਵਾਲੀ ਅਜੇ ਜੱਟ ਦੀ ਵੇ
ਹਾਥੀ ਵਾਂਗ ਟੰਗਾਂ ਤੇਰਾ ਢਿੱਡ ਕੁੱਪਾ ਉੱਤੇ ਸਿਰੀ ਜਾਪੇ ਸੂਰਤ ਡੱਟ ਦੀ ਵੇ
ਰੱਸੀ ਵਾਂਗ ਨਸੀਬ ਸੜ ਗਏ ਤੇਰੇ ਸੂਰਤ ਰਹੀ ਓਵੇਂ ਤੇਰੀ ਵੱਟ ਦੀ ਵੇ
ਜੋਗੀ ਸੋਈ ਜੋ ਖਾਕ-ਦਰ-ਖਾਕ ਹੋਵੇ ਅਜੇ ਰੀਝ ਤੈਨੂੰ ਚੋਬਰ ਖੱਟ ਦੀ ਵੇ
ਇੱਕੇ ਡੂਮ ਕੰਜਰ ਇੱਕੇ ਨਕਲੀਆ ਤੂੰ ਨਸਲ ਜਾਪਨਾ ਏਂ ਕਿਸੇ ਨੱਟ ਦੀ ਵੇ
ਕਲਿਆਨ ਐਡੀ ਕਿਥੋਂ ਸਿੱਖਿਓਈ ਜੂਠ ਖਾਧੀਓ ਈ ਕਿਸੇ ਭੱਟ ਦੀ ਵੇ
ਗੱਧਾ ਜਾਪਨਾ ਏਂ ਨਹੀਂ ਆਦਮੀ ਤੂੰ ਪਰ ਕਸਰ ਤੇਰੇ ਉਤੇ ਛੱਟ ਦੀ ਵੇ
ਤੇਰੇ ਨਾਲ ਤਕਦੀਰ ਨੇ ਬਹੁਤ ਕੀਤੀ ਆਕੜ ਨਹੀਂ ਚੂੜ੍ਹੇ ਵਾਲੀ ਘੱਟਦੀ ਵੇ
ਅਛੇ ਤੀਰ ਤਲਵਾਰ ਦੇ ਜ਼ਖਮ ਹੋਵਣ ਮਰਹਮ ਨਹੀਂ ਜ਼ਬਾਨ ਦੇ ਫੱਟ ਦੀ ਵੇ
ਜਿਹੜਾ ਖੂਹ ਕਢੇ ਡਿੱਗ ਮਰੇ ਸੋਈ ਤਕਦੀਰ ਓਹਦਾ ਖਾਤਾ ਖੱਟਦੀ ਵੇ
ਪੰਛੀ ਮਿਰਗ ਫਾਹੀ ਵਿੱਚ ਆਣ ਫਾਥੇ ਨਹੀਂ ਖਬਰ ਤਕਦੀਰ ਦੇ ਝੱਟ ਦੀ ਵੇ
ਤਕਦੀਰ ਜਿਸਦੇ ਸਿਰ ਤੇ ਤਾਜ ਰੱਖੇ ਕਦਮ ਓਸਦੇ ਪਿਰਥਵੀ ਚੱਟ ਦੀ ਵੇ
ਦਿਤੀ ਜ਼ਹਿਰ ਤਕਦੀਰ ਨੇ ਹਸਨ ਤਾਈਂ ਸੀਸ ਸ਼ਾਹ ਹੁਸੈਨ ਦਾ ਕੱਟ ਦੀ ਵੇ
ਵਾਰਸ ਨਬੀ ਦਾ ਚੰਦ ਸ਼ਹੀਦ ਹੋਯਾ ਤਕਦੀਰ ਨਾ ਕਿਸੇ ਤੋਂ ਹੱਟ ਦੀ ਵੇ

ਕਲਾਮ ਜੋਗੀ ਸਹਿਤੀ ਨਾਲ

ਠੂਠਾ ਤੋੜ ਫ਼ਕੀਰ ਨੂੰ ਮੱਟ ਡਾਹੇਂ ਖੌਰੀ ਬੋਲਨੀਏਂ ਕੱਚੀਏ ਪਿੱਲੀਏ ਨੀ
ਆਯਾ ਮਾਣ ਸ਼ਾਹੀ ਨਹੀਂ ਅਣਖ ਤੈਨੂੰ ਹਥੋਂ ਦੰਦ ਕਢੇਂ ਸੱਤ ਖਿੱਲੀਏ ਨੀ
ਵਾਂਗ ਗਿਦੜੀਆਂ ਮੁਸ਼ਕੀਆਂ ਗਿਰਦ ਹੋਈਏਂ ਅਡੱਖਲੀਏ ਮੂਰਤੀ ਢਿੱਲੀਏ ਨੀ
ਸਾਰੀ ਬਾਹਰ ਦੀ ਏ ਟੀਪ ਟਾਪ ਤੇਰੀ ਅੰਦਰ ਵਾਰ ਜੇ ਪੱਖੀਏ ਢਿੱਲੀਏ ਨੀ