ਪੰਨਾ:ਹੀਰ ਵਾਰਸਸ਼ਾਹ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੮)

ਖਾਰਾਂ ਘੱਤਕੇ ਜ਼ਿਕਰ ਤੇ ਫਿਕਰ ਦੀਆਂ ਮੈਲਾਂ ਦਿਲਾਂ ਦੀਆਂ ਸਾਰੀਆਂ ਧੋ ਰਹਿਆ
ਵਿੱਚ ਯਾਦ ਖੁਦਾ ਦੇ ਮਹਿਵ ਰਹਿੰਦਾ ਕਦੇ ਬੈਠ ਰਹਿਆ ਕਦੇ ਸੋ ਰਹਿਆ
ਨਿਉਲੀ ਕਰਮ ਕ੍ਰੋਧ ਦੇ ਉਰਧ ਤੱਪ ਵਿਚ ਕਦੇ ਹੋਮ ਸਰੀਰ ਵਿੱਚ ਝੋ ਰਹਿਆ
ਪੀਰਾਂ ਆਪ ਜ਼ਬਾਨ ਥੀਂ ਹੁਕਮ ਕੀਤਾ ਬੱਚਾ ਜਾਹ ਤੇਰਾ ਗ਼ੱਮ ਖੋ ਰਹਿਆ
ਆਵਾਜ਼ ਆਯਾ ਬੱਚਾ ਰਾਂਝਿਆ ਓਇ ਤੇਰਾ ਸਬਰ ਮੁਕਾਬਲਾ ਹੋ ਰਹਿਆ
ਰਾਂਝਾ ਖੁਸ਼ੀ ਹੋਯਾ ਬਹੁਤ ਦਿਲੇ ਅੰਦਰ ਕਹਿੰਦਾ ਯਾਰ ਦਾ ਮੇਲ ਹੁਣ ਹੋ ਰਹਿਆ
ਵਾਰਸਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ ਜੋ ਕੁੱਝ ਹੋਵਣਾ ਸੀ ਸੋ ਕੁਝ ਹੋ ਰਹਿਆ

ਹੀਰ ਦੀਆਂ ਸਹੇਲੀਆਂ ਨੇ ਜੁੰਮੇ ਦੇ ਦਿਨ ਬਾਗ ਵਿਚ ਸੈਰ ਕਰਨ ਨੂੰ ਧਾਣਾ

ਰੋਜ਼ ਜੁੰਮੇ ਦੇ ਤਿ੍ੰਞਣਾਂ ਦੌੜ ਕੀਤੀ ਟੁਰ ਨਿੱਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਬਹੇ ਬਾਗੀਂ ਫਿਰਨ ਘੋੜੜੇ ਉਠ ਮਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਬੋਲੀ ਛੁੱਟੇ ਪਾਸਨੇ ਗਰਬ ਗਹੇਲੀਆਂ ਦੇ
ਵੇਖ ਜੋਗੀ ਦੇ ਥਾਨ ਵਿਚ ਆਣ ਵੜੀਆਂ ਧਮਕਾਰ ਪੈ ਗਏ ਕੁੜੇਲੀਆਂ ਦੇ
ਗਹਿਣੇ ਲੱਦੀਆਂ ਪਰੀਆਂ ਛੱਣ ਛੱਣ ਛਣਕਨ ਵੱਡੇ ਤਿ੍ੰਝਣਾਂ ਨਾਲ ਸਹੇਲੀਆਂ ਦੇ
ਵਾਰਸਸ਼ਾਹ ਹੁਸ਼ਨਾਕ ਜਿਉਂ ਲੁੱਟ ਲੈਂਦੇ ਅਤਰ ਵਾਸਤੇ ਹੱਟ ਫਲੇਲੀਆਂ ਦੇ

ਕੁੜੀਆਂ ਦਾ ਜੋਗੀ ਨੂੰ ਤੰਗ ਕਰਨਾ

ਧੂੰਆਂ ਫੋਲਕੇ ਰੋਲਕੇ ਸੱਟ ਖੱਪਰ ਤੋੜ ਸੇਲ੍ਹੀਆਂ ਭੰਗ ਖਿਲਾਰੀਆ ਨੇ
ਡੰਡਾ ਕੂੂੰਡਾ ਭੰਨਿਆ ਹੁਕਾ ਸਣੇ ਨੇਚੇ ਸਮੀ ਘੱਤਕੇ ਲੁੱਡੀਆਂ ਮਾਰੀਆ ਨੇ
ਦੌਰਾ ਪਿਆਲਾ ਤੇ ਪੋਸਤ ਅਫੀਮ ਕੱਕੜ ਫੋਲ ਫਾਲਕੇ ਪੱਟਿਆ ਡਾਰੀਆਂ ਨੇ
ਸਾਫਾ ਸੰਗਲੀ ਚਿਮਟਾ ਕਿੰਗ ਬਗਲੀ ਨਾਦ ਸਿਮਰਨਾ ਧੂਪ ਖਿਲਾਰੀਆ ਨੇ
ਜਿਹਾ ਹੂੰਝ ਬਾਜਾਰ ਦਾ ਫੋਲ ਕੂੜਾ ਬਾਹਰ ਸੁੱਟਿਆ ਛਾਣ ਪਸਾਰੀਆਂ ਨੇ
ਜੋਗੀ ਮਸਖਰਾ ਖੂਬ ਬਣਾ ਦਿਤਾ ਖੋਤਾ ਬਾਂਦਰਾਂ ਵਾਂਗ ਵਿਚਾਰੀਆਂ ਨੇ
ਕਰਨ ਹੇਲੂਆ ਹੇਲੂਆ ਮਾਰ ਮਾਹਗਾ ਦੇਣ ਧੀਰੀਆਂ ਤੇ ਖਿੱਲੀ ਮਾਰੀਆ ਨੇ
ਵਾਰਸਸ਼ਾਹ ਜਿਉਂ ਦਲਾਂ ਪੰਜਾਬ ਲੁਟੀ ਤਿਵੇਂ ਜੋਗੀ ਦੀ ਰਸਦ ਉਜਾੜੀਆ ਨੇ

ਜੋਗੀ ਤੋਂ ਡਰਕੇ ਕੁੜੀਆਂ ਦਾ ਨਸਣਾ ਅਤੇ ਕੌਲਾਂ ਦਾ ਕਾਬੂ ਆ ਜਾਣਾ

ਕਿਲ੍ਹੇ ਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸੱਜਿਆ ਏ
ਤਰਾਹ ਪਵੇ ਜਿਉਂ ਧਾੜ ਨੂੰ ਸ਼ੀਹ ਛੁੱਟੇ ਉੱਠ ਬੂਟਿਆਂ ਦੇ ਮਲ੍ਹੇ ਗੱਜਿਆ ਏ
ਹੱਥ ਪਕੜਕੇ ਫਾਹੁੜੀ ਮਾਰਨੇ ਨੂੰ ਮਗਰ ਚੋਰ ਦੇ ਸਾਧ ਜਿਉਂ ਭੱਜਿਆ ਏ
ਅਰੇ ਭੂਤ ਕਾ ਕਾਫਲਾ ਕਹਾਂ ਚਲਿਆ ਗਾਲ੍ਹੀਂ ਦੇਂਦੜਾ ਮੂਲ ਨਾ ਰੱਜਿਆ ਏ
ਸਭੋ ਨੱਸ ਗਈਆਂ ਇੱਕ ਰਹੀ ਬਾਕੀ ਜਾ ਸੋਇਨ ਚਿੜੀ ਉੱਤੇ ਵੱਜਿਆ ਏ