ਪੰਨਾ:ਹੀਰ ਵਾਰਸਸ਼ਾਹ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੧)

ਜਿਨ੍ਹਾਂ ਇਸ਼ਕ ਦੇ ਖਬਤ ਨੂੰ ਜ਼ਬਤ ਕੀਤਾ ਉਨ੍ਹਾਂ ਆਸ਼ਕਾਂ ਵਿੱਚ ਪੁਕਾਰਿਆਂ ਦੀ
ਆਸ਼ਕ ਹੋ ਜਿਸ ਇਸ਼ਕ ਇਜ਼ਹਾਰ ਕੀਤਾ ਓਹਨੂੰ ਵਿੱਚ ਮੈਦਾਨ ਦੇ ਝਾੜਿਆ ਈ
ਮੈਨਾਂ ਖੁਮਰੇ ਅਸਰਾਰ ਜਬਾਨ ਦਿੱਤਾ ਓਹਨੂੰ ਕਫ਼ਸ ਵਿੱਚ ਬੰਦ ਕਰ ਮਾਰਿਆ ਈ
ਕੁੰਮਏਬਿਜ਼ਨੀ ਸ਼ਾਹ ਸੰਮਸ ਕਹਿਆ ਓਹਦਾ ਖਲੇ ਦਾ ਚੰਮ ਉਤਾਰਿਆ ਈ
ਯੂਸਫ਼ ਬੋਲਕੇ ਬਾਪ ਨੂੰ ਖਾਬ ਦੱਸੀ ਓਹਨੂੰ ਖੂਹੇ ਦੇ ਵਿੱਚ ਉਤਾਰਿਆ ਈ
ਵਾਰਸਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਿਮੀ ਦੇ ਚਾ ਨਿਘਾਰਿਆ ਈ

ਕਲਾਮ ਕੌਲਾਂ ਹੀਰ ਨਾਲ

ਚਾਕ ਹੋਇਕੇ ਖੋਲੀਆਂ ਚਾਰਦਾ ਸੀ ਜਦੋਂ ਉਸਦਾ ਜੀਉ ਤੁੱਧ ਖੱਸਿਆ ਸੀ
ਉਸਦੀ ਨਜ਼ਰ ਦੇ ਸਾਹਮਣੇ ਖੇਡਦੀ ਸੈਂ ਮੁਲਕ ਉਸਦੇ ਬਾਬ ਦਾ ਵੱਸਿਆ ਸੀ
ਆ ਸਾਹੁਰੇ ਵਹੁਟੜੀ ਹੋ ਬੈਠੀ ਤਦੋਂ ਜਾਇਕੇ ਜੋਗ ਵਿਚ ਧੱਸਿਆ ਸੀ
ਆਯਾ ਹੋ ਫ਼ਕੀਰ ਤਾਂ ਲੜੀ ਸਹਿਤੀ ਗੜਾ ਓਸਤੇ ਕਹਿਰ ਦਾ ਵੱਸਿਆ ਸੀ
ਮਾਰ ਮੁਹਲੀਆਂ ਨਾਲ ਹੈਰਾਨ ਕੀਤਾ ਜਦੋਂ ਕਾਲੜੇ ਬਾਗ ਵਿਚ ਨੱਸਿਆ ਸੀ
ਪਿਛਾ ਦੇ ਨਾਹੀਂ ਮਾਰੀ ਜਾਏਂਗੀ ਨੀ ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ
ਡੋਲੀ ਚੜ੍ਹੀ ਤਾਂ ਯਾਰ ਤੋਂ ਝੇਪ ਗਈਏਂ ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ
ਜਦੋਂ ਮੀਏਂ ਨੇ ਕੂਚ ਦਾ ਹੁਕਮ ਕੀਤਾ ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ
ਆਪ ਕੱਢ ਕੇ ਘੁੰਡ ਬੇਗਮੀ ਹੋਈਏਂ ਕੋਈ ਮੂਲ ਜਵਾਬ ਨਾ ਦੱਸਿਆ ਸੀ
ਰਮਜ਼ਾਂ ਨਾਲ ਓਹ ਗੱਲ ਸਮਝਾ ਰਹਿਆ ਅਗੋਂ ਸੁਖਨ ਨਾ ਕੋਈ ਸਰੱਸਿਆ ਸੀ
ਸਗੋਂ ਮੇਹਣਿਆਂ ਮਾਰ ਖ਼ਰਾਬ ਕੀਤਾ ਏਸ ਖੌਫ ਕੋਲੋਂ ਘਰੋਂ ਨੱਸਿਆ ਸੀ
ਤੂੰ ਤਾਂ ਕੱਟੀਆਂ ਡਾਇਣਾਂ ਵਾਂਗ ਹੀਰੇ ਸਾਰੇ ਮੁਲਕ ਦਾ ਕਾਲਜਾ ਡੱਸਿਆ ਸੀ
ਜਦੋਂ ਰੂਹ ਇਕਰਾਰ ਖਰਾਜ ਕੀਤਾ ਤਦੋਂ ਜਾ ਕਲਬੂਤ ਵਿਚ ਧੱਸਿਆ ਸੀ
ਜਿਹੜੇ ਨਿਵੇਂ ਸੋ ਓਹ ਹਜ਼ੂਰ ਹੋਏ ਵਾਰਸਸ਼ਾਹ ਨੂੰ ਪੀਰ ਨੇ ਦੱਸਿਆ ਸੀ

ਕਲਾਮ ਹੀਰ

ਹੀਰ ਆਖਦੀ ਸਮਝ ਤੂੰ ਨੱਢੀਏ ਨੀ ਰਾਂਝੇ ਯਾਰ ਨੇ ਕੇਡ ਫ਼ਸਾਦ ਕੀਤਾ
ਰੰਨਾਂ ਅਗੇ ਚਾ ਭੇਤ ਖਲਾਰਿਆਂ ਸੂ ਨਰਦ ਇਸ਼ਕ ਦੀ ਨੂੰ ਚਾ ਮਾਦ ਕੀਤਾ
ਚਾਲਾ ਦੱਸ ਕੇ ਖੇਡ ਸ਼ਤਰੰਜ ਵਾਲਾ ਰਾਂਝੇ ਆਪਣਾ ਸ਼ਾਹ ਬਰਬਾਦ ਕੀਤਾ
ਜਿਹੜਾ ਸ਼ੁਤਰ ਸੀ ਭੇਤ ਦੀ ਕੈਦ ਵਾਲਾ ਓਹਦੀ ਤੋੜ ਮੁਹਾਰ ਅਜ਼ਾਦ ਕੀਤਾ
ਅਗੇ ਭੇਤ ਦਾ ਇੱਕ ਵਜੂਦ ਆਹਾ ਹੁਣ ਰਾਂਝੇ ਨੇ ਅਹਿਲ ਅਲਾਦ ਕੀਤਾ
ਵਾਰਸ ਹੋਯਾ ਕੀ ਰਾਂਝੇ ਦੀ ਅਕਲ ਨੂੰ ਹੈ ਜਿਸ ਨੇ ਦਾਦ ਨੂੰ ਚਾ ਬੇਦਾਦ ਕੀਤਾ