ਪੰਨਾ:ਹੀਰ ਵਾਰਸਸ਼ਾਹ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੪)

ਸਹਿਤੀ ਅਗੇ ਹੀਰ ਦੀ ਆਜਜ਼ੀ

ਹੀਰ ਆਨ ਜਨਾਬ ਵਿਚ ਅਰਜ਼ ਕੀਤੀ ਨਯਾਜ਼ਮੰਦਾਂ ਦੀਆਂ ਬਖਸ਼ ਮ੍ਰਗੋਲੀਆਂ ਨੀ
ਕੀਤੀ ਸੱਭ ਤਕਸੀਰ ਮੁਆਫ ਤੇਰੀ ਦੂਣਾ ਬੋਲ ਲੈ ਜੋ ਤੈਨੂੰ ਬੋਲੀਆਂ ਨੀ
ਨਹੀਂ ਜਾਉਸੀ ਬਾਗ ਨੂੰ ਛੱਡ ਕੇ ਓਹ ਵੱਲ ਤਕਦਾ ਸਾਂਗ ਜੋ ਹੋਲੀਆਂ ਨੀ
ਕੌਲਾਂ ਹੱਥ ਸੁਨੇਹੜੇ ਓਸ ਘੱਲੇ ਤੇਰੇ ਨਾਲ ਦੀਆਂ ਹਮਜੋਲੀਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁੱਝ ਲੜਦਿਆਂ ਤੁੱਧਨੂੰ ਬੋਲੀਆਂ ਨੀ
ਅਛੀ ਪੀੜ ਵੰਡਾਉਣੀ ਭੈਣ ਮੇਰੀ ਤੈਥੋਂ ਵਾਰ ਸੁੱਟਾਂ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ ਜੋ ਕੁੱਝ ਆਖਸੈਂ ਮੈਂ ਤੇਰੀ ਗੋਲੀਆਂ ਨੀ
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸੱਭ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਕੰਮ ਸਵਾਰ ਦੇ ਭੈਣ ਮੇਰੀ ਹੋਸਾਂ ਬਾਂਦੜੀ ਤੁੱਧ ਅਨਮੋਲੀਆਂ ਨੀ
ਮੇਰਾ ਯਾਰ ਆਯਾ ਚੱਲ ਵੇਖ ਆਈਏ ਪਈ ਮਾਰਦੀ ਸੈਂ ਨਿੱਤ ਬੋਲੀਆਂ ਨੀ
ਖਾਤਰ ਮੈਂ ਨਮਾਣੀ ਦੇ ਜੋਗ ਲਿਆ ਭੱਰ ਚੁੱਕੀਆਂ ਗ਼ਮਾਂ ਦੀਆਂ ਝੋਲੀਆਂ ਨੀ
ਜਿੱਸ ਜਾਤ ਸਫਾਤ ਚੁਧਰਾਈ ਛੱਡੀ ਮੇਰੇ ਵਾਸਤੇ ਚਾਰੀਆਂ ਖੋਲੀਆਂ ਨੀ
ਜੇੜ੍ਹਾ ਮੁੱਢ ਕਦੀਮ ਦਾ ਯਾਰ ਮੇਰਾ ਜਿੱਸ ਚੂੰਡੀਆਂ ਕੁਆਰ ਦੀਆਂ ਖੋਲੀਆਂ ਨੀ
ਵਾਰਸਸ਼ਾਹ ਗ਼ੁਮਾਨ ਦੇ ਨਾਲ ਬੈਠਾ ਨਹੀਂ ਬੋਲਦਾ ਮਾਰਦਾ ਬੋਲੀਆਂ ਨੀ

ਕਲਾਮ ਸਹਿਤੀ ਹੀਰ ਦਿਲਗੀਰ ਨਾਲ

ਪਿਆ ਲਾਨਤ ਦਾ ਤੌਕ ਸ਼ੈਤਾਨ ਦੇ ਗਲ ਤਾਹੀਂ ਰੱਬ ਨੇ ਅਰਸ਼ ਤੇ ਚਾੜ੍ਹਨਾ ਈਂ
ਝੂਠ ਬੋਲਿਆ ਜਿਨ੍ਹਾਂ ਬਿਆਜ ਖਾਧਾ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਈਂ
ਅਸੀਂ ਜੀਉ ਦੀ ਮੈਲ ਚੁੱਕਾ ਬੈਠੇ ਵੱਤ ਕਰਾਂ ਨਾ ਸੀਉਣਾ ਪਾੜਨਾ ਈਂ
ਸਾਨੂੰ ਮਾਰ ਲੈ ਭਾਈਅੜਾ ਪਿਟਿਆਂ ਨੂੰ ਚਾੜ੍ਹ ਸੇਜ ਉੱਤੇ ਜਿਸਨੂੰ ਚਾੜ੍ਹਨਾ ਈਂ
ਅਗੇ ਜੋਗੀ ਤੋਂ ਮਾਰ ਮੁਕਾਇਆ ਈ ਹੁਣ ਹੋਰ ਕੀ ਪੜ੍ਹਤਨਾ ਪਾੜਨਾ ਈਂ
ਤੋਬਾ ਤੂਨ ਨਸੂਹਾ ਜੇ ਮੂੰਹੋਂ ਬੋਲਾਂ ਨੱਕ ਵੱਢ ਕੇ ਗਧੇ ਤੋ ਚਾੜ੍ਹਨਾ ਈਂ
ਗਰਜ਼ ਵਾਸਤੇ ਆਣਕੇ ਪਵੇਂ ਪੈਰੀ ਗਰਜ਼ ਬਾਝ ਕਿਸੇ ਕੋਈ ਯਾਰ ਨਾਹੀਂ
ਗੱਲ ਜਾਣ ਜਹਾਨ ਸਭ ਮਤਲਬੀ ਏ ਬਾਝ ਮਤਲਬੋਂ ਹਾਲ ਪੁਕਾਰ ਨਾਹੀਂ
ਘਰ ਬਾਰ ਤੋਂ ਚਾ ਜਵਾਬ ਦਿੱਤੋ ਹੋਰ ਆਖ ਕੀ ਸੱਚ ਨਿਤਾਰਨਾ ਈਂ
ਮੇਰੇ ਨਾਲ ਨਾ ਵਾਰਸਾ ਬੋਲ ਏਵੇਂ ਮਤੇ ਹੋ ਜਾਏ ਕੋਈ ਕਾਰਨਾ ਈਂ

ਸਹਿਤੀ ਅਗੇ ਹੀਰ ਦੀ ਮਿੰਨਤ

ਆ ਸਹਿਤੀਏ ਵਾਸਤਾ ਰੱਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜ ਵੰਡਾਉੜੇ ਸ਼ੁਹਦਿਆਂ ਦੇ ਜ਼ਹਿਰ ਬਿੱਛੂਆਂ ਵਾਂਗ ਨਾ ਘੋਲੀਏ ਨੀ