ਪੰਨਾ:ਹੀਰ ਵਾਰਸਸ਼ਾਹ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੫)

ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਗੰਢ ਨੂੰ ਖੋਲ੍ਹੀਏ ਨੀ
ਮਤਲਬ ਵਾਸਤੇ ਸ਼ੁਹਦਿਆਂ ਸ਼ਾਹ ਮਰਦਾਂ ਵਿੱਕ ਗਏ ਸਨ ਸਮਝ ਹਮਜੋਲੀਏ ਨੀ
ਪਰਸਵਾਰਥੀ ਕੰਮ ਤੇ ਸਮਝ ਬੀਬੀ ਜਾਨ ਘੋਲੀਏ ਤੇ ਨਾਹੀਂ ਡੋਲੀਏ ਨੀ
ਤੇਰੇ ਜਿਹੀ ਨਣਾਨ ਹੋ ਮੇਲ ਕਰਨੀ ਜੀਉ ਜਾਨ ਭੀ ਓਸ ਤੋਂ ਘੋਲੀਏ ਨੀ
ਜੋਗੀ ਚੱਲ ਮਨਾਈਏ ਬਾਗ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁਝ ਕਹੇ ਸੋ ਸਿਰੇ ਤੇ ਮੰਨ ਲਈਏ ਗਮੀ ਸ਼ਾਦੀਓਂ ਮੂਲ ਨਾ ਡੋਲੀਏ ਨੀ
ਚੱਲ ਨਾਲ ਮੇਰੇ ਤੂੰ ਤਾਂ ਭਾਗ ਭਰੀਏ ਮੇਲ ਕਰਨੀਏਂ ਵਿੱਚ ਵਿਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ
ਜਿਨ੍ਹਾਂ ਰਾਹ ਖ਼ੁਦਾਅ ਦੇ ਕੰਮ ਕੀਤੇ ਵਿੱਚ ਸੁਰਗ ਦੇ ਲੈਣਗੇ ਝੋਲੀਏ ਨੀ
ਪੈਰੀਂ ਪਵਾਂ ਤੇ ਸੱਤ ਸਲਾਮ ਤੈਨੂੰ ਯਾਰ ਮੇਲੀਏ ਮਿੱਠ-ਮਠੋਲੀਏ ਨੀ
ਮੇਰੇ ਕੰਮ ਥੀਂ ਸੱਭ ਹੈ ਸ਼ਰਮ ਤੈਨੂੰ ਸੁਲਾਹਕਾਰ ਹੋ ਸੱਚ ਨਰੋਲੀਏ ਨੀ
ਨਾਲ ਸਿਦਕ ਇਨਸਾਫ ਦਾ ਪਕੜ ਕੰਡਾ ਪੂਰਾ ਨਾਲ ਹਿਸਾਬ ਦੇ ਤੋਲੀਏ ਨੀ
ਰਾਂਝਾ ਹੀਰ ਦੇ ਨਾਲ ਜੇ ਆਣ ਮਿਲੇ ਤੈਨੂੰ ਮਿਲੇਗਾ ਯਾਰ ਨਮੋਲੀਏ ਨੀ
ਵਾਰਸਸ਼ਾਹ ਤੂੰ ਨਾਲ ਮਿਲਾਵੜਾ ਲੈ ਗਲਾਂ ਛੱਡ ਦੇ ਆਲੀਏ ਭੋਲੀਏ ਨੀ

ਸਹਿਤੀ ਦਾ ਹੀਰ ਨਾਲ ਰਾਜ਼ੀ ਹੋਣਾ

ਜਿਵੇਂ ਸੁਬਹ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਸ਼ੈਤਾਨ ਭੀ ਨੱਚਦਾ ਏ
ਤਿਵੇਂ ਸਹਿਤੀ ਦੇ ਜੀਉ ਵਿੱਚ ਖੁਸ਼ੀ ਹੋਈ ਦਿੱਲ ਰੰਨ ਦਾ ਛੱਲੜਾ ਕੱਚਦਾ ਏ
ਜਿਵੇਂ ਬਾਲ ਚਰਾਗ਼ ਬਜਾਰ ਦਿੱਨੇ ਹੋਛਾ ਸ਼ਾਹ ਖੁਸ਼ੀਆਂ ਨਾਲ ਨੱਚਦਾ ਏ
ਟਾਹ ਟਾਹ ਕਰਕੇ ਸਹਿਤੀ ਹੱਸ ਪਈ ਚੜ੍ਹਿਆ ਜੋਸ਼ ਸੀ ਹੁਸਨ ਦੇ ਮੱਚਦਾ ਏ
ਜਾਹ ਬਖਸ਼ਿਆ ਸੱਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਤੋਂ ਸੱਚਦਾ ਏ
ਵਾਰਸਸ਼ਾਹ ਚੱਲ ਯਾਰ ਮਨਾ ਆਈਏ ਏਥੇ ਨਵਾਂ ਅਖਾੜੜਾ ਮੱਚਦਾ ਏ

ਕਲਾਮ ਸ਼ਾਇਰ

ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਚਾ ਕੱਪੜੇ ਵਿੱਚ ਲੁਕਾਇਆ ਏ
ਜਿਹਾ ਵਿੱਚ ਨਮਾਜ਼ ਵਿਸ਼ਵਾਸ ਗੈਬੋਂ ਅਜ਼ਰਾਈਲ ਬਣਾ ਲੈ ਆਇਆ ਏ
ਉੱਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫ਼ਕਰ ਤੇ ਫੇਰੜਾ ਪਾਇਆ ਏ
ਜਦੋਂ ਆਉਂਦੀ ਜੋਗੀ ਨੇ ਓਹ ਡਿੱਠੀ ਪਿਛ੍ਹਾਂ ਆਪਣਾ ਮੁੱਖ ਭਵਾਇਆ ਏ
ਅਸਾਂ ਰੂਹਾਂ ਬਹਿਸ਼ਤੀਆਂ ਬੈਠਿਆਂ ਨੂੰ ਤਾਓ ਦੋਜ਼ਖੇ ਦਾ ਕਿਥੋਂ ਆਇਆ ਏ
ਤਲਬ ਮੀਂਹ ਦੀ ਵੱਗਿਆ ਆਣ ਝੱਖੜ ਯਾਰੋ ਆਖਰੀ ਦੌਰ ਹੁਣ ਆਇਆ ਏ
ਸਹਿਤੀ ਬੰਨ੍ਹਕੇ ਹੱਥ ਸਲਾਮ ਕੀਤਾ ਅਗੋਂ ਮੂਲ ਜਵਾਬ ਨਾ ਆਇਆ ਏ