ਪੰਨਾ:ਹੀਰ ਵਾਰਸਸ਼ਾਹ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੩

ਜਵਾਬ ਹੀਰ

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੋਲੀ ਦੱਸ ਖਾਂ ਕਿਧਰੋਂ ਆਉਣਾ ਏਂ
ਕਿਸੇ ਮਾਨ ਮੱਤੀ ਘਰੋਂ ਕਢਿਆ ਏ ਜਿਸ ਵਾਸਤੇ ਫੇਰੀਆਂ ਪਾਉਣਾ ਏਂ
ਕੀ ਨਾਮ ਤੇ ਜਾਤ ਦਾ ਕੌਣ ਹੈਂ ਤੂੰ ਅਤੇ ਕਿੱਸ ਦਾ ਪੁੱਤ ਕਹਾਉਣਾ ਏਂ
ਕੌਣ ਛੱਡ ਆਇਓ ਪਿਛੇ ਮਿਹਰ ਵਾਲੀ ਜਿੱਸ ਵਾਸਤੇ ਤੂੰ ਪਛੋਤਾਉਣਾ ਏ
ਤੇਰੀ ਸੂਰਤ ਬਹੁਤ ਪਸੰਦ ਆਵੇ ਸਾਨੂੰ ਜੀਉ ਦੇ ਵਿੱਚ ਤੂੰ ਭਾਉਣਾ ਏਂ
ਨੈਣ ਮਸਤ ਤੇ ਭੋਲੜਾ ਮੁੱਖ ਤੇਰਾ ਗਲਾਂ ਮਿੱਠੀਆਂ ਨਾਲ ਹਸਾਉਣਾ
ਕੇੜ੍ਹਾ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜੱਦ ਦਾ ਕੌਣ ਸਦਾਉਣਾ ਏ
ਤੇਰੇ ਵਾਰਨੇ ਵਾਰਨੇ ਚੌਖਨੇ ਹਾਂ ਮੰਗੂ ਬਾਬਲੇ ਦਾ ਚਾਰ ਲਿਆਉਣਾ ਏਂ
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਫੰਧ ਲੱਗੇ ਜੇ ਤੂੰ ਲਾਉਣਾ ਏਂ
ਵਾਰਸਸ਼ਾਹ ਛਤੱਕ ਜੇ ਨਵੀਂ ਚੂਪੇਂ ਸਭ ਭੁਲ ਜਾਨੀਂ ਜਿਹੜੀਆਂ ਗਾਉਣਾ ਏਂ

ਕਲਮ ਰਾਂਝਾ

ਰਾਂਝਾ ਜ਼ਾਤ ਦਾ ਜੱਟ ਹਾਂ ਨੱਢੀਏ ਨੀ ਪਿੰਡ ਤਖਤ ਹਜ਼ਾਰਾ ਹੈ ਆਪ ਮੇਰਾ
ਮੌਜੂ ਚੌਧਰੀ ਦਾ ਪੁੱਤ ਲਾਡਲਾ ਸਾਂ ਪਿਆ ਵਖਤ ਮੈਨੂੰ ਮੋਯਾ ਬਾਪ ਮੇਰਾ
ਭਾਈਆਂ ਜ਼ਿਮੀਂ ਮੈਨੂੰ ਭੈੜੀ ਵੰਡ ਦਿੱਤੀ ਮੀਹ ਵੱਸਿਆਂ ਪਾਏ ਨਾ ਆਬ ਫੇਰਾ
ਤਾਨ੍ਹਾ ਦੇਣ ਸ਼ਰੀਕ ਤੇ ਲੋਕ ਸਾਰੇ ਦੂਰ ਕੀਤੋ ਨੇ ਚਾ ਹਿਸਾਬ ਮੇਰਾ
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੀਤਾ ਅੰਦਰੋਂ ਜੀ ਕਬਾਬ ਮੇਰਾ
ਵਾਰਸਸ਼ਾਹ ਦਾ ਜਿਗਰ ਦੋ ਖੱਨ ਹੋਇਆ ਸਭ ਵੇਖਕੇ ਹਾਲ ਖਰਾਬ ਮੇਰਾ

ਹੋਰ

ਤੁਸਾਂ ਜੇਹੈ ਮਾਸ਼ੂਕ ਜੇ ਥੀਣ ਰਾਜੀ ਮੰਗੂ ਨੈਣਾਂ ਦੀ ਧਾਰ ਵਿਚ ਚਾਰੀਏ ਨੀ
ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ
ਖੁਸ਼ੀ ਨਾਲ ਗ਼ੁਮਾਨ ਨਾ ਰੁੱਝ ਰਹੀਏ ਕੀਤੇ ਕੌਲ ਨਾ ਮਨੋਂ ਵਿਸਾਰੀਏ ਨੀ
ਕਿਥੋਂ ਗੱਲ ਕੀਜੇ ਨਿੱਤ ਨਾਲ ਤੁਸੀਂ ਕੋਈ ਬੈਠ ਵਿਚਾਰ ਵਿਚਾਰੀਏ ਨੀ
ਗੱਲ ਘੱਤ ਜੰਜਾਲ ਜੰਗਾਲ ਮੇਰੇ ਜਾ ਤਿੰਞਣੀ ਵੜੇ ਕੁਆਰੀਏ ਨੀ
ਵਾਰਸਸ਼ਾਹ ਇਹ ਜੱਗ ਤੋਂ ਉੱਠ ਜਾਣਾ ਦਿਲੋਂ ਕਿਬਰ ਹੰਕਾਰ ਨੂੰ ਮਾਰੀਏ ਨੀ

ਕਲਾਮ ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤਿੰਞਣੀ ਨਾਲ ਸਹੇਲੀਆਂ ਦੇ
ਹੋਸਨ ਨਿੱਤ ਬਹਾਰ ਤੇ ਰੰਗ ਗੂੜੇ ਵਿੱਚ ਬੇਲਿਆਂ ਦੇ ਨਾਲ ਬੇਲੀਆਂ ਦੇ
ਸਾਨੂੰ ਰੱਬ ਨੇ ਯਾਰ ਮਿਲਾ ਦਿੱਤਾ ਭੁੱਲ ਗਏ ਪਿਆਰ ਅਲਬੇਲੀਆਂ ਦੇ