ਪੰਨਾ:ਹੀਰ ਵਾਰਸਸ਼ਾਹ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੯)

ਤੇਰਾ ਅਜ ਧਿਆਨ ਅਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ
ਤੇਰੇ ਸੁਰਮੇ ਦੀਆਂ ਧਾੜੀਆਂ ਧੂੜ ਪਈਆਂ ਜਿਵੇਂ ਕਟਕ ਹੈ ਮਾਲ ਤੇ ਆਉਂਦਾ ਨੀ
ਰਾਜਪੂਤ ਮੈਦਾਨ ਵਿੱਚ ਲੜਨ ਤੇਗਾਂ ਅੱਗੇ ਢਾਡੀਆਂ ਦਾ ਪੁਤ੍ਰ ਗਾਉਂਦਾ ਨੀ
ਰੁੱਖ ਹੋਰ ਦਾ ਹੋਰ ਅੱਜ ਦਿੱਸੇ ਤੇਰਾ ਕਾਰਾ ਨਵਾਂ ਕੋਈ ਨਜ਼ਰ ਆਉਂਦਾ ਨੀ
ਤੇਰਾ ਇਸ਼ਕ ਮੈਦਾਨ ਹੁਣ ਆ ਲੱਥਾ ਚਾ ਨਜ਼ਰ ਤੇਰਾ ਨਵਾਂ ਆਉਂਦਾ ਨੀ
ਅੱਜ ਆਖਦੇ ਨੇ ਵਾਰਸਸ਼ਾਹ ਹੋਰੀ ਖੇੜਾ ਕੌਣ ਕੋਈ ਕਿੱਸ ਥਾਉਂਦਾ ਨੀ

ਕਲਾਮ ਹੀਰ

ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਯਾ ਅੱਜ ਕੰਮ ਤੇ ਜੀਊ ਨਾ ਲੱਗਦਾ ਏ
ਭੁੱਲੀ ਵਿੱਸਰੀ ਬੂਟੀ ਮੈਂ ਲੰਘ ਗਈ ਇੱਕੇ ਪਿਆ ਭੁਲਾਉੜਾ ਠੱਗਦਾ ਏ
ਤਿਉਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਅਲੰਬੜਾ ਅੱਗਦਾ ਏ
ਅੱਜ ਯਾਦ ਆਏ ਮੈਨੂੰ ਸੋਈ ਸੱਜਣ ਜੈਂਦਾ ਮਗਰ ਉਲਾਂਭੜਾ ਜੱਗਦਾ ਏ
ਖੁਲ੍ਹ ਖੁਲ੍ਹ ਜਾਂਦੇ ਬੰਦ ਦੋਲੜੀ ਦੇ ਅੱਜ ਗਲੇ ਮੇਰੇ ਕੋਈ ਲੱਗਦਾ ਏ
ਘਰ ਬਾਰ ਵਿੱਚੋਂ ਡਰ ਆਉਂਦਾ ਏ ਜਿਵੇਂ ਦਿਸੇ ਤਤਾਰਚਾ ਵੱਗਦਾ ਏ
ਇੱਕੇ ਜੋਬਨੇ ਨੇ ਅੱਜ ਠਾਠ ਦਿੱਤੀ ਬੂੂੰਬਾ ਆਉਂਦਾ ਪਾਣੀ ਤੇ ਝੱਗਦਾ ਏ
ਵਾਰਸਸ਼ਾਹ ਬੁਲਾ ਨਾ ਮੂਲ ਸਾਨੂੰ ਮੈਨੂੰ ਭੱਲਾ ਨਾਹੀਂ ਕੋਈ ਲੱਗਦਾ ਏ

ਕਲਾਮ ਰਾਇਬਾਂ ਸ਼ੈਰਫਾਂ

ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ ਚੋਰ ਯਾਰ ਫੜੇ ਗੁਨਹਗਾਰੀਆਂ ਨੂੰ
ਭਾਬੀ ਅੱਜ ਤੇਰੇ ਨਾਲ ਬਣੀ ਓਹੋ ਦੁੱਧ ਹੱਥ ਲੱਗਾ ਦੂਧਾ ਧਾਰੀਆਂ ਨੂੰ
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ੱਤ ਬਣੇ ਵਾਢ ਮਿਲਦੀਏ ਜੋਬਨ ਕਟਾਰੀਆਂ ਨੂੰ
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ
ਤੇਰੇ ਜੋਬਨ ਦਾ ਰੰਗ ਕਿੱਸ ਲੁੱਟ ਲਿਆ ਹਨੂੰਮਾਨ ਜਿਉਂ ਲੰਕ ਉਤਾਰੀਆਂ ਨੂੰ
ਹੱਥ ਲੱਗ ਗਈ ਸੈਂ ਕਿਸੇ ਯਾਰ ਤਾਈਂ ਜਿਉਂ ਕਸਤੂਰੀ ਦੇ ਭਾਉ ਬਪਾਰੀਆਂ ਨੂੰ
ਘਰੋਂ ਟੁਰਨ ਲੱਗੀ ਮਸਾਂ ਪੈਰ ਪੁੱਟੇ ਆਈਓਂ ਚੜ੍ਹਤਲਾਂ ਕੱਢ ਤਿਆਰੀਆਂ ਨੂੰ
ਗਈ ਹੋਰਸੈੈਂ ਹੋਰ ਕੁੱਝ ਹੋ ਆਈ ਏਂ ਗੱਚ ਕਰੇ ਮਿਮਾਰ ਜਿਉਂ ਬਾਰੀਆਂ ਨੂੰ
ਤੇਰੀ ਤ੍ਰੱਕੜੀ ਦੀਆਂ ਕਸਾਂ ਢਿੱਲੀਆ ਨੇ ਕਿਸੇ ਤੋਲਿਆ ਲੌਂਗ ਸਪਾਰੀਆਂ ਨੂੰ
ਅਜਸਿਕਦਯਾਂ ਕੁਆਰੀਆਂ ਕਰਮ ਖੁਲ੍ਹੇ ਜੋ ਸੀ ਢੂੰਡਦੀ ਰਹੀ ਨਿੱਤ ਯਾਰੀਆਂ ਨੂੰ
ਚੂੜੇ ਬੀੜੇ ਤੇ ਹਾਰ ਸ਼ਿੰਗਾਰ ਟੁੱਟੇ ਠੋਕਰ ਲੱਗ ਗਈ ਮੀਨਾ ਕਾਰੀਆਂ ਨੂੰ
ਖੁਲ੍ਹੇ ਭਾ ਸੌਦਾਗ਼ਰਾਂ ਵਣਜ ਕੀਤੇ ਘਾਟ ਪਈ ਦਲਾਲ ਬਜ਼ਾਰੀਆਂ ਨੂੰ
ਵਾਰਸਸ਼ਾਹ ਜਿਨ੍ਹਾਂ ਮਿਲੇ ਅਤਰ ਸ਼ੀਸ਼ੇ ਉਨ੍ਹਾਂ ਕੀ ਕਰਨਾ ਫੌਜਦਾਰੀਆਂ ਨੂੰ