ਪੰਨਾ:ਹੀਰ ਵਾਰਸਸ਼ਾਹ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੫

ਰਾਂਝਾ ਜੀਉ ਦੇ ਵਿਚ ਯਕੀਨ ਕਰਕੇ ਮਹਿਰ ਚੂਚਕੇ ਪਾਸ ਸਿਧਾਰਿਆ ਈ
ਅਗੇ ਪੈਂਚਨੀ ਹੋ ਕੇ ਹੀਰ ਚੱਲੀ ਕੋਲ ਰਾਂਝੇ ਨੂੰ ਆ ਖਲ੍ਹਾਰਿਆ ਈ
ਕਰਕੇ ਕਸਮ ਸੁਗੰਧ ਇਕਰਾਰ ਸੱਚਾ ਇਹੋ ਕੌਲ ਜ਼ਬਾਨ ਪੁਕਾਰਿਆ ਈ
ਵਾਰਸਸ਼ਾਹ ਹੁਣ ਵੇਖ ਲੈ ਹੀਰ ਜੱਟੀ ਕੇਹਾ ਇਸ਼ਕ ਦਾ ਮਕਰ ਪਸਾਰਿਆ ਈ

ਹੀਰ ਨੇ ਆਪਣੇ ਬਾਪ ਅਗੇ ਰਾਂਝੇ ਦੀ ਤਾਰੀਫ਼ ਕਰਨੀ

ਹੀਰ ਜਾਇਕੇ ਆਖਦੀ ਬਾਬਲਾ ਵੇ ਤੇਰੇ ਨਾਮ ਤੋਂ ਘੋਲ ਘੁਮਾਈਆਂ ਮੈਂ
ਜਿਸ ਆਪਣੇ ਰਾਜ ਦੇ ਹੁਕਮ ਅੰਦਰ ਸਾਂਦਲ ਬਾਰ ਦੇ ਵਿੱਚ ਖਿਡਾਈਆਂ ਮੈਂ
ਲਾਸਾਂ ਪੱਟ ਦੀਆਂ ਪਾਕੇ ਬਾਗ ਕਾਲੇ ਪੀਘਾਂ ਸ਼ੌਕ ਦੇ ਨਾਲ ਪਿੰਘਾਈਆਂ ਮੈਂ
ਜੇ ਤਾਂ ਨਾਜ਼ ਦੇ ਨਾਲ ਮੈਂ ਨੀਂਦ ਕੀਤੀ ਤਾਂ ਭੀ ਕਿਸੇ ਨਾ ਮੂਲ ਜਗਾਈਆਂ ਮੈਂ
ਮੇਰੀ ਜਾਨ ਬਾਬਲ ਜੀਵੇ ਢੋਲ ਰਾਜਾ ਮਾਹੀ ਮਹੀਂ ਦਾ ਡੂੰਢ ਲਿਆਈਆਂ ਮੈਂ
ਵਾਰਸਸ਼ਾਹ ਪਿਆਰੜਾ ਸੋਧ ਆਂਦਾ ਗੱਲਾਂ ਥੋੜੀਆਂ ਦਾ ਮੁਕਾਈਆਂ ਮੈਂ

ਬਾਪ ਬੇਟੀ ਦਾ ਮਸ਼ਵਰਾ

ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ ਏਹ ਮੁੰਡੜਾ ਕਿੱਸ ਸਰਦਾਰ ਦਾ ਏ
ਹਥ ਲਾਇਆਂ ਪਿੰਡੇ ਤੇ ਦਾਗ ਪੈਂਦਾ ਏਹ ਮਹੀਂ ਦੇ ਨਹੀਂ ਦਰਕਾਰ ਦਾ ਏ
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮਹੀਂ ਬਹੁਤ ਸੰਭਾਲ ਕੇ ਚਾਰ ਦਾ ਏ
ਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਙ ਤੇ ਮੂਲ ਨਾ ਮਾਰ ਦਾ ਏ
ਮਾਲ ਆਪਦਾ ਜਾਣਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਗਵਾਰ ਦਾ ਏ
ਵਸੇ ਨੂਰ ਅਲਾਹ ਦਾ ਮੁਖੜੇ ਤੇ ਮੂੰਹੋਂ ਰੱਬ ਹੀ ਰੱਬ ਚਿਤਾਰਦਾ ਏ
ਵਿੱਚ ਕਾਰ ਹੁਸ਼ਿਆਰ ਦਿਨ ਰਾਤ ਰਹਿੰਦਾ ਰਹੀ ਖੁਹੀ ਨਾ ਮੁਲ ਵਿਸਾਰਦਾ
ਸਭਾ ਰਹੀਆਂ ਰਹੁੰਣੀਆਂ ਖੁੱਭੀਆਂ ਨੂੰ ਕੱਢ ਖੋਭਿਉ ਫੇਰ ਮੁੜ ਤਾਰਦਾ ਏ
ਨਾਲੇ ਸੂਰਤ ਦਾ ਬਹੁਤ ਮਲੂਕ ਦਿਸੇ ਨਾਲੇ ਬਹੁਤ ਹੀ ਅਕਲ ਵਿਚਾਰਦਾ ਏ
ਵਾਰਸ ਜਿਨ੍ਹਾਂ ਨੂੰ ਹੋਰ ਨਾ ਤਾਂਘ ਕੋਈ ਕੰਮ ਤਿਨ੍ਹਾਂ ਦੇ ਆਪ ਸਵਾਰਦਾ ਦੇ

ਕਲਾਮ ਚੂਚਕ

ਕਿਹੜੇ ਚੌਧਰੀ ਦਾ ਪੁੱਤ ਕੌਣ ਜਾਤੋਂ ਕਿਹਾ ਅਕਲ ਸ਼ਹੂਰ ਦਾ ਕੋਟ ਹੈ ਨੀ
ਕੀਕੂ ਰਿਜਕ ਨੇ ਆਣ ਉਦਾਸ ਕੀਤਾ ਕਿਹੜੇ ਪੀਰ ਦੀ ਏਸ ਨੂੰ ਓਟ ਹੈ ਨੀ
ਫੌਜਦਾਰ ਵਾਂਗੂ ਕੱਰ ਕੂਚ ਧਾਣਾ ਜਿਵੇਂ ਮਾਰ ਨਗਾਰੇ ਦੀ ਚੋਟ ਹੈ ਨੀ
ਕਿਨ੍ਹਾਂ ਜੱਟਾਂ ਦਾ ਪੁਤਰ ਹੈ ਕੌਣ ਕੋਈ ਕੇੜ੍ਹੀ ਗੱਲ ਦੀ ਏਸਨੂੰ ਤ੍ਰੋਟ ਹੈ ਨੀ
ਵਤਨ ਏਸਦਾ ਜ਼ਾਤ ਤਹਿਹੀਕ ਕਰਨੀ ਇਹ ਗਲ ਨਾ ਸੁਟਨੀ ਸੋਟ ਨੀ
ਸੂਰਤ ਸ਼ਕਲ ਫਰਿਸ਼ਤਿਆਂ ਵਾਂਗ ਇਹਦੀ ਨੱਢਾ ਜਾਪਦਾ ਏ ਉਮਰ ਛੋਟ ਹੈ ਨੀ