ਪੰਨਾ:ਹੀਰ ਵਾਰਸਸ਼ਾਹ.pdf/318

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩oo)

ਸੋਝਾ ਮਾਲ ਦਾ ਲਿਆ ਸੂ ਚੋਰ ਕੋਲੋਂ ਮੱਤ ਸੈਦੇ ਦੀ ਕੁੱਲ ਗਵਾਈਆ ਸੂ
ਮਕਰ ਨਾਲ ਫ਼ਰੇਬ ਲਿਆ ਅੰਦਰ ਤੋਹਮਤ ਓਸਨੂੰ ਤਾਹੀਏਂ ਲਾਈਆ ਸੂ
ਵਾਰਸ ਰੱਬ ਨੂੰ ਛੱਡ ਕੇ ਪਿਆ ਝੰਜਟ ਏਵੇਂ ਰਾਇਗਾਂ ਉਮਰ ਗਵਾਈਆ ਸੂ

ਸੈਦੇ ਨੇ ਕਸਮ ਖਾਨੀ

ਖੇੜੇ ਨਿਸ਼ਾ ਦਿੱਤੀ ਅਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ
ਮਰਾਂ ਹੋਇਕੇ ਏਸ ਜਹਾਨ ਕੋਹੜਾ ਕਦੇ ਸੂਰਤ ਜੇ ਡਿੱਠੀ ਹੈ ਹੀਰ ਦੀ ਜੀ
ਸਾਨੂੰ ਹੀਰ ਜੱਟੀ ਧੌਲੀ ਧਾਰ ਦਿਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀ
ਲੰਕਾ ਕੋਟ ਪਹਾੜ ਦਾ ਪਾਰ ਦਿਸੇ ਫਰਿਹਾਦ ਨੂੰ ਨਹਿਰ ਜੋ ਸ਼ੀਰ ਦੀ ਜੀ
ਦੂਰੋਂ ਵੇਖਕੇ ਫਾਤਿਆ ਆਖ ਛੱਡਾਂ ਗੁਰੂ ਪੀਰ ਪੰਜਾਬ ਦੇ ਪੀਰ ਦੀ ਜੀ
ਸਾਨੂੰ ਕਹਿ ਕਹਾ ਕੰਧ ਦੇ ਵਾਂਗ ਦਿੱਸੇ ਢੁਕਾਂ ਨੇੜੇ ਤੇ ਕਾਲਜਾ ਚੀਰਦੀ ਜੀ
ਉਸਦੀ ਝਾਲ ਨਾ ਅਸਾਂ ਥੀਂ ਜਾਏ ਝੱਲੀ ਝਾਲ ਕੌਣ ਝੱਲੇ ਜੱਟੀ ਹੀਰ ਦੀ ਜੀ
ਲੋਕ ਆਖਦੇ ਹੁਸਨ ਦਰਿਆ ਵੱਗੇ ਸਾਨੂੰ ਖ਼ਬਰ ਨਾ ਓਸਦੇ ਨੀਰ ਦੀ ਜੀ
ਲਈਏ ਮੁੱਖ ਤੇ ਆਖ ਅਖਾ ਭਾਈ ਪਿੱਛੇ ਗੀਬਤ ਉਹ ਕਰੇ ਨਾ ਕੀਰ ਦੀ ਜੀ
ਭੈਂਸ ਮਾਰਕੇ ਤੇ ਸਿੰਗ ਨਾਦ ਢੋਈ ਏਵੇਂ ਹਵਸ ਗਈ ਦੁੱਧ ਖੀਰ ਦੀ ਜੀ
ਖਲਕਤ ਆਖਦੀ ਸੈਦੇ ਵਿਆਹ ਆਂਦੀ ਮੇਲ ਹੋਏ ਨਾ ਅੰਗ ਸਰੀਰ ਦੀ ਜੀ
ਲੋਕ ਆਖਦੇ ਹੈਣ ਅਪਰਾਧ ਲੁੱਟੀ ਅਸਾਂ ਨਾ ਡਿੱਠੀ ਸੂਰਤ ਹੀਰ ਦੀ ਜੀ
ਅਸੀਂ ਝੂਠ ਨਾ ਬੋਲੀਏ ਜੋਗੀਆਂ ਤੇ ਖਿਆਨਤ ਨਾ ਕਰੀਏ ਮੀਰ ਪੀਰ ਦੀ ਜੀ
ਵਾਰਸਸ਼ਾਹ ਇਹ ਖਾਬ ਖ਼ਿਆਲ ਵਾਂਗੂੰ ਜੱਗ ਸ਼ੀਰਨੀ ਜਾਨ ਤੇ ਸ਼ੀਰ ਦੀ ਜੀ

ਕਲਾਮ ਜੋਗੀ

ਜੋਗੀ ਰੱਖ ਕੇ ਅੱਖ ਦੇ ਨਾਲ ਗ਼ੈਰਤ ਕੱਢ ਅਖੀਆਂ ਰੋਹ ਪਲੱਟਿਆ ਏ
ਇਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਓਂ ਸੁਆਹ ਵਿੱਚ ਸੁੱਟਿਆ ਏ
ਸਣੇ ਜੁੱਤੀਆਂ ਚੌਂਕੇ ਦੇ ਵਿੱਚ ਆਵੇਂ ਸਾਡਾ ਧਰਮ ਤੇ ਨੇਮ ਸਭ ਪੱਟਿਆ ਏ
ਵੇਖੋ ਜੋਗੀ ਹੁਣ ਸੈਦੇ ਦੇ ਨਾਲ ਕਰਦਾ ਜਿਵੇਂ ਕਾਗ ਨੇ ਮੋਰ ਨੂੰ ਫੱਟਿਆ ਏ
ਲੁੱਟ ਪੁੱਟ ਕੇ ਮਾਲ ਨਖੁੁੱਟਿਆ ਏ ਕੁੁੱਟ ਫਾਟ ਕੇ ਖੋਹ ਘਸੁੁੱਟਿਆ ਏ
ਬੁਰਾ ਬੋਲਦਾ ਨੀਰ ਪਲੱਟ ਅੱਖੀਂ ਜਿਹਾ ਬਾਣੀਆਂ ਸ਼ਹਿਰ ਵਿਚ ਲੁੱਟਿਆ ਏ
ਪਕੜ ਸੈਦੇ ਨੂੰ ਨਾਲ ਪਹੌੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁੱਟਿਆ ਏ
ਤੋੜ ਲੱਤਾਂ ਪਹੌੜੀਆਂ ਨਾਲ ਜੁੱਤੀ ਧੌਣ ਸੇਕੀਆ ਨਾਲ ਗਰਭੁੱਟਿਆ ਏ
ਮੌਰ ਪਸਲੀਆਂ ਭੰਨ ਕੇ ਚੂਰ ਕੀਤਾ ਵਾਂਗੂੰ ਜ਼ਾਲਮਾਂ ਜ਼ੁਲਮ ਤੇ ਜੁੱਟਿਆ ਏ
ਹੱਥਾਂ ਮੁੱਕੀਆਂ ਨਾਲ ਬੇਹਾਲ ਕੀਤਾ ਲੱਕ ਭੰਨ ਮਰੋੜ ਕੇ ਸੁੱਟਿਆ ਏ