ਪੰਨਾ:ਹੀਰ ਵਾਰਸਸ਼ਾਹ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੩)

ਨੀਂਦ ਗਫਲਤ ਦੇ ਵਿਚ ਦਰਾਜ ਹੋਏ ਸਾਇਤ ਬੁਰੀ ਨੂੰ ਜਾਣਕੇ ਛੇੜਿਆ ਏ
ਦੋਹਾਂ ਹੋਸ਼ ਨਾਂ ਮੂਲ ਵਿਚਾਰ ਕੀਤੀ ਜਾਣ ਬੁੱਝ ਕੇ ਦੁਖ ਸਹੇੜਿਆ ਏ
ਕੌਣ ਮੋੜੇ ਰਜ਼ਾ ਖ਼ੁਦਾਅ ਦੀ ਨੂੰ ਅਗੇ ਕਿਸੇ ਨੇ ਮੁਲ ਨਾ ਮੋੜਿਆ ਏ
ਵਾਰਸਸ਼ਾਹ ਓਥੇ ਸੌਂ ਗਏ ਦੋਵੇਂ ਦੁੱਖਾਂ ਆਣਕੇ ਪੱਲੜਾ ਫੇਰਿਆ ਏ

ਖੇੜਿਆਂ ਨੇ ਹੀਰ ਅਤੇ ਰਾਂਝੇ ਨੂੰ ਕੈਦ ਕਰਨਾ

ਵਾਹਰਾਂ ਦੂਜੀਆਂ ਰਾਂਝੇ ਨੂੰ ਆਣ ਮਿਲੀਆਂ ਸੁੱਤਾ ਪਿਆ ਉਜਾੜ ਵਿਚ ਘੇਰਿਓ ਨੇ
ਡੰਡੇ ਮਾਰ ਦੇ ਬਰਛੀਆਂ ਫੇਰ ਦੇ ਨੀ ਘੋੜੇ ਵਿੱਚ ਮੈਦਾਨ ਦੇ ਫੇਰਿਓ ਨੇ
ਸਿਰ ਹੀਰ ਦੇ ਪੱਟ ਤੇ ਰੱਖ ਸੁੱਤਾ ਸੱਪ ਗੰਜ ਖਜਾਨਿਓਂ ਛੇੜਿਓ ਨੇ
ਸੁੱਤਾ ਪਕੜਿਆਂ ਕੁੱਝ ਨਾ ਵੱਸ ਚੱਲੇ ਸ਼ਾਮਤ ਨਫਸ ਦੀ ਆਨ ਲਵੇੜਿਓ ਨੇ
ਹੀਰ ਪਕੜ ਲਈ ਰਾਂਝਾ ਕੈਦ ਹੋਇਆ ਜੁੜੇ ਜੋਗੀ ਨੂੰ ਆਣ ਨਖੇੜਿਓ ਨੇ
ਲਾਹ ਸੇਲ੍ਹੀਆਂ ਬੰਨ੍ਹਕੇ ਹੱਥ ਦੋਵੇਂ ਪਿੰਡਾ ਚਾਬਕਾਂ ਨਾਲ ਉਚੇੜਿਓ ਨੇ
ਜੱਟ ਸੈਦੇ ਨੂੰ ਦੁੱਖ ਫਹੌੜੀਆਂ ਦਾ ਮੁਸ਼ਕਾਂ ਬੰਨ੍ਹਕੇ ਚਾ ਨਬੇੜਿਓ ਨੇ
ਜੇਡਾ ਵੱਸ ਚੱਲੇ ਬੰਦਾ ਲਾ ਲੈਂਦਾ ਵੇਖੋ ਆਸ਼ਕਾਂ ਦੁੱਖ ਸਹੇੜਿਓ ਨੇ
ਓਸ ਵਕਤ ਹਿਸਾਬ ਨੂੰ ਰੋਜ ਕਿਆਮਤ ਸੋਈ ਮਿਲੇਗਾ ਜੋ ਕੁੱਝ ਵੇੜ੍ਹਿਓ ਨੇ
ਹੱਥੋ ਹੱਥ ਬਦਲਾ ਝੋਲੀ ਰੱਬ ਪਾਇਆ ਰਲਿਆ ਆਪਣਾ ਸੱਭ ਨਿਖੇੜਿਓ ਨੇ
ਹੀਰ ਆਖਿਆ ਰਾਂਝਿਆ ਸਬਰ ਕਰੀਂ ਅਸਾਂ ਆਜਜ਼ਾਂ ਤੇ ਦੁੱਖ ਖੇੜਿਓ ਨੇ
ਰੱਬਾ ਬੰਦੇ ਦੇ ਵੱਸ ਨਾ ਪਾਈਂ ਬੰਦਾ ਰੱਖੀਂ ਰਿਫਜ ਅਮਾਨ ਸਹੇੜਿਓ ਨੇ
ਰਾਂਝੇ ਚਾਕ ਦੇ ਨਾਲ ਦੋ ਹੱਥ ਕੀਤੇ ਅਤੇ ਹੀਰ ਨੂੰ ਦੱਬ ਦਰੇੜਿਓ ਨੇ
ਵਾਰਸਸ਼ਾਹ ਫ਼ਕੀਰ ਅਲਾਹ ਦੇ ਨੂੰ ਮਾਰ ਮਾਰ ਕੇ ਚਾ ਖਦੇੜਿਓ ਨੇ

ਕਲਾਮ ਹੀਰ

ਹੀਰ ਆਖਿਆ ਸੁਤੇ ਜੋ ਸਭ ਮੁਠੇ ਨੀਂਦ ਮਾਰਿਆ ਰਾਜਿਆਂ ਰਾਣਿਆਂ ਨੂੰ
ਨੀਂਦ ਵੱਲੀ ਤੇ ਗੌੌਂਸ ਤੇ ਕੁਤਬ ਮਾਰੇ ਨੀਂਦ ਮਾਰਿਆ ਰਾਹ ਭਦਾਣਿਆਂ ਨੂੰ
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ
ਨੀਂਦ ਹਸਨ ਹੁਸੈਨ ਸ਼ਹੀਦ ਕੀਤੇ ਕੁੱਠਾ ਕਰਬਲਾ ਵਿੱਚ ਸ਼ਹਾਣਿਆਂ ਨੂੰ
ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈਂ ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ
ਨੀਂਦ ਜਿਬ੍ਹਾ ਕੀਤਾ ਅਸਮਾਈਲ ਤਾਈਂ ਯੂਸਫ ਪੇਟ ਮਛੀ ਵਿੱਚ ਪਾਣਿਆਂ ਨੂੰ
ਨੀਂਦ ਪੁੱਤ ਯਕੂਬ ਦਾ ਖੂਹ ਪਾਇਆ ਸੁਣਿਆ ਹੋਸੀਆ ਯੂਸਫ ਦੇ ਵਾਣਿਆਂ ਨੂੰ
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ