ਪੰਨਾ:ਹੀਰ ਵਾਰਸਸ਼ਾਹ.pdf/337

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੯)

ਛੈਲ ਨੱਢੜੀ ਵੇਖਕੇ ਗਿਰਦ ਹੋਯਾ ਹਿਲਿਆ ਹੋਯਾ ਸਯਾਲਾਂ ਦੀਆਂ ਗੋਲੀਆਂ ਦਾ
ਮਹੀਂ ਚਾਰਕੇ ਮੱਚਿਆ ਦਾਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁੱਤ ਆਖਦੇ ਸੱਨ ਪਿਛਲਗ ਹਜ਼ਾਰੇ ਦੀਆਂ ਲੋਲੀਆਂ ਦਾ
ਅਦਲ ਕਰੀਂ ਜੋ ਉਮਰ ਖ਼ਤਾਬ ਕੀਤਾ ਹੱਥ ਵੱਢਨਾ ਝੂਠਿਆਂ ਰੋਲੀਆਂ ਦਾ
ਨੌਸ਼ੇਰਵਾਂ ਗੱਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੋਲੀਆਂ ਦਾ
ਨਾਦ ਖੱਪਰੀ ਠੱਗੀ ਦੀ ਬਾਤ ਸਾਰੀ ਚੇਤਾ ਕਰੇਂ ਧਿਆਨ ਤੂੰ ਝੋਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿੰਮ ਦਾ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਇਕੇ ਪੱਟ ਵਾਹੇ ਸਰਦਾਰ ਹੈ ਬੜੇ ਕਸਬੋਲੀਆਂ ਦਾ
ਭੇਸ ਫ਼ਕਰ ਦਾ ਪਹਿਣ ਕੇ ਠੱਗ ਫਿਰਦਾ ਵਲੀ ਬਣੇ ਮਦਾਰ ਭਲੋਲੀਆਂ ਦਾ
ਹੋਰ ਲੌਂਗ ਲਿਆ ਵਿਖਾਂਵਦਾ ਏ ਕਰੇ ਇਹ ਜਾਫਲ ਚਾ ਮਮੋਲੀਆਂ ਦਾ
ਤਾਰੇ ਤੋੜਦਾ ਨਾਲ ਇਹ ਜਾਦੂਆਂ ਦੇ ਅਤੇ ਵੱਡਾ ਉਸਤਾਦ ਭਗੋਲੀਆਂ ਦਾ
ਅੰਬ ਬੀਜ ਤਨੂਰ ਵਿੱਚ ਕਰੇ ਹਰਿਆ ਬਣੇ ਮੱਕਿਓਂ ਬਾਲਕਾ ਔਲੀਆਂ ਦਾ
ਵਾਰਸਸ਼ਾਹ ਸਭ ਗੈਬ ਦਾ ਰੱਬ ਮਹਿਰਮ ਐਵੇਂ ਸਾਂਗ ਹੈ ਪਕੜਿਆ ਪੋਲੀਆਂ ਦਾ

ਕਲਾਮ ਕਾਜ਼ੀ

ਕਾਜ਼ੀ ਆਖਿਆ ਦੱਸ ਫ਼ਕੀਰ ਸਾਈਂ ਅਤੇ ਜ਼ਾਹਦ ਹਾਲ ਜੋ ਤੇਰੜੇ ਓਏ
ਅਜ਼ਗੈਬ ਦੀ ਖ਼ਬਰ ਨਾ ਜਾਣਨੇ ਹਾਂ ਸ਼ਰਹ ਜ਼ਾਹਰ ਪਰੱਸਤ ਸਵੇਰੜੇ ਓਏ
ਬਾਝ ਸ਼ਾਹਦਾਂ ਨਹੀਂ ਰਵਾ ਤੈਨੂੰ ਸ਼ਾਹਦ ਬਾਝ ਨਾ ਹੋਣ ਨਬੇਰੜੇ ਓਏ
ਅਸਾਂ ਸ਼ਰਹ ਸ਼ਰੀਫ ਦਾ ਹੁਕਮ ਕਰਨਾ ਛੱਡ ਝੂਠ ਦੇ ਸੱਭ ਬਖੇਰੜੇ ਓਏ
ਜਿਸ ਸ਼ਰਹ ਸ਼ਰੀਫ ਨੂੰ ਮੰਨ ਲਿਆ ਹੋਵਣ ਆਕਬਤ ਉਸ ਨਬੇਰੜੇ ਓਏ
ਕਰ ਫੈਸਲਾ ਖਰਜਸ਼ ਨੂੰ ਮੀਆਂ ਵਾਰਸ ਝੱਬ ਆਖ ਸੁਣਾ ਸਹੇਰੜੇ ਓਏ

ਕਲਾਮ ਜੋਗੀ

ਰਾਂਝੇ ਆਖਿਆ ਇਹ ਸੁਣ ਅਰਜ਼ ਮੇਰੀ ਤੈਨੂੰ ਆਂਵਦਾ ਇਲਮ ਅਸੂਲ ਮੀਆਂ
ਕਰ ਅਮਲ ਤੂੰ ਓਸ ਤੇ ਮੀਆਂ ਕਾਜ਼ੀ ਜਿਹੜਾ ਨੱਸ ਦੇ ਵਿੱਚ ਨਜੂਲ ਮੀਆਂ
ਰਾਹ ਇਸ਼ਕ ਦਾ ਆਸ਼ਕਾਂ ਮੰਨ ਲਿਆ ਜਿਹੜਾ ਮੰਨਿਆ ਨਬੀ ਰਸੂਲ ਮੀਆਂ
ਕਾਲੂ ਬਲਾ ਦੇ ਰੋਜ਼ ਦਾ ਕੌਲ ਬੱਧਾ ਮੇਰਾ ਹੀਰ ਦੇ ਨਾਲ ਕਬੂਲ ਮੀਆਂ
ਓਸੇ ਕੌਲ ਪਿੱਛੇ ਰੂਹ ਮਿਲਣ ਆਪੇ ਵਿੱਸਵਾਸ਼ ਦੇ ਵਿੱਚ ਰਸੂਲ ਮੀਆਂ
ਅੰਦਰ ਲੋਹ ਤੇ ਕਲਮ ਦੇ ਲਿੱਖ ਛਡਿਆ ਰੂਹਾਂ ਰੂਹਾਂ ਦਾ ਮੇਲ ਮਲੂਲ ਮੀਆਂ
ਉਨ੍ਹਾਂ ਆਸ਼ਕਾਂ ਇਸ਼ਕ ਅਲਾਹ ਦਾ ਏ ਜੈਂਦਾ ਮੰਨਿਆ ਰੱਬ ਮਾਮੂਲ ਮੀਆਂ