ਪੰਨਾ:ਹੀਰ ਵਾਰਸਸ਼ਾਹ.pdf/340

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੨)

ਵਾਰਸਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹੇ ਲਾਹੌਲ ਸ਼ੈਤਾਨ ਯਾਰੋ

ਕਲਾਮ ਜੋਗੀ

ਰਾਂਝਾ ਆਖਦਾ ਜਾਹ ਕੀ ਵੇਖਨੀ ਏਂ ਬੁਰਾ ਮੌਤ ਥੀਂ ਇਹ ਵਿਜੋਗ ਹੈ ਨੀ
ਪਏ ਧਾੜਵੀ ਲੈ ਚਲੇ ਲੁੱਟ ਮੈਨੂੰ ਇਹ ਦੁੱਖ ਕੀ ਜਾਣਦਾ ਲੋਗ ਹੈ ਨੀ
ਖਾਲੀ ਹੱਥ ਜੋ ਮੁਲਕ ਵਿੱਚ ਫਿਰੇ ਭੌਂਦਾ ਯਾਰ ਓਸਦਾ ਕੋਈ ਨਾ ਹੋਗ ਹੈ ਨੀ
ਜਿਹਨੂੰ ਉਮਰਦਾ ਵਾਇਦਾ ਪਿਆ ਹੋਯਾ ਉਸਤੋਂ ਕੁਝ ਅਹਿਸਾਨ ਨਾ ਸੋਗ ਹੈ ਨੀ
ਪਲੇ ਦੱਮ ਨਾਹੀਂ ਦਿਆਂ ਹਾਕਮਾਂ ਨੂੰ ਜਿਨ੍ਹਾਂ ਮਾਮਲਾ ਕੁੱਝ ਨਾ ਜੋਗ ਹੈ ਨੀ
ਓੜਕ ਆਵਣਾ ਏਂ ਇੱਕ ਵਕਤ ਹੀਰੇ ਇੱਕ ਦੂਏ ਨੂੰ ਪੁੱਛ ਖਲੋਗ ਹੈ ਨੀ
ਮਿਲੀ ਓਸਨੂੰ ਹੀਰ ਤੇ ਸੂਲ ਮੈਨੂੰ ਤੇਰੇ ਨਾਮ ਦਾ ਅਸਾਂ ਨੂੰ ਰੋਗ ਹੈ ਨੀ
ਬੁਕਲ ਲੇਫਦੀ ਜੱਫੀਆਂ ਵਹੁਟੀਆਂ ਦੀਆਂ ਇਹ ਰਾਤ ਸਿਆਲ ਦਾ ਭੋਗ ਹੈ ਨੀ
ਸੌਂਕਣ ਰੰਨ ਗਵਾਂਢ ਕਪੱਤਿਆਂ ਦਾ ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ
ਖੁਸ਼ੀ ਕਿਵੇਂ ਹੋਵਨ ਮੱਰਦ ਫੁੱਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ
ਜਦੋਂ ਕਦੋਂ ਮਹਿਬੂਬ ਨੇ ਛੱਡਨਾ ਏਂ ਕਾਲਾ ਨਾਗ਼ ਖ਼ੁਦਾਇ ਦਾ ਸੋਗ ਹੈ ਨੀ
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਯਾ ਗੱਲ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ
ਜੇੜ੍ਹਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏਂ ਫੋਗ ਹੈ ਨੀ
ਜੇੜਾ ਹੱਥ ਖਾਲੀ ਫਿਰੇ ਮੁਲਕ ਅੰਦਰ ਯਾਰ ਓਸਦਾ ਕੋਈ ਨਾ ਹੋਗ ਹੈ ਨੀ
ਆਸਮਾਨ ਢਹਿ ਪਵੇ ਤੇ ਨਹੀਂ ਮਰਦੇ ਬਾਕੀ ਜਿਨ੍ਹਾਂ ਜਹਾਨ ਤੇ ਚੋਗ ਹੈ ਨੀ
ਕਾਹਨੂੰ ਤਰਫ਼ ਮੇਰੇ ਹੀਰੇ ਵੇਖਨੀ ਏਂ ਰਾਂਝਾ ਆਖਦਾ ਇਹ ਠੱਗ ਰੋਗ ਹੈ ਨੀ
ਜੋ ਕੁੱਝ ਲਿੱਖਿਆ ਸੀ ਝੋਲੀ ਪਾ ਲਿਆ ਕੀ ਬੈਠਨਾ ਪਾਠ ਪਰਯੋਗ ਹੈ ਨੀ
ਹੀਰ ਖੋਹ ਦਿੱਤੀ ਕਾਜ਼ੀ ਖੇੜਿਆਂ ਨੂੰ ਮੈਨੂੰ ਲੱਗ ਗਈ ਨੇਜੇ ਦੀ ਨੋਕ ਹੈ ਨੀ
ਗਈ ਚੀਜ ਗਰੀਬ ਦੀ ਡਾਢਿਆਂ ਤੇ ਜ਼ੋਰਾਵਰਾਂ ਕੋਲੋਂ ਕਿਹੜਾ ਖੋਗ੍ਹ ਹੈ ਨੀ
ਕਾਂ ਕੂੂੰਜ ਨੂੰ ਮਿਲੇ ਤੇ ਸ਼ੋਰ ਪੈਂਦਾ ਵਾਰਸਸ਼ਾਹ ਇਹ ਧੁਰੋਂ ਸੰਜੋਗ ਹੈ ਨੀ

ਕਲਾਮ ਸ਼ਾਇਰ

ਹਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਰੁੱਠਿਆਂ ਨੂੰ
ਲੱਬ ਯਾਰ ਦੇ ਆਬਹਯਾਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁੱਠਿਆਂ ਨੂੰ
ਤੇਰੀ ਮੇਰੀ ਪ੍ਰੀਤ ਸੀ ਲੜੀ ਐਵੇਂ ਕੌਣ ਮਿਲੇਗਾ ਵਾਹਰਾਂ ਛੁੱਟਿਆਂ ਨੂੰ
ਪਾਕ ਰੱਬ ਹਬੀਬ ਦੀ ਮਿਹਰ ਬਾਝੋਂ ਕੌਣ ਪੁੱਛਦਾ ਖੁੱਥਿਆਂ ਟੁੱਟਿਆਂ ਨੂੰ
ਬਾਝ ਸੱਜਣਾਂ ਪੀੜ ਵੰਡਾਵਿਆਂ ਦੇ ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ