ਪੰਨਾ:ਹੀਰ ਵਾਰਸਸ਼ਾਹ.pdf/346

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੮)

ਅਸਲੀ ਵਤਨ ਦੀ ਜਾ ਸੰਞਾਣਕੇ ਤੇ ਕੱਢੀ ਆਸ਼ਕਾਂ ਆਹ ਤੇ ਊਹ ਮੀਆਂ
ਡਿੱਠੀ ਥਾਂ ਜਿਥੇ ਕੈਦੋ ਫਾਟਿਆ ਸੀ ਨਾਲ ਸਹੇਲੀਆਂ ਬੰਨ੍ਹ ਧਰੂਹ ਮੀਆਂ
ਜਿੱਥੇ ਖੇਡਦੀ ਗਈ ਸੀ ਨਾਲ ਖੁਸ਼ੀਆਂ ਤਕਦੀਰ ਸੁੱਟੀ ਵਿੱਚ ਖੂਹ ਮੀਆਂ
ਜਦੋਂ ਜੰਞ ਆਈ ਘਰ ਖੇੜਿਆਂ ਦੀ ਚੜ੍ਹਿਆ ਤਦੋਂ ਤੂਫਾਨ ਸਿਰ ਨੂਹ ਮੀਆਂ
ਹੀਰ ਆਖਦੀ ਰਾਂਝੇ ਨੂੰ ਹੱਸ ਕੇ ਤੇ ਏਥੇ ਹੋਇਆ ਈ ਮੇਲ ਮਲੂਹ ਮੀਆਂ
ਇਹ ਰਾਂਝਿਆ ਵੇਖ ਤੂੰ ਥਾਂ ਮੀਆਂ ਝੁੁੱਗੀ ਕੈਦੋ ਦੀ ਸੁੱਟੀ ਸੀ ਲੂਹ ਮੀਆਂ
ਵਾਰਸ ਰੋਜ਼ ਅਖੀਰ ਤੇ ਲੱਭ ਲੈਸਣ ਆਪੇ ਆਪਣੇ ਕਾਲਬਾਂ ਰੂਹ ਮੀਆਂ

ਰਾਂਝੇ ਤੇ ਹੀਰ ਨੂੰ ਮਾਹੀਆਂ ਦਾ ਪਛਾਨਣਾ

ਜੂਹ ਵਿੱਚ ਮਾਹੀ ਮਝਾਂ ਚਾਰਦੇ ਸਨ ਰਾਂਝੇ ਹੀਰ ਵਲ ਕਰਨ ਧਿਆਨ ਮੀਆਂ
ਜਦੋਂ ਆਣ ਢੁੱਕੇ ਨੇੜੇ ਮਾਹੀਆਂ ਦੇ ਤਦੋਂ ਦੋਹਾਂ ਨੂੰ ਲਿਆ ਪਛਾਣ ਮੀਆਂ
ਮਾਹੀਆਂ ਪੁਛਿਆ ਰਾਂਝਿਆ ਦੱਸ ਭਾਈ ਤੇਰੇ ਕਿਸ ਪਾੜੇ ਹੈਨ ਕਾਨ ਮੀਆਂ
ਵਾਰਸਸ਼ਾਹ ਤਦੋਕਣੇ ਕੰਨ ਪਾਟੇ ਜਦੋਂ ਲੱਗਾ ਸੀ ਇਸ਼ਕ ਦਾ ਬਾਣ ਮੀਆਂ

ਸਿਆਲਾਂ ਦਾ ਹੀਰ ਤੇ ਰਾਂਝੇ ਨੂੰ ਸਦਣਾ

ਕਹਿਆ ਮਾਹੀਆਂ ਜਾਇਕੇ ਵਿੱਚ ਸਿਆਲੀਂ ਨੱਢੀ ਹੀਰ ਨੂੰ ਚਾਕ ਲਿਆਇਆ ਜੇ
ਦਾੜ੍ਹੀ ਖੇੜਿਆਂ ਦੀ ਸਭੇ ਮੁੰਨ ਸੁਟੀ ਪਾਣੀ ਇੱਕ ਚੁੱਲੀ ਨਹੀਂ ਲਾਇਆ ਜੇ
ਸਿਆਲਾਂ ਆਖਿਆ ਪਰ੍ਹਾਂ ਨ ਜਾਣ ਕਿਧਰੇ ਜਾਕੇ ਨੱਢੜੀ ਨੂੰ ਘਰੀਂ ਲਿਆਇਆ ਜੇ
ਘਰ ਆਪਣੇ ਨੱਢੜੀ ਹੀਰ ਵਾੜੋ ਤਾਈਆਂ ਚਾਚੀਆਂ ਕੋਲ ਬਹਾਇਆ ਜੇ
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ ਨੱਢੀ ਹੀਰ ਨੂੰ ਡੋਲੜੀ ਪਾਇਆ ਜੇ
ਜੋ ਕੁਝ ਹੈਣ ਨਸੀਬ ਸੋ ਦਾਜ ਦੀਜੇ ਸਾਥੋਂ ਤੁਸੀਂ ਭੀ ਚਾ ਲਜਾਇਆ ਜੇ
ਓਧਰ ਹੀਰ ਤੇ ਰਾਂਝੇ ਨੂੰ ਲੈ ਚੱਲੇ ਇਧਰ ਖੇੜਿਆਂ ਦਾ ਨਾਈ ਆਇਆ ਜੇ
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ ਕੋਈ ਖੈਰ ਦਾ ਪੱਜ ਬਣਾਇਆ ਜੇ
ਹੀਰ ਵਿਆਹ ਦਿਤੀ ਮੋਏ ਗਏ ਸਾਥੋਂ ਮੂੰਹ ਧੀ ਦਾ ਨਾ ਵਿਖਾਇਆ ਜੇ
ਮੋਏ ਤੁਸੀਂ ਤੇ ਓਹ ਕਿਸੇ ਖੂੱਹ ਡੁੱਬੀ ਕਹਿਆ ਦੇਸ ਨੇ ਪੁਛਣਾ ਲਾਇਆ ਜੇ
ਓੜਕ ਤੁਸਾਂ ਤੇ ਓਹ ਉਮੈਦ ਆਹੀ ਡੰਡਾ ਸੁਥਰਿਆਂ ਵਾਂਗ ਵਜਾਇਆ ਜੇ
ਜਾਤੋਂ ਮੁੱਢ ਕਦੀਮ ਦੇ ਤੁਸੀ ਹੀਣੇ ਬੈਠ ਧੂੰਏਂ ਦੀ ਸੁਆਹ ਉਡਾਇਆ ਜੇ
ਮਾਲ ਲੁੱਟ ਕੇ ਲਸ਼ਕਰਾਂ ਵੰਡ ਲਏ ਐਵੇਂ ਡੱਗਾ ਕਿਉਂ ਢੋਲ ਤੇ ਲਾਇਆ ਜੇ
ਸਾਡੀ ਧੀ ਨੂੰ ਤੁਸਾਂ ਮੁਕਾ ਸੁੱਟਿਆ ਬਦਲੇ ਓਸਦੇ ਸਾਕ ਦਿਵਾਇਆ ਜੇ
ਸਫ਼ਾਂ ਹੋਣ ਇੱਕਠੀਆਂ ਰੋਜ਼ ਮਹਿਸ਼ਰ ਹੱਥੋ ਹੱਥ ਬਦਲਾ ਤੁਸੀਂ ਪਾਇਆ ਜੇ