ਪੰਨਾ:ਹੀਰ ਵਾਰਸਸ਼ਾਹ.pdf/350

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੨)

ਫਰਜ ਸੁੰਨਤਾਂ ਵਾਜਬਾਂ ਤਰਕ ਕਰਕੇ ਹੱਥ ਜੋੜਦੇ ਪੀਰ ਦੀ ਫ਼ਾਲ ਦੇ ਨੀ
ਇਹ ਸ਼ੈਤਾਨ ਸ਼ਤੂੰਗੜੇ ਵੱਡੇ ਜ਼ਾਲਮ ਲੀੜੇ ਲਾਹੁੰਦੇ ਨੰਗ ਕੰਗਾਲ ਦੇ ਨੀ
ਸਗੋਂ ਪੀਰ ਦੇ ਨਾਮ ਨੂੰ ਲਾਜ ਲਾਈਏ ਉਹ ਰੱਬ ਦਰਗਾਹ ਜਲਾਲ ਦੇ ਨੀ
ਰੰਨਾਂ ਵੇਖ ਮੁਸ਼ਟੰਡਿਆਂ ਹੋਣ ਰਾਜ਼ੀ ਜਦੋਂ ਸਾਈਂ ਹੋਰੀਂ ਡੀਲ ਡਾਲ ਦੇ ਨੀ
ਮਗਰ ਸੇਲ੍ਹੀਆਂ ਟੋਪੀਆਂ ਪਹਿਨ ਬਾਣਾ ਪਗੜ ਉਸਤ੍ਰਾ ਮੁੰਨ ਮੁਨਵਾਲ ਦੇ ਨੀ
ਰੰਨਾਂ ਗਸ਼ਤੀਆਂ ਗੁੰਡੀਆਂ ਗਿਰਦ ਬੈਠਣ ਫ਼ਕਰ ਅੱਡ ਦੇ ਮੁੱਖ ਵਸਾਲ ਦੇ ਨੀ
ਖਾਨਦਾਨ ਇਸ਼ਰਾਫ ਸੱਭ ਗੁੰਮ ਗਏ ਮਾਲਕਜ਼ਾਤ ਕਮਜ਼ਾਤ ਸੱਭ ਕਾਲ ਦੇ ਨੀ
ਇਸ਼ਰਾਫਾਂ ਦੇ ਪੁਤ੍ਰ ਬਣ ਗਏ ਕੰਜਰ ਹੋਏ ਦੌਰ ਜਾਂ ਵਕਤ ਜ਼ਾਵਾਲ ਦੇ ਨੀ
ਨਹਨ ਕੋਈ ਜ਼ਕਾਤ ਫ਼ਨਾਹ ਵਧਿਆ ਇਹ ਨਿਸ਼ਾਨ ਸਭ ਕਹਿਤ ਵਬਾਲ ਦੇ ਨੀ
ਕਾਂ ਬਾਗ ਦੇ ਵਿੱਚ ਕਲੋਲ ਕਰਦੇ ਤਿਤਰ ਮੋਰ ਚਕੋਰ ਭੁਖ ਜਾਲ ਦੇ ਨੀ
ਸਾਨੂੰ ਜੰਨਤੀ ਸਾਥ ਰਵਾਲਣਾਂ ਨਾ ਅਸਾਂ ਆਸਰਾ ਫ਼ਜ਼ਲ ਕਮਾਲ ਦੇ ਨੀ
ਐਵੇਂ ਭੇਸ ਫ਼ਕੀਰ ਦਾ ਪਹਿਨ ਲੈਂਦੇ ਵਾਕਫ ਹੋਣ ਨਾ ਹਾਲ ਤੇ ਕਾਲ ਦੇ ਨੀ
ਜੇੜ੍ਹੇ ਦੋਜ਼ਖਾਂ ਨੂੰ ਬੰਨ੍ਹ ਟੋਰਨੀਗੇ ਵਾਰਸਸ਼ਾਹ ਫਕੀਰ ਦੇ ਨਾਲ ਦੇ ਨੀ

ਕਲਾਮ ਸ਼ਾਇਰ

ਨੱਢੀ ਹੀਰ ਨੂੰ ਹੁਕਮ ਦਾ ਤਾਪ ਚੜ੍ਹਿਆ ਪਈ ਰਾਂਝਣਾ ਯਾਰ ਪੁਕਾਰ ਦੀ ਸੀ
ਝੱਬ ਸੱਦ ਲਿਆਓ ਰਾਂਝਾ ਮਿਲੇ ਮੈਨੂੰ ਆਹ ਇਸ਼ਕ ਦੇ ਸੋਜ਼ ਦੀ ਮਾਰਦੀ ਸੀ
ਕੈਦੋ ਆਖਿਆ ਰਾਂਝੇ ਨੂੰ ਮਾਰ ਸੁੱਟਿਆ ਪਈ ਚਮਕਦੀ ਧਾਰ ਤਲਵਾਰ ਦੀ ਸੀ
ਜੇਤਾਂ ਚੁਪ ਕਰੇਂ ਗੱਲ ਹੋਗ ਚੰਗੀ ਨਹੀਂ ਤੇ ਅਲਖ ਲਾਹਾਂ ਤੇਰੇ ਖੁਆਰ ਦੀ ਸੀ
ਜਾਣ ਗਈ ਹੱਵਾ ਹੋ ਗਲ ਸੁਣਕੇ ਰਾਂਝਾ ਮਰਨ ਦੇ ਵਕਤ ਚਿਤਾਰ ਦੀ ਸੀ
ਵਾਰਸਸ਼ਾਹ ਨੂੰ ਸਿੱਕ ਦੀਦਾਰ ਦੀ ਸੀ ਜੇਹੀ ਹੀਰ ਨੂੰ ਭੜਕਨਾ ਯਾਰ ਦੀ ਸੀ

ਹੀਰ ਦਾ ਫੌਤ ਹੋ ਜਾਣਾ

ਹੀਰ ਜਾਨ ਬਹੱਕ ਤਸਲੀਮ ਹੋਈ ਉਨ੍ਹਾਂ ਦਫ਼ਨ ਕਰ ਖੱਤ ਲਿਖਾਇਆ ਈ
ਵਕਤ ਮੌਤ ਦਾ ਮੰਨਿਆ ਅੰਬੀਆਂ ਨੇ ਉੱਥੇ ਕਿਸੇ ਨਾ ਸੁਖ਼ਨ ਦੁਹਰਾਇਆ ਈ
ਵਲੀ ਗੌਸ ਤੇ ਕੁਤਬ ਸੱਬ ਖਤਮ ਹੋਏ ਮੌਤ ਸੱਚ ਹੈ ਰੱਬ ਫ਼ਰਮਾਇਆ ਈ
ਕੁਲੋ ਸ਼ੈਇਨ ਖਾਲਿਕੁਨ ਇਲਾਵਜਾਹੂ ਹੁਕਮ ਵਿੱਚ ਕੁਰਾਨ ਦੇ ਆਇਆ ਈ
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ ਹੁਕਮ ਇਨ੍ਹਾਂ ਕਾਮਈਤੁਨ ਆਇਆ ਈ
ਅਸਾਂ ਹੋਰ ਉਮੈਦ ਸੀ ਹੋਰ ਹੋਈ ਖ਼ਾਲੀ ਜਾ ਉਮੈਦ ਫੁਰਮਾਇਆ ਈ
ਰਜਾ ਟਲੇ ਕਤਈ ਨਾ ਕਦੀ ਹਰਗਿਜ਼ ਲਿੱਖ ਆਦਮੀ ਤੁਰਤ ਭਿਜਵਾਇਆ ਈ