ਪੰਨਾ:ਹੀਰ ਵਾਰਸਸ਼ਾਹ.pdf/352

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੪)

ਕਿਤਾਬ ਖਤਮ ਹੋਣ ਤੇ ਵਾਰਸਸ਼ਾਹ ਦੀ ਕਲਾਮ

ਜ਼ਾਹਿਰ ਫਾਸਕ ਜੱਗ ਨੂੰ ਮੱਤ ਦੇਂਦੇ ਦਾਨਸ਼ਮੰਦ ਦੀ ਮੌਤ ਖਵਾਰ ਹੋਈ
ਹੱਕ ਸੱਚ ਦੀ ਗੱਲ ਨਾ ਕਹੇ ਕੋਈ ਝੂਠ ਬੋਲਣਾ ਰਸਮ ਸੰਸਾਰ ਹੋਈ
ਮਜਲਸ ਲਾਇਕੇ ਕਰਨ ਹਰਾਮ ਏਕਾ ਹੱਥ ਜ਼ਾਲਮਾਂ ਤੇਜ ਕਟਾਰ ਹੋਈ
ਸੂਬੇਦਾਰ ਹਾਕਮ ਨਾ ਸ਼ਾਹ ਕੋਈ ਰਈਯਤ ਮੁਲਕ ਤੇ ਸੱਭ ਉਜਾੜ ਹੋਈ
ਪਿਆ ਮੁਲਕ ਦੇ ਵਿੱਚ ਹੈ ਬੜਾ ਰੌਲਾ ਹਰ ਕਿਸੇ ਦੇ ਹੱਥ ਤਲਵਾਰ ਹੋਈ
ਪੜਦਾ ਸਤਰ ਹਯਾ ਦਾ ਉੱਠ ਗਿਆ ਨੰਗੀ ਹੋਇਕੇ ਖ਼ਲਕ ਬਾਜ਼ਾਰ ਹੋਈ
ਚੋਰ ਚੌਧਰੀ ਯਾਰ ਤੇ ਪਾਕ ਦਾਮਨ ਭੂਤ ਮੰਡਲੀ ਇਕ ਦੋ ਚਾਰ ਹੋਈ
ਤਦੋਂ ਸ਼ੌਕ ਹੋਯਾ ਕਿੱਸਾ ਜੋੜਨੇ ਦਾ ਗੱਲ ਇਸ਼ਕ ਦੀ ਜਦੋਂ ਇਜ਼ਹਾਰ ਹੋਈ
ਸੰਨ ਯਾਰਾਂ ਸੌ ਅਸੀਆ ਨਬੀ ਹਿਜਰੀ ਲੰਮੇ ਦੇਸ ਦੇ ਵਿੱਚ ਤਿਆਰ ਹੋਈ
ਅਠਾਰਾਂ ਸੈ ਤੇ ਬੀਸੀਆ ਸੰਮਤਾਂ ਦਾ ਰਾਜੇ ਬਿਕ੍ਰਮਾਜੀਤ ਦੇ ਸਾਰ ਹੋਈ
ਕੀਤੀ ਨਜ਼ਰ ਹਜ਼ੂਰ ਜਦ ਆਲਮਾਂ ਦੀ ਗਲ ਆਮ ਸਰਕਾਰ ਦਰਬਾਰ ਹੋਈ
ਵਾਰਸ ਜਿਨ੍ਹਾਂ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ

ਤਥਾ

ਖਰਲ ਹਾਸਦਾਂ ਮੁਲਕ ਮਸ਼ਹੂਰ ਮੁਲਕਾਂ ਜਿਥੇ ਸ਼ੇਅਰ ਕੀਤਾ ਨਾਲ ਰਾਸਦੇ ਮੈਂ
ਪਰਖ ਸ਼ੇਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ
ਹੋਰ ਸ਼ਾਇਰਾਂ ਚੱਕੀਆਂ ਝੋਤੀਆਂ ਨੀ ਗਲਾ ਪੀਠਾ ਈ ਵਿੱਚ ਖਰਾਸ ਦੇ ਮੈਂ
ਸਮਝ ਲੈਣ ਆਕਲ ਹੋਸ਼ ਗੌਰ ਕਰਕੇ ਭੇਤ ਰਖਿਆ ਵਿੱਚ ਲਬਾਸ ਦੇ ਮੈਂ
ਗੋਸ਼ੇ ਬੈਠਕੇ ਹੀਰ ਕਿਤਾਬ ਲਿੱਖੀ ਯਾਰਾਂ ਵਾਸਤੇ ਨਾਲ ਕਿਆਸ ਦੇ ਮੈਂ
ਪੜ੍ਹਨ ਗਭਰੂ ਦੇਸ ਵਿੱਚ ਖੁਸ਼ੀ ਹੋਕੇ ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ
ਪੁੰਨੀ ਆਸ ਮੁਰਾਦ ਅਹਮਦ ਲਿੱਲਾ ਅਠੇ ਪਹਿਰ ਸਾਂ ਵਿੱਚ ਹਰਾਸ ਦੇ ਮੈਂ
ਵਾਰਸਸ਼ਾਹ ਨਾ ਅਸਲ ਦੀ ਰਾਸ ਮੈਥੇ ਕਰਾਂ ਮਾਨ ਨਿਮਾਨੜਾ ਕਾਸ ਦੇ ਮੈਂ

ਤਥਾ

ਤੇਰੇ ਫ਼ਜ਼ਲ ਦੇ ਬਾਜ ਨਾ ਆਸ ਕਾਈ ਅਦਲ ਹੋਇਆ ਤੇ ਮੁਖ ਲੰਗੂਰ ਦਾ ਏ
ਤੇਰੇ ਖਾਸ ਹਬੀਬ ਦੀ ਮਿਹਰ ਬਾਝੋਂ ਕੁੱਝ ਹਾਲ ਨਹੀਂ ਚਕਨਾ ਚੂਰ ਦਾ ਏ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ
ਜਿਵੇਂ ਮੋਮਨਾਂ ਖੌਫ ਇਮਾਨ ਦਾ ਏ ਅਤੇ ਹਾਦੀਆਂ ਬੈਤ ਮਾਮੂਰ ਦਾ ਏ
ਸੂਬੇਦਾਰ ਨੂੰ ਤਲਬ ਸਪਾਹ ਦਾ ਏ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਪੰਜਾਬ ਜ਼ਰਆਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰ ਦਾ ਏ