ਪੰਨਾ:ਹੀਰ ਵਾਰਸਸ਼ਾਹ.pdf/354

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੬)


ਕਲਾਮ ਸ਼ਾਇਰ

ਵਿੱਚ ਪਾਕ ਜਨਾਬ ਦੇ ਅਰਜ਼ ਮੇਰੀ ਤੂੰਹੋਂ ਰੱਬ ਰਹੀਮ ਖ਼ੁਦਾ ਸਾਈਂ
ਬੰਦਾ ਹਰਫ ਜੇ ਭੁੱਲ ਕੇ ਬੋਲ ਬੈਠਾ ਮੇਰਾ ਬੋਲਿਆ ਬਖਸ਼ ਖ਼ਤਾ ਸਾਈਂ
ਤੇਰੇ ਕੀਤਿਆਂ ਅਦਲ ਨਹੀਂ ਜਾ ਕਾਈ ਨਾਲ ਫਜਲ ਦੇ ਹੋਗ ਬਚਾ ਸਾਈਂ
ਗ਼ੱਮ ਦੀਨ ਤੇ ਦੁਨੀ ਦਾ ਰਹੇ ਨਾਹੀਂ ਮੇਰਾ ਇਹੋ ਸਵਾਲ ਦੁਆ ਸਾਈਂ
ਬਖ਼ਸ਼ ਲਿਖਣੇ ਵਾਲਿਆਂ ਜ਼ੁਮਲਿਆਂ ਨੂੰ ਪੜ੍ਹਨ ਵਾਲਿਆਂ ਕਰੀਂ ਅਤਾ ਸਾਈਂ
ਸੁਣਨ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ ਰੱਖਣ ਜੌਕ ਤੇ ਸ਼ੌਕ ਦਾ ਚਾ ਸਾਈਂ
ਰੱਖੀਂ ਸ਼ਰਮ ਹਯਾ ਤੂੰ ਜੁਮਲਿਆਂ ਦਾ ਮੀਟੀ ਮੁੱਠ ਹੀ ਦਈਂ ਲੰਘਾ ਸਾਈਂ
ਵਾਰਸਸ਼ਾਹ ਤਮਾਮੀਆਂ ਮੋਮਨਾਂ ਨੂੰ ਦਈਂ ਦੀਨ ਈਮਾਨ ਲੁਕਾ ਸਾਈਂ

ਸਯਦ ਵਾਰਸਸ਼ਾਹ ਵਲੋਂ ਹੀਰ ਦੇ ਕਿੱਸੇ ਦਾ ਖੁਲਾਸਾ

ਹੀਰ ਰੂਹ ਤੇ ਚਾਕ ਕਲਬੂਤ ਜਾਣੋਂ ਬਾਲਨਾਥ ਇਹ ਪੀਰ ਬਣਾਇਆ ਈ
ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ
ਕਾਜ਼ੀ ਹੱਕ ਝੰਬੇਲ ਨੇ ਅਮਲ ਤੇਰੇ ਅਯਾਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੈਰ ਦਾ ਤੇ ਅਜਰਾਈਲ ਖੇੜਾ ਜਿਹੜਾ ਲੈਂਦਾ ਈ ਰੂਹ ਨੂੰ ਧਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਮਨ ਦੀ ਮੌਜ ਆਹੀ ਜਿਨ੍ਹਾਂ ਨਾਲ ਪੈਵੰਦ ਬਣਾਇਆ ਈ
ਮਲਕੀ ਚੂਕਕ ਨੇ ਫਿੱਕਾ ਅਸੂਲ ਦੋਵੇਂ ਜਿਨ੍ਹਾਂ ਹੱਕ ਦਾ ਰਾਹ ਬਤਾਇਆ ਈ
ਜਿਹੜਾ ਬੋਲਦਾ ਨਾਤਕਾ ਵੰਝਲੀ ਦਾ ਜਿੱਸ ਹੋਸ਼ ਦਾ ਰਾਗ ਸੁਣਾਇਆ ਈ
ਜੋਗ ਹੈ ਔਰਤ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਸ਼ੈਹਵਤ ਭਾਬੀ ਤੇ ਭੁੱਖ ਰਬੇਲ ਬਾਂਦੀ ਜਿਨ੍ਹਾਂ ਜੱਦ ਤੋਂ ਬਾਹਰ ਕਢਾਇਆ ਈ
ਦੱਖ ਰਾਤ ਮੁਸਾਫਰੀ ਸਖਤ ਜਿਹੜੀ ਜਿੱਸ ਹਿਸਾਬ ਕਿਤਾਬ ਲਿਖਾਇਆ ਈ
ਓਹ ਮਸੀਤ ਹੈ ਮਾਉਂ ਦਾ ਸ਼ਿਕਮ ਬੰਦੇ ਜਿੱਸ ਵਿਚ ਸ਼ੱਬ ਰੋਜ਼ ਲੰਘਾਇਆ ਈ
ਭਾਈ ਭਾਬੀਆਂ ਸਾਕ ਪੈਵੰਦ ਤੇਰੇ ਜਿਨ੍ਹਾਂ ਨਾਲ ਤੂੰ ਝੰਜਟਾ ਪਾਇਆ ਈ
ਤ੍ਰਿੰਞਣ ਇਹ ਬਦਅਮਲੀਆਂ ਤੇਰੀਆਂ ਨੇ ਕੱਢ ਕਬਰ ਥੀਂ ਦੋਜ਼ਖੀਂ ਪਾਇਆ ਈ
ਘਰ ਵਾਸੀਆਂ ਇਹ ਉਹਲਾ ਜੱਗ ਦਾ ਏ ਗੋਸ਼ੇ ਬੈਠਕੇ ਸ਼ੁਗਲ ਕਮਾਇਆ ਈ
ਪੈਲੀ ਤਮ੍ਹਾ ਦੀ ਚੁਣਣ ਕਪਾਹ ਵੜੀਓਂ ਨਾਗ ਹਿਰਸ ਦੇ ਡੰਗ ਲੜਾਇਆ ਈ
ਬੇੜੀ ਪਲੰਘ ਵਾਲੀ ਪੁਰਸਲਾਤ ਬੰਦੇ ਜਿੱਸ ਵਿੱਚ ਧੱਕਾ ਧੋੜਾ ਖਾਇਆ ਈ
ਇਹ ਮਜ਼ਦੂਰੀ ਸਿਆਲਾਂ ਦੀਆਂ ਮੱਝੀਆਂ ਨੇ ਜਿਨ੍ਹਾਂਹੀਲਾ ਤੇ ਕਸਬ ਉਠਾਇਆ ਈ
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ