ਪੰਨਾ:ਹੀਰ ਵਾਰਸਸ਼ਾਹ.pdf/355

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੭)

ਜਾਣ ਐਵੇਂ ਜਿਵੇਂ ਝੰਗ ਪੇਕੇ ਗ਼ੈਰ ਕਾਲੜਾ ਬਾਗ ਬਣਾਇਆ ਈ
     ਕੌਲਾਂ ਦੇ ਸੱਚ ਸਹੇੜਿਓ ਨੀ ਜਿਨ੍ਹਾਂ ਅਜ਼ਲ ਪੈਗਾਮ ਸੁਣਾਇਆ ਈ
ਮੰਜ਼ਲ ਮੌਤ ਮਕਸੂਦ ਮੁਰਾਦ ਹੈ ਓਹ ਜਿੱਥੇ ਗਿਆ ਕੋਈ ਵੱਤ ਨਾ ਆਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਉਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਜਿਸ ਉਨ੍ਹਾਂ 'ਪਹਿਲਵਾਨਾਂ' ਦੇ ਭੇੜ ਡਿੱਠੇ ਕਦ ਆਪਣਾ ਆਪ ਬਚਾਇਆ ਈ
ਓਹੋ ਸ਼ੇਰ ਹੈ ਨਫਸ ਹੰਕਾਰ ਤੇਰਾ ਜਿਸ ਰਾਹ ਦੀ ਜੂਹ ਡਰਾਇਆ ਈ
ਓਸ ਮਾਰਿਆਂ ਮੁਸ਼ਕਲਾਂ ਦੂਰ ਹੋਈਆਂ ਰਾਂਝਾ ਹੀਰ ਨੂੰ ਫੇਰ ਮਿਲਾਇਆ ਈ
ਆਇਓਂ ਨਿਕਲ ਹਜ਼ਾਰਿਓਂ ਸਾਂਝ ਟੁੱਟੀ ਸਾਕ ਅੰਗ ਦਾ ਸੰਗ ਗਵਾਇਆ ਈ
ਓੜਕ ਹੁੁੱਸ ਟੁਰਿਓਂ ਤੂੰ ਬੇ ਵਤਨ ਹੋਕੇ ਦਿਲੋਂ ਕਿਸੇ ਨਾ ਮੂਲ ਮਨਾਇਆ ਈ
ਕੁੱਝ ਖੱਟ ਲੈ ਵਕਤ ਹੈ ਮੂਰਖਾ ਓਇ ਵੇਲਾ ਘੁੱਥੜਾ ਹੱਥ ਨਾ ਆਇਆ ਈ
ਓਹੋ ਵਕਤ ਹੈ ਤਖ਼ਤ ਬਹਾਲਣੇ ਦਾ ਜਿੱਸ ਸ਼ਾਨ ਤੇ ਹੋਸ਼ ਭੁਲਾਇਆ ਈ
ਮਾਲਦਾਰ ਹੋ ਕੇ ਵਿੱਚ ਗਫ਼ਲਤਾਂ ਦੇ ਕਿਉਂ ਜਾਣਕੇ ਤਖ਼ਤ ਲੁਟਾਇਆ ਈ
ਏਸ ਨਫ਼ਸ਼ ਸ਼ੈਤਾਨ ਦੇ ਲੱਗ ਆਖੇ ਵਿੱਚ ਗਫਲਤਾਂ ਵਕਤ ਲੰਘਾਇਆ ਈ
ਅੰਦਰ ਛਿੱਪ ਸ਼ੈਤਾਨ ਦੇ ਅਮਲ ਕਰਨੈੈਂ ਬਾਹਰ ਨੇਕਾਂ ਦਾ ਵੇਸ ਵਟਾਇਆ ਈ
ਠਗਾ ਕਿਚਰਕ ਠੱਗੀਆਂ ਨਾਲ ਠੱਗੇਂ ਲੁਕਮਾ ਜਾਣ ਹਰਾਮ ਦਾ ਖਾਇਆ ਈ
ਖਨਾਸ ਵਾਂਗੂੰ ਖੱਚਰ ਵਾਦੀਆਂ ਦਾ ਕਾਹਨੂੰ ਜਾਣ ਕੇ ਕਸਬ ਬਣਾਇਆ ਈ
ਤੈਨੂੰ ਨਾਲ ਤਕੱਬਰਾਂ ਆਕੜਾਂ ਦਾ ਸ਼ੈਤਾਨ ਨੇ ਸਬਕ ਪੜ੍ਹਾਇਆ ਈ
ਜਿਨ੍ਹਾਂ ਨਫ਼ਸ ਨੂੰ ਮਾਰਿਆ ਰੱਬ ਜਾਤਾ ਨਬੀ ਵਿੱਚ ਹਦੀਸ ਫ਼ੁਰਮਾਇਆ ਈ
ਕਿੜਾਂ ਪੌੌਂਦੀਆਂ ਆਪ ਮੁਹਾ ਬੈਠੇ ਪਿਛੋਂ ਕਮਲਿਆਂ ਢੋਲ ਵਜਾਇਆ ਈ
ਮਨੋ ਬੈਠਕੇ ਗਾਫਲੀ ਘੂਕ ਸੁੱਤੋਂ ਕਿਉਂ ਚਿੜੀਆਂ ਤੋਂ ਖੇਤ ਲੁਟਾਇਆ ਈ
ਇਸ ਮੁਲਕ ਵਜੂਦ ਦਾ ਸੈਰ ਲੱਖਾਂ ਬਿਨਾਂ ਰਹਿਬਰਾਂ ਰਾਹ ਨਾ ਆਇਆ ਈ
ਗਫ਼ਲਤ ਕੋਟ ਸਬਾਤ ਦੀ ਤੋਪ ਧਰਕੇ ਗੋਲਾ ਨਫ਼ਸ ਦਾ ਮਾਰ ਉਡਾਇਆ ਈ
ਅੰਦਰ ਦੇਖ ਤੂੰ ਆਪਣੇ ਆਪ ਵੜਕੇ ਤੈਨੂੰ ਰਾਹ ਤਰੀਕ ਸਮਝਾਇਆ ਈ
ਜਿਹੜੇ ਯਾਰ ਜਾਨੀ ਤੇਰੇ ਨਾਲ ਦੇ ਨੀ ਉਹਨਾਂ ਨਾਲ ਪੈਵੰਦ ਨਾ ਪਾਇਆ ਈ
ਨਾਲ ਯਾਰ ਦੇ ਝੋਕ ਝੁਕਾ ਗਏ ਹੁਣ ਚਿੱਤ ਨੂੰ ਹੱਥ ਕੀ ਲਾਇਆ ਈ
ਅਦਲੀ ਰਾਜਾ ਤੇ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਿਵਾਇਆ ਈ
ਵਾਰਸਸ਼ਾਹ ਮੀਆਂ ਬੇੜਾ ਪਾਰ ਤੇਰਾ ਕਲਮਾ ਪਾਕ ਜ਼ਬਾਨ ਤੋਂ ਆਇਆ ਈ

* ਖਤਮ *