ਪੰਨਾ:ਹੀਰ ਵਾਰਸਸ਼ਾਹ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਹੋਰ ਗਿਣਤੀ ਮਹੀਆਂ ਅਤੇ ਗਾਈਆਂ

ਰਾਂਝੇ ਪਕੜ ਖੂੰਡੀ ਮੰਗੂ ਹੱਕ ਦਿੱਤਾ ਮਝੀਂ ਝੱਲ ਦੇ ਵਿੱਚ ਚਾ ਵਾੜੀਆਂ ਨੀ
ਕੱਟੇ ਕੱਟੀਆਂ ਹੋਰ ਧਨਾਣ ਪਈਆਂ ਵਛੇ ਵਛੀਆਂ ਦੇਣ ਕੁਦਾੜੀਆਂ ਨੀ
ਵੱਗ ਗਾਈਆਂ ਵਛੜਿਆਂ ਵਹਿੜਿਆਂ ਦੇ ਇੱਕ ਲਾਂਭ ਕਰਕੇ ਰਾਂਝੇ ਤਾੜੀਆਂ ਨੀ
ਹੁੰਦੜਹੇਲ ਤੇ ਅੱਸਰਾਂ ਦੁਧਲੇੜ੍ਹਾਂ ਤਿਨ੍ਹਾਂ ਮੂੰਹ ਕੰਡਿਆਲੀਆਂ ਚਾੜ੍ਹੀਆਂ ਨੀ
ਇਕ ਭਜਦੀਆਂ ਰਿੰਗਦੀਆਂ ਖਾਣ ਮੋੜੇ ਇਕ ਵਿੰਹਦੀਆਂ ਚਾ ਬੁਥਾੜੀਆਂ ਨੀ
ਇਕ ਮੁੰਞੀਆਂ ਫਿਰਦੀਆਂ ਦੇਣ ਚਾਂਗਾਂ ਇੱਕ ਜੂੜੀਆਂ ਪੈਖੜਾਂ ਨਾੜੀਆਂ ਨੀ
ਇਕ ਸ਼ਹੁ ਦਰਿਆ ਵਿਚ ਦੇਣ ਲੱਲਾਂ ਇਕ ਚਿਕੜੀਂ ਫਾਥੀਆਂ ਮਾੜੀਆਂ ਨੀ
ਇਕ ਮੂੰਧੜੇ ਮੂੰਹ ਮੂੰਧਾੜ ਪਈਆਂ ਰਾਂਝੇ ਕੱਢ ਕੇ ਖੋਭਿਓ ਤਾੜੀਆਂ ਨੀ
ਖੁਰਕ ਮਾਰੀਆਂ ਤੇ ਸੜਨ ਵਾਲੀਆਂ ਨੀ ਕੋੱਝਾ ਮੁੱਖੜਾ ਨਾਲ ਦਬਾੜੀਆਂ ਨੀ
ਚਿਚੜ ਖਾਧੀਆਂ ਅੰਨ੍ਹੀਆਂ ਖੁਦੇ ਰਲੀਆਂ ਰਾਂਝੇ ਘੇਰਕੇ ਛਪੜੀ ਵਾੜੀਆਂ ਨੀ
ਇੱਕ ਹਰਟ ਤੇ ਹਲਾਂ ਦੀਆਂ ਸਾਫੀਆਂ ਨੀ ਪੁੜੇ ਪਏ ਤੇ ਕੰਨ੍ਹ ਮੁਤਾੜੀਆਂ ਨੀ
ਇਕ ਉੱਚੀਆਂ ਲੰਮੀਆਂ ਵੇਲ ਦੀਆਂ ਵਲ੍ਹਾਂ ਹੰਡੜਾ ਇਕ ਗੁਰਾੜੀਆਂ ਨੀ
ਇਕ ਲੇੜ੍ਹਕੇ ਤੇ ਨੱਕਾ ਨੱਕ ਹੋਈਆਂ ਇਕਨਾਂ ਹਾੜਬਾ ਪਿਆ ਭੁਖਿਆੜੀਆਂ ਨੀ
ਇਕਮਾਰ ਦੂੁੜੰਗਿਆ ਮਲ੍ਹੇ ਪਤਨ ਇਕ ਖਹਿੰਦੀਆਂ ਵਤਦੀਆਂ ਝਾੜੀਆਂ ਨੀ
ਨੀਲੀ ਨੈਂਦੀਆਂ ਮਹੀਂ ਸਨਨਾਟਿਆਂ ਦੀਆਂ ਮਿਠੀ ਦਸ ਕੇ ਅੱਠ ਨਖਾੜੀਆਂ ਨੀ
ਮਹਿਕਮ ਮਹਿਰਾਂ ਦਾ ਮੰਗੂ ਵਿੱਚ ਸਿਆਲਾਂ ਰਾਂਝੇ ਪਕੜ ਖੂੰਡੀ ਸਭੇ ਚਾਰੀਆਂ ਨੀ
ਵਾਰਸਸ਼ਾਹ ਰੰਝੇਰਟੇ ਹੀਰ ਪਿਛੇ ਚੌਧਰਾਈਆਂ ਸੱਭ ਉਜਾੜੀਆਂ ਨੀ

ਹੀਰ ਨੇ ਰਾਂਝੇ ਦੇ ਪਾਸ ਆਉਣਾ

ਟੁਰੀ ਝੰਗ ਸਿਆਲਾਂ ਤੋਂ ਹੀਰ ਜੱਟੀ ਆਯਾ ਰੂਹ ਕਲਬੂਤ ਜਗਾਵਣੇ ਨੂੰ
ਚੜ੍ਹਿਆ ਖੁਲਦ ਤੋਂ ਹੁਸਨਦਾ ਅਬ੍ਰ ਰਹਿਮਤ ਸਾਂਦਲ ਬਾਰ ਦਾ ਮੁਲਕ ਵਸਾਵਣੇ ਨੂੰ
ਰਾਂਝੇ ਯਾਰ ਦੇ ਪਿਆਰ ਦਾ ਚਾ ਚੜ੍ਹਿਆ ਆਈ ਹੀਰ ਦਿਲ ਦੀ ਡੰਝ ਲਾਵਣੇ ਨੂੰ
ਵਾਰਸਸ਼ਾਹ ਜੋ ਵਿੱਚ ਜਹਾਨ ਬੰਦੇ ਆਵਣ ਨੇਕ ਐਮਾਲ ਕਮਾਵਣੇ ਨੂੰ

ਹੀਰ ਦਾ ਬੇਲੇ ਵਿਚ ਜਾਣਾ

ਹੀਰ ਲੈ ਭੱਤਾ ਖੰਡ ਖੀਰ ਮੱਖਣ ਮੀਏਂ ਰਾਂਝੇ ਦੇ ਪਾਸ ਲਿਆਉਂਦੀ ਏ
ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ ਰੋ ਰੋ ਆਪਣਾ ਹਾਲ ਸੁਣਾਉਂਦੀ ਏ
ਢੂੰਡ ਭਾਲ ਕੇ ਜੂਹ ਸਭ ਝੱਲ ਬੇਲਾ ਤੁਰਤ ਪਾਸ ਰੰਝੇਟੇ ਦੇ ਆਉਂਦੀ ਏ
ਹੱਥੀਂ ਆਪਣੀ ਰਾਂਝੇ ਨੂੰ ਹੀਰ ਜੱਟੀ ਚੂਰੀ ਮਿਹਰ ਦੇ ਨਾਲ ਖੁਆਉਂਦੀ ਏ