ਪੰਨਾ:ਹੀਰ ਵਾਰਸਸ਼ਾਹ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨)

ਬੁਲਬੁਲ ਹੋਇਕੇ ਚਹਿਕੀਏ ਬਾਗ਼ ਅੰਦਰ ਸੁਖ਼ਨ ਰਮਜ਼ ਦੇ ਨਾਲ ਅਲਾਈਏ ਜੀ
ਕਾਵਾਂ ਵਾਂਙ ਉਡਾਰ ਬਨੇਰਿਆਂ ਦੇ ਐਵੇਂ ਕੂੜ ਨਾ ਮਗਜ਼ ਖਪਾਈਏ ਜੀ
ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ ਅਸੀਂ ਸ਼ੇਅਰ ਨੂੰ ਲੀਕ ਨਾ ਲਾਈਏ ਜੀ
ਲਟਕਦਾਰ ਰੰਗੀਲੜਾ ਸ਼ੇਅਰ ਕਹਿ ਕੇ ਚੇਟਕ ਆਮ ਤੇ ਖਾਸ ਨੂੰ ਲਾਈਏ ਜੀ
ਰਮਜ਼ਾਂ ਮਾਅਨਿਆਂ ਵਿੱਚ ਖੁਸ਼ਬੂ ਹੋਵੇ ਇਸ਼ਕ ਮੁਸ਼ਕ ਨੂੰ ਖੋਲ੍ਹ ਵਿਖਾਈਏ ਜੀ
ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ
ਨਾਲ ਦੋਸਤਾਂ ਮਜਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
ਰਾਂਝੇ ਹੀਰ ਦੇ ਇਸ਼ਕ ਦੀ ਗੱਲ ਸੁੱਤੀ ਨਵੇਂ ਸਿਰੇ ਤੋਂ ਫੇਰ ਜਗਾਈਏ ਜੀ
ਵਾਰਸ਼ਸ਼ਾਹ ਰਲ ਨਾਲ ਪਿਆਰਿਆਂ ਦੇ ਨਵੀਂ ਇਸ਼ਕ ਦੀ ਗੱਲ ਹਿਲਾਈਏ ਜੀ

ਯਾਰਾਂ ਦੀ ਫਰਮਾਇਸ਼ ਮਨਜ਼ੂਰ ਕਰਨੀ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ
ਫ਼ਿਕਰਾ ਜੋੜ ਕੇ ਖੂਬ ਦਰੁੱਸਤ ਕੀਤਾ ਨਵਾਂ ਫੁੱਲ ਗੁਲਾਬ ਦਾ ਤੋੜਿਆ ਈ
ਬਹੁਤ ਜੀਊ ਦੇ ਵਿੱਚ ਤਦਬੀਰ ਕਰ ਕੇ ਫੱਰਿਹਾਦ ਪਹਾੜ ਨੂੰ ਫੋੜਿਆ ਈ
ਸਭਾ ਵੀਨ ਕੇ ਜ਼ੇਬ ਬਣਾ ਦਿਤਾ ਜਿਹਾ ਅਤਰ ਗੁਲਾਬ ਨਿਚੋੜਿਆ ਈ
ਡੱਬਾ ਏਸ ਵਜੂਦ ਕਲਬੂਤ ਵਾਲਾ ਅਸਾਂ ਲਾਹ ਸਰਪੋਸ਼ ਅਖੋੜਿਆ ਈ
ਕੋਈ ਦਗ਼ਾ ਨਾਹੀਂ ਕੀਤਾ ਵਾਂਗ ਚੋਰਾਂ ਦੇਂਹ ਦੀਵਿਆਂ ਜੰਦਰਾ ਤੋੜਿਆ ਈ
ਤਾਜ਼ੀ ਤਬ੍ਹਾ ਤੇ ਇਸ਼ਕ ਸਵਾਰ ਕਰ ਕੇ ਖੱਬੀ ਚਾੜ੍ਹ ਮੈਦਾਨ ਵਿਚ ਛੋੜਿਆ ਈ
ਵਾਰਸਸ਼ਾਹ ਫਰਮਾਇਆ ਪਿਆਰਿਆਂ ਦਾ ਅਸਾਂ ਮੰਨਿਆ, ਮੂਲ ਨਾ ਮੋੜਿਆ ਈ

ਤਖ਼ਤ ਹਜਾਰੇ ਦੀ ਸਿਫ਼ਤ

ਇਕ ਤਖ਼ਤ ਹਜਾਰੇ ਦੀ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਈ
ਛੈਲ ਗਭਰੂ ਮਸਤ ਅਲਬੇਲੜੇ ਨੀ ਸੁੰਦਰ ਇੱਕ ਥੀਂ ਇੱਕ ਸਵਾਇਆ ਨੀ
ਵਾਲੇ ਕੋਕਲੇ ਮੁੰਦਰਾਂ ਮੱਝ ਲੁੰਞੀ ਨਵਾਂ ਠਾਠ ਤੇ ਠਾਠ ਚੜ੍ਹਾਇਆ ਈ
ਕੋਈ ਹੁਸਨ ਦੀ ਖਾਣ ਗੁਮਾਨ ਸੁੰਦਰ ਇਕ ਦੂਜੇ ਦਾ ਅੰਤ ਨਾ ਆਇਆ ਈ
ਫੁੱਲ ਡਾਲ ਤੇ ਬਾਗ਼ ਬਹਾਰ ਨਹਿਰਾਂ ਛਾਵਾਂ ਠੰਡੀਆਂ ਨਾਲ ਸੁਹਾਇਆ ਈ
ਅਕਲਮੰਦ ਤੇ ਲੋਕ ਸਲੂਕ ਵਾਲੇ ਰਾਠ ਜੱਗ ਦੇ ਵਿੱਚ ਸਦਾਇਆ ਈ
ਏਸ ਨਦੀ ਚਨਾਬ ਦੇ ਮੁਲਕ ਅੰਦਰ ਤਖ਼ਤ ਨਗਰ ਦਾ ਨਾਮ ਧਰਾਇਆ ਈ
ਵਾਰਸ ਕੀ ਹਜ਼ਾਰੇ ਦੀ ਸਿਫ਼ਤ ਆਖਾਂ ਗੋਯਾ ਸੁਰਗ ਜ਼ਮੀਨ ਤੇ ਆਇਆ ਈ

ਸ਼ੁਰੂ ਕਿੱਸਾ

ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ