ਪੰਨਾ:ਹੀਰ ਵਾਰਸਸ਼ਾਹ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)


ਜਿਉਂ ਜਿਉਂ ਵਰਜਿਆ ਤਿਵੇਂ ਤਿਉਂ ਸਿਰੇ ਚੜ੍ਹਕੇ ਹਥੋਂ ਹੋਈ ਹੈਂ ਸ਼ੋਖ ਵਧੇਰੀਏ ਨੀ
ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁੱਪ ਕੀਤਿਆਂ ਦਾ ਨਬੇੜੀਏ ਨੀ
ਤੈਨੂੰ ਵੱਡਾ ਦਮਾਦੜਾ ਜਾਗਿਆ ਏ ਤੇਰੇ ਵਾਸਤੇ ਮੁਣਸ ਸਹੇੜੀਏ ਨੀ
ਲੋਕਾਂ ਵਿੱਚ ਪੁਸ਼ਾਕ ਤੂੰ ਪਾਕ ਰੱਖੇਂ ਦਾਮਨ ਨਾਲ ਆਲੂਦ ਲਬੇੜੀਏ ਨੀ
ਵਾਰਸ ਜੀਊਂਦੇ ਹੋਣ ਜੇ ਭੈਣ ਭਾਈ ਚਾਕ ਚੋਬਰਾਂ ਨਾਂਹ ਸਹੇੜੀਏ ਨੀ{

ਕਲਾਮ ਹੀਰ

ਹੀਰ ਕੜਕ ਕੇ ਆਖਦੀ ਮਾਉਂ ਤਾਈਂ ਮੈਨੂੰ ਸ਼ੌਕ ਦੇ ਨਾਲ ਚਾ ਵਿਆਹ ਦੇ ਨੀ
ਰਾਂਝੇ ਨਾਲ ਹੋਈ ਜਿੰਦ ਜਾਨ ਇੱਕੋ ਲਿਖੇ ਲੇਖ ਏਹ ਧੁਰੋਂ ਦਰਗਾਹ ਦੇ ਨੀ
ਦਿਲੋਂ ਜਾਨ ਥੀਂ ਮੈਂ ਹਾਜ਼ਰ ਗੋਲੜੀ ਹਾਂ ਅਗੇ ਮੀਆਂ ਰਾਂਝੇ ਬਾਦਸ਼ਾਹ ਦੇ ਨੀ
ਚਾਕ ਮੇਰਾ ਤੇ ਮੈਂ ਬੰਦੀ ਚਾਕ ਦੀ ਹਾਂ ਵਾਹਦੇ ਹਸ਼ਰ ਦੇ ਤੋੜ ਨਿਬਾਹ ਦੇ ਨੀ
ਸੱਚ ਆਖਣੋਂ ਜ਼ਰਾ ਨਾਂ ਸੰਗਣਾ ਏਂ ਭਾਵੇਂ ਡਰ ਪਾਓ ਮਾਰ ਫਾਹ ਦੇ ਨੀ
ਸਦੀ ਤੇਰਵੀਂ ਵਾਂਗ ਮੈਂ ਯੱਕੜੀ ਹਾਂ ਹੁਕਮ ਨਾਲ ਰਸੂਲ ਅਲਾਹ ਦੇ ਨੀ
ਸਹੁੰ ਝੂਠਿਆਂ ਤੇ ਜੀਭ ਲੂਠਿਆਂ ਦੀ ਕੋਲ ਨਹੀਂ ਇਤਬਾਰ ਵਾਰਸਸ਼ਾਹ ਦੇ ਨੀ
ਹੁਕਮ ਰੱਬ ਦੇ ਕਰਨਗੇ ਸੁਖਨ ਸੱਚੇ ਜਿਹੜੇ ਨਿਵੇਂ ਅਗੇ ਵਸਾਹ ਦੇ ਨੀ

ਕਲਾਮ ਮਲਕ

ਮਲਕੀ ਹੀਰ ਨੂੰ ਆਖਦੀ ਸਮਝ ਕੁੜੀਏ ਗਲਾਂ ਕਰਨੀਆਂ ਜ਼ੋਰ ਧਿੰਗਾਣੀਆਂ ਨੀ
ਕਰਨ ਮਾਪਿਆਂ ਨਾਲ ਜਵਾਬ ਸਾਵ੍ਹੇਂ ਧੀਆਂ ਹੋਣ ਨਾ ਉਹ ਸਿਆਣੀਆਂ ਨੀ
ਸਾਊ ਜਾਦਿਆਂ ਦਾ ਚਾਲਾ ਪਕੜ ਧੀਆ ਤੋਬਾ ਕਰਨ ਤੈਥੋਂ ਕਮਣਿਆਨੀਆਂ ਨੀ
ਹੀਰੇ ਸਮਝ ਨਾ ਹੋ ਨਦਾਨ ਬੱਚੀ ਲੱਜਾਂ ਸਾਡੀਆਂ ਰੱਖ ਵਿਖਾਣੀਆਂ ਨੀ
ਸ਼ਰਹ ਨਬੀ ਰਸੂਲ ਦਾ ਵੇਖ ਮਸਲਾ ਅੱਖਾਂ ਦੋਜਖਾਂ ਵਿੱਚ ਝਲਕਾਣੀਆਂ ਨੀ
ਕਰੇਂ ਨਿੱਤ ਮੁਤਾਲਿਆ ਇਲਮ ਦਾ ਤੂੰ ਗਲਾਂ ਜਾਹਲਾਂ ਨੂੰ ਸਮਝਾਣੀਆਂ ਨੀ
ਤੇਰਾ ਤੌਰ ਵਿੱਚੋਂ ਇਹੋ ਦਿੱਸਦਾ ਏ ਲੀਕਾਂ ਝੰਗ ਸਿਆਲ ਨੂੰ ਲਾਣੀਆਂ ਨੀ
ਮਤੀ ਦਿੱਤਿਆਂ ਬਾਝ ਨਾ ਆਉਂਦੀਆਂ ਨੀ ਵਾਰਸਸ਼ਾਹ ਨੇ ਜੇੜ੍ਹੀਆਂ ਰਾਣੀਆਂ ਨੀ

ਕਲਾਮ ਹੀਰ

ਪਹਿਲੋਂ ਰੱਬ ਨੂੰ ਯਾਰ ਦਾ ਸ਼ੌਕ ਹੋਇਆ ਨਬੀ ਪਾਕ ਦਾ ਕਰਨ ਜਮਾਲ ਮਾਏ
ਆਯਾ ਵਹੀ ਲੈਕੇ ਹੋਯਾ ਤੁਰਤ ਹਾਜ਼ਰ ਲਿਆ ਯਾਰ ਨੇ ਯਾਰ ਬਹਾਲ ਮਾਏ
ਆਮ੍ਹੋ ਸਾਮ੍ਹਣੇ ਰਜ ਕੇ ਵੇਖਿਓ ਨੇ ਗਲਾਂ ਕੀਤੀਆਂ ਫਰਕ ਨਾ ਵਾਲ ਮਾਏ
ਹੋਰ ਦਿੱਲਾਂ ਦੀਆਂ ਲਈਆਂ ਦਿਤੀਓ ਨੇ ਜ਼ਾਤ ਇੱਕ ਹੋਈ ਜ਼ਾਤ ਨਾਲ ਮਾਏ
ਤਿਵੇਂ ਤਖਤ ਹਜ਼ਾਰਿਓਂ ਲੋੜ ਰਾਂਝਾ ਰੱਬ ਮੇਲਿਆ ਝੰਗ ਸਿਆਲ ਮਾਏ