ਪੰਨਾ:ਹੀਰ ਵਾਰਸਸ਼ਾਹ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬)

ਦਾਹਵਾ ਨਾਲ ਖੁਦਾ ਦੇ ਬੰਨ੍ਹਦਾ ਸੀ ਉੱਪਰ ਬੰਦਗੀ ਦੇ ਗ਼ਮਰੁਦ ਹੈ ਨੀ
ਜਿਨਾਂ ਕੌਲ ਤੇ ਧਰਮ ਈਮਾਨ ਛਡੇ ਵਾਰਸਸ਼ਾਹ ਵਿਚ ਹਸ਼ਰ ਨਾਬੂਦ ਹੈ ਨੀ

ਕਲਾਮ ਕਾਜ਼ੀ ਹੀਰ ਨਾਲ

ਕਾਜ਼ੀ ਆਖਦਾ ਚਿਖਾ ਤੇ ਸਤੀ ਚੜ੍ਹਦੇ ਕਹਿਆ ਕਿਸੇ ਨਾ ਮੰਨਦੇ ਮੂਲ ਮੀਆਂ
ਇਹਨਾਂ ਮਰਨ ਤੇ ਲਕ ਹੈ ਬੰਨ੍ਹ ਲਿਆ ਸੂਲੀ ਸਾਰ ਫਰਿਹਾਦ ਕਬੂਲ ਮੀਆਂ
ਸੋਹਣੀ ਵਿਚ ਦਰਯਾ ਦੇ ਡੁਬ ਮੋਈ ਜਦੋਂ ਲਗਾ ਸੂ ਇਸ਼ਕ ਦਾ ਸੂਲ ਮੀਆਂ
ਰੋਡਾ ਵੱਢਕੇ ਡੱਕਰੇ ਰੋਹੜ ਦਿੱਤਾ ਏਸ ਇਸ਼ਕ ਦਾ ਐਡ ਅਧਮੂਲ ਮੀਆਂ
ਸਸੀ ਥਲਾਂ ਦੇ ਵਿਚ ਸ਼ਹੀਦ ਹੋਈ ਜਾਨ ਕੀਤੀ ਸੂ ਇਸ਼ਕ ਰੰਜੂਲ ਮੀਆਂ
ਵਾਰਸਸ਼ਾਹ ਜੇ ਜਾਨ ਗਵਾਉਣੀਏਂ ਕਰੀਂ ਇਸ਼ਕ ਦਾ ਹਰਫ ਕਬੂਲ ਮੀਆਂ

ਕਲਾਮ ਹੀਰ

ਨਾਂਹ ਮੁੜਾਂ ਮੈਂ ਕੌਲ ਜ਼ਬਾਨ ਦੇ ਥੀਂ ਭਾਵੇਂ ਦੇਹ ਨਸੀਹਤਾਂ ਲਖ ਵਾਰੀ
ਮਸਲੇ ਦਾ ਸੁਣਾ ਤੂੰ ਉਨ੍ਹਾਂ ਤਾਈਂ ਜਿਹੜੀਆਂ ਸੁਣਦੀਆਂ ਨੀ ਤੇਰੀ ਗਲ ਵਾਰੀ
ਜਿਹੜੀ ਲਿਖੀ ਰਜ਼ਾ ਤੇ ਨਹੀਂ ਮੁੜਦੀ ਕੌਣ ਜੰਮਿਆ ਮੇਟਦਾ ਹੋਣ ਹਾਰੀ
ਵਾਰਸਸ਼ਾਹ ਮੀਆਂ ਹੁਣ ਆਸ਼ਕਾਂ ਤੇ ਫਜ਼ਲ ਰੱਬ ਬਾਝੋ ਕੌਣ ਕਰੇ ਕਾਰੀ

ਕਲਾਮ ਕਾਜ਼ੀ

ਜਿਵੇਂ ਉਮਰ ਖ਼ਿਤਾਬ ਨੇ ਅਦਲ ਕੀਤਾ ਨੌਸ਼ੇਰਵਾਂ ਪੁੱਤ ਕਹਾਉਂਦੇ ਨੀ
ਨਾਂਹ ਰਖੀਏ ਕਦੀ ਉਲਾਦ ਏਹੀ ਜਿਸਤੋਂ ਰੋਜ਼ ਉਲਾਂਭੜੇ ਆਉਂਦੇ ਨੀ
ਸਿਰ ਬੇਟਿਆਂ ਦੇ ਚਾ ਜੁਦਾ ਕਰਦੇ ਬਾਪ ਗੁੱਸਿਆਂ ਤੇ ਜਦੋਂ ਆਉਂਦੇ ਨੀ
ਸਿਰ ਵੱਢਕੇ ਨੈਂ ਵਿਚ ਰੋਹੜ ਦੇਂਦੇ ਮਾਸ ਕਾਂ ਕੱਤੇ ਬਿੱਲੇ ਖਾਉਂਦੇ ਨੀ
ਸਸੀ ਜਾਨ ਜਲਾਲੀ ਤੇ ਰੋਹੜ ਦਿੱਤੀ ਕਈ ਡੂੰਮ ਢਾਡੀ ਪਏ ਗਾਉਂਦੇ ਨੀ
ਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ ਉਸ ਨੂੰ ਮਾਰ ਮੁਕਾਉਂਦੇ ਨੀ
ਜਦੋਂ ਕਹਿਰ ਤੇ ਆਉਂਦੇ ਬਾਪ ਜ਼ਾਲਮ ਬੰਨ੍ਹ ਬੇਟੀਆਂ ਨੂੰ ਭੋਰੇ ਪਾਉਂਦੇ ਨੀ
ਜਿਸ ਵਕਤ ਅਸੀਂ ਮੂੰਹੋਂ ਆਖ ਦੇਈਏ ਉਸੇ ਵਕਤ ਤੈਨੂੰ ਮਾਰ ਚਾਉਂਦੇ ਨੀ
ਏਸ ਕੰਮ ਥੀਂ ਜੇਕਰਾਂ ਮੁੜੇਂ ਨਾਹੀਂ ਤੇਰੀ ਗਰਦਨੋਂ ਖੂਨ ਕਢਾਉਂਦੇ ਨੀ
ਵਾਰਸਸ਼ਾਹ ਜੇ ਮਾਰੀਏ ਬਦਾਂ ਤਾਈਂ ਜੁੰਮੇ ਖੂਨ ਨਾ ਦੇਵਣੇ ਆਉਂਦੇ ਨੀ

ਹੀਰ ਦਾ ਜਵਾਬ ਕਾਜ਼ੀ ਤੇ ਮਾਂ ਨਾਲ

ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ ਧੀਆਂ ਮਾਰੀਆਂ ਖੂਨ ਜਵਾਹ ਮਾਏ
ਮੰਦਾ ਘਾਤ ਔਲਾਦ ਦੇ ਨਾਲ ਕਰਨਾ ਲਾਤਕਤੁੱਲ ਹੈ ਹੁਕਮ ਅਲਾਹ ਮਾਏ
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸਿਰ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ