ਪੰਨਾ:ਹੀਰ ਵਾਰਸਸ਼ਾਹ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੭)

ਮਿਲਣ ਖਾਣੀਆਂ ਤਿਨ੍ਹਾਂ ਪਹਾੜ ਕਰਕੇ ਜਿਵੇਂ ਮਾਰੀਆਂ ਦੇ ਤਿਵੇਂ ਖਾਹ ਮਾਏ
ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ ਗੱਲ ਪੱਲੜਾਂ ਤੇ ਮੂੰਹ ਘਾਹ ਮਾਏ
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ ਉਹਦਾ ਹੀਰ ਦੇ ਨਾਲ ਨਿਕਾਹ ਮਾਏ
ਜੇਕਰ ਖੁਸ਼ੀ ਜਹਾਨ ਦੀ ਚਾਹੁੰਦੇ ਹੋ ਦੇਹੋ ਰਾਂਝੇ ਨੂੰ ਹੀਰ ਵਿਆਹ ਮਾਏ
ਅਸਾਂ ਇਸ਼ਕ ਦੇ ਮਾਮਲੇ ਚੁੱਕ ਲਏ ਰੱਬ ਚਾਹੇ ਤਾਂ ਤੋੜ ਨਿਬਾਹ ਮਾਏ
ਗਲਾਂ ਕਰਨੀਆਂ ਬਹੁਤ ਸੁਖਾਲੀਆਂ ਨੀ ਔਖਾ ਇਸ਼ਕ ਦੇ ਚੱਲਨਾ ਰਾਹ ਮਾਏ
ਵਾਰਸਸ਼ਾਹ ਰਬ ਜ਼ੌਕ ਤੇ ਸ਼ੌਕ ਦੇਵੇ ਜਿਹੀ ਹੀਰ ਨੂੰ ਚਾਕ ਦੀ ਚਾਹ ਮਾਏ

ਕਲਾਮ ਮਲਕੀ

ਹੀਰੇ ਮਿਹਣਾ ਲੋਕ ਸ਼ਰੀਕ ਦੇਂਦੇ ਤੇਰਾ ਦੇਖਕੇ ਮੰਦੜਾ ਰਾਹ ਧੀਆ
ਕੇਲੇ ਮੁੱਢ ਕਰੀਰ ਦਾ ਵਾਸ ਜੇਹਾ ਮੈਨੂੰ ਸਾੜਿਆ ਏਸਦੇ ਦਾਹ ਧੀਆ
ਬੈਠੀ ਰਾਤ ਦਿਨ ਕੁੱਤਕੇ ਵਾਂਗ ਭੌਂਕੇ ਮੂੰਹ ਮੰਦੜਾ ਤੁੱਧ ਸਿਆਹ ਧੀਆ
ਕੁਰਬਾਨ ਕਰਦੀ ਓਹਦੇ ਨਾਮ ਉੱਤੋਂ ਕੁਲ੍ਹ ਖੇਸ਼ ਕਬੀਲੜਾ ਚਾ ਧੀਆ
ਸਾਨੂੰ ਮਿਹਣੇ ਲੋਕ ਸ਼ਰੀਕ ਦੇਂਦੇਂ ਦੇਖ ਤੁੱਧ ਦਾ ਮੰਦੜਾ ਰਾਹ ਧੀਆ
ਮੈਂ ਤਾਂ ਬੋਲ ਨਾ ਸੱਕਦੀ ਨਾਲ ਤੇਰੇ ਲੋਈ ਸ਼ਰਮ ਦੀ ਲਈ ਆ ਲਾਹ ਧੀਆ
ਇਕ ਚਾਕ ਦਾ ਰਾਤ ਦਿਨ ਜ਼ਿਕਰ ਰੱਖੇ ਮੰਗੇਂ ਰੱਬ ਤੋਂ ਸੰਝ ਸੁਬਾਹ ਧੀਆ
 ਕਹੇ ਮੂਲ ਨਾ ਮੁੜਨ ਅਨਮੋੜ ਹਰਗਿਜ਼ ਭਾਵੇਂ ਨਦੀ ਘਤੋਂ ਭਾਵੇਂ ਚਾਹ ਧੀਆ
ਮੂੰਹੋਂ ਬੋਲ ਤਰਿੱਖੜੇ ਬੋਲਕੇ ਤੇ ਕੀਤਾ ਪਾਪੀਆਂ ਦਾ ਅੰਗ ਸਾਹ ਧੀਆ
ਵਾਰਸਸ਼ਾਹ ਨੂੰ ਪੁਛ ਲੈ ਦੁੱਖ ਸਾਡੇ ਬਾਝ ਰੱਬ ਦੇ ਨਹੀਂ ਪਨਾਹ ਧੀਆ

ਹੀਰ ਦੇ ਭਾਈ ਸੁਲਤਾਨ ਨੇ ਸਮਝਾਉਣਾ

ਸੁਲਤਾਨ ਭਾਈ ਆਯਾ ਹੀਰ ਸੰਦਾ ਆਖੇ ਮਾਉਂ ਨੂੰ ਹੀਰ ਨੂੰ ਤਾੜ ਅੰਮਾਂ
ਜੇਕਰ ਫੇਰ ਫਿਰਦੀ ਬਾਹਰ ਮੈਂ ਡਿੱਠੀ ਫੇਰਾਂ ਏਸਦੀ ਧੌਣ ਤਲਵਾਰ ਅੰਮਾਂ
ਇਸਦੇ ਗੁੱਝਿਆਂ ਮੇਹਣਿਆਂ ਡੋਬ ਦਿੱਤਾ ਅਸੀਂ ਜੱਗ ਸੰਸਾਰ ਖੁਆਰ ਅੰਮਾਂ
ਇਹ ਧੀ ਬੁਰਿਆਰ ਨਾ ਰੱਖ ਮਾਏਂ ਮਹੁਰਾ ਦੇਕੇ ਏਸਨੂੰ ਮਾਰ ਅੰਮਾਂ
ਤੇਰੇ ਆਖਿਆਂ ਸਤਰ ਜੇ ਨਾ ਬੈਠੀ ਸੱਟਾਂ ਏਸਨੂੰ ਜਾਨ ਥੀਂ ਮਾਰ ਅੰਮਾਂ
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ ਨਹੀਂ ਡੱਕਰੇ ਕਰਾਂਗੇ ਚਾਰ ਅੰਮਾਂ
ਜੇਕਰ ਧੀ ਨਾ ਹੁਕਮ ਵਿੱਚ ਰਖੀਆ ਦੀ ਸਭ ਸਾੜ ਸੁੱਟਾਂ ਘਰ ਬਾਰ ਕੰਮਾਂ
ਵਾਰਸਸ਼ਾਹ ਜੇਕਰ ਧੀ ਬੁਰੀ ਹੋਵੇ ਦੇਈਏ ਰੋੜ੍ਹ ਦਰਿਆ ਵਿਚਕਾਰ ਅੰਮਾਂ