ਪੰਨਾ:ਹੀਰ ਵਾਰਸਸ਼ਾਹ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੮)

ਓਹ ਵੰਝਲੀ ਨਾਲ ਸਰੋਤ ਕਰਦਾ ਓਹ ਨਾਲ ਸਹੇਲੀਆਂ ਗਾਉਂਦੀ ਏ
ਕਾਈ ਜ਼ੁਲਫ ਨਚੋੜਦੀ ਰਾਂਝਣੇ ਤੇ ਕਾਈ ਆਣ ਗਲੇ ਨਾਲ ਲਾਉਂਦੀ ਏ
ਕਾਈ ਚੰਮੜੀ ਲਕ ਨੂੰ ਮਸ਼ਕ ਬੋਰੀ ਕਾਈ ਮੁੱਖ ਨੂੰ ਮੁੱਖ ਛੁਹਾਉਂਦੀ ਏ
ਕਾਈ ਮੀਰੀਆਂ ਆਖ ਕੇ ਭਜ ਜਾਂਦੀ ਮਗਰ ਪਵੇ ਤੇ ਟੁੱਬੀਆਂ ਲਾਉਂਦੀ ਏ
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮੱਝ ਕਟੀ ਕਟਾ ਖਾਉਂਦੀ ਏ
ਕਾਈ ਮਾਮੜੇ ਦੇ ਖਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਣਾਉਂਦੀ ਏ
ਕਾਈ ਆਖਦੀ ਇਧਰ ਹੋ ਰਾਂਝਿਆ ਵੇ ਮਾਰ ਬਾਹੁਲੀ ਪਾਰ ਨੂੰ ਧਾਉਂਦੀ ਏ
ਮੁਰਦੇ ਤਾਰੀਆਂ ਤਰੇ ਤੇ ਰੁੜ੍ਹੇ ਕੋਈ ਇਕ ਛਾਲ ਘੜੱਮ ਦੀ ਲਾਉਂਦੀ ਏ
ਕੁਤੇ ਤਾਰੀਆਂ ਤਰਨ ਚਵਾ ਕਰ ਕੇ, ਇਕ ਨੌਂ ਨਿਸਲ ਰੂੜੀ ਆਉਂਦੀ ਏ
ਇਕ ਸ਼ਰਤ ਬੱਧੀ ਟੁੱਭੀ ਮਾਰ ਜਾਏ ਤੇ ਪਤਾਲ ਦੀ ਮਿਟੀ ਲਿਆਉਂਦੀ ਏ
ਇਕ ਬਣੇ ਚਤਰਾਂਗ ਮੁਰਗਾਬੀਆਂ ਹੋ ਸੁਰਖਾਬ ਤੇ ਕੂੰਜ ਬਣ ਆਉਂਦੀ ਏ
ਇਕ ਵਾਂਗ ਕਕੂਹੀਆਂ ਸੰਘ ਟਡਨ ਇਕ ਔਰਤਾਂ ਵਾਂਗ ਬੁਲਾਉਂਦੀ ਏ
ਇਕ ਢੀਂਗ ਬਣੇ ਇਕ ਬਣੇ ਬਗਲਾ ਇਕ ਬਣ ਜਲਕਾਉਨੀ ਆਉਂਦੀ ਏ
ਇਕ ਬੋਲਦੀ ਔਕਟ ਟਟੀਹਰੀ ਹੋ ਇਕ ਕਿਲਕਿਲਾ ਹੋ ਵਿਖਾਉਂਦੀ ਏ
ਇਕ ਲੁੱਧਰ ਹੋ ਕੇ ਕੁੜਕੁੜਾਵੇ ਇਕ ਹੋ ਸੈਂਸਾਰ ਸਰਲਾਉਂਦੀ ਏ
ਇਕ ਦੇ ਪਲਸੇਟੀਆਂ ਹੋ ਬੇਲ੍ਹਣ ਮਸ਼ਕ ਵਾਂਗਰਾਂ ਢਿਡ ਫੁੰਕਾਉਂਦੀ ਏ
ਹੀਰ ਤਰੇ ਚੁਤਰਫ ਹੀ ਰਾਂਝਣੇ ਦੇ ਮੋਈ ਮੱਛਲੀ ਬਣ ਬਣ ਆਉਂਦੀ ਏ
ਆਪ ਬਣੇ ਮਛਲੀ ਨਾਲ ਚਾਉੜਾਂ ਦੇ ਮੀਏਂ ਰਾਂਝੇ ਨੂੰ ਕੁਰਲ ਬਣਾਉਂਦੀ ਏ
ਓਸ ਤਖਤ ਹਜ਼ਾਰੇ ਦੇ ਭੰਡੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਉਂਦੀ ਏ
ਵਾਰਸਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿੱਤ ਯਾਰ ਦਾ ਜੀ ਪਰਚਾਉਂਦੀ ਏ

ਕੈਦੋ ਨੇ ਸੁਣ ਕੇ ਮਲਕੀ ਨੂੰ ਆਖਿਆ

ਵੇਖ ਮਾਹੀਆਂ ਪਾਲੀਆਂ ਚਾਲ ਓਨ੍ਹਾਂ ਕੈਦੋ ਲੰਙੇ ਨੂੰ ਚਾ ਸੁਣਾਇਆ
ਕੈਦੋ ਸੁਣਦਾ ਈ ਗਲ ਨੂੰ ਉੱਠ ਧਾਯਾ ਮੋਢੇ ਪਾ ਮਿਰਗਾਨੜੀ ਆਇਆ ਏ
ਕੈਦੋ ਆਖਦਾ ਮਲਕੀਏ ਭੈੜੀਏ ਨੀ ਤੇਰੀ ਧੀ ਵੱਡਾ ਚੰਚਲ ਚਾਇਆ ਏ
ਜਾ ਨੈਂ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਏ
ਮਾਂ ਬਾਪ, ਕਾਜ਼ੀ ਸਭ ਹਾਰ ਥੱਕੇ ਏਸ ਇੱਕ ਨਾਂ ਜੀ ਤੇ ਲਾਇਆ ਏ
ਮੂੰਹ ਘੁੱਟ ਰਹੇ ਜਟਾਂ ਪੁੱਟ ਰਹੇ ਲਿੰਗ ਕੁਟ ਰਹੇ ਲਟਕਾਇਆ ਏ
ਸੰਘ ਘੁੱਟ ਰਹੇ ਸਿਰ ਪੁੱਟ ਰਹੇ ਅੰਤ ਹੁੱਟ ਰਹੇ ਮਨ ਤਾਇਆ ਏ