ਪੰਨਾ:ਹੀਰ ਵਾਰਸਸ਼ਾਹ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੮)

ਪੰਜ ਤੱਤ ਮਾਰੇ ਸੋਈ ਫ਼ਕਰ ਹੋਵੇ ਨਹੀਂ ਗੱਧੇ ਤੇ ਗੋਦੜਾ ਪਾਇਆ ਈ
ਸ਼ਾਹ ਦੋਹਾਂ ਜਹਾਨਾਂ ਦਾ ਫ਼ਕਰ ਹੈਗਾ ਨਬੀ ਵਿਚ ਹਦੀਸ ਫੁਰਮਾਇਆ ਈ
ਅਲਫ਼ ਕਰ ਫ਼ਕੀਰ ਵਲ ਫ਼ਕਰ ਮੰਨੀ ਹੱਕ ਫ਼ਕਰ ਦੇ ਕੋਲ ਜੋ ਆਇਆ ਈ
ਵਾਰਸ ਮੁਕਰ ਪਵੇਂ ਗਲੇਂ ਵਿਚ ਦੋਜ਼ਕ ਤੈਨੂੰ ਆਖ ਖਾਂ ਕਿਸ ਪੜ੍ਹਾਇਆ ਈ

ਕਲਾਮ ਹੀਰ

ਹੀਰ ਆਖਦੀ ਕੌਲ ਇਹ ਹੱਕ ਓਨ੍ਹਾਂ ਜਿਹੜੇ ਮਰਦ ਮੈਦਾਨ ਦੀਦਾਰ ਦੇ ਵੇ
ਦਿਨੇ ਰੋਜ਼ਾ ਤੇ ਰਾਤ ਨੂੰ ਜਾਗਦੇ ਨੀ ਵਿਚ ਬੰਦਗੀ ਹੈਨ ਗੁਫ਼ਾਰ ਦੇ ਵੇ
ਦੱਮ ਦੱਮ ਦੇ ਨਾਲ ਜੋ ਕਹਿਣ ਅੱਲਾ ਉਹੀ ਜੀਉਂਦੇ ਜੱਗ ਨੂੰ ਤਾਰ ਦੇ ਵੇ
ਜਿਨ੍ਹਾਂ ਹਿਰਸ ਹਵਾ ਵਿਚ ਉਮਰ ਜਾਲੀ ਉਹ ਆਦਮੀ ਕਿਸੇ ਨਾ ਕਾਰ ਦੇ ਵੇ
ਤੇਰੇ ਜੇਹੇ ਭੁਖੇ ਫਿਰਨ ਲੱਖ ਭੌਂਦੇ ਖੁਆਰ ਖਜਲ ਉਹ ਵਿਚ ਸੰਸਾਰ ਦੇ ਵੇ
ਵਾਰਸਸ਼ਾਹ ਫ਼ਕੀਰ ਬਿਨ ਸਬਰ ਜਿਹੜੇ ਵਿਚ ਰੋਜ਼ ਕਿਆਮਤੇ ਹਾਰ ਦੇ ਵੇ

ਕਲਾਮ ਕੈਦੋ

ਜਿਹੜੀਆਂ ਵਾਦੀਆਂ ਆਦਤਾਂ ਨਾ ਜਾਵਣ ਭਾਵੇਂ ਕੈਦ ਰੱਖੋ ਭਾਵੇਂ ਛੱਡ ਦਿਓ
ਓਸ ਗਲੋਂ ਅਣਮੋੜ ਨਾ ਮੁੜਨ ਹਰਗਿਜ ਭਾਵੇਂ ਵਿਚ ਜ਼ਮੀਨ ਦੇ ਗੱਡ ਦਿਓ
ਓਹਨੂੰ ਡੂੰਘੜੇ ਬੋੜ ਵਿਚ ਬੋੜ ਸੁੱਟੋ ਭਾਵੇਂ ਵਿਚ ਜ਼ਮੀਨ ਤਰੱਡ ਦਿਓ
ਮੈਂ ਤਾਂ ਫੇਰ ਅਜ ਗਲ ਸੁਣਾਉਣੀ ਏਂ ਮੀਏਂ ਚੂਚਕੇ ਨੂੰ ਤੁਸੀਂ ਸੱਦ ਦਿਓ
ਬੇਲੇ ਜਾਵਣੋਂ ਨਹੀਂ ਜੇ ਹੀਰ ਰਹਿੰਦੀ ਦੋਵੇਂ ਪੈਰ ਜੇ ਓਸ ਦੇ ਵੱਢ ਦਿਓ
ਵਾਰਸਸ਼ਾਹ ਬਦ ਆਦਤਾਂ ਨਹੀਂ ਜਾਵਣ ਭਾਵੇਂ ਫੰਡ ਕੇ ਵੱਢਕੇ ਕੱਢ ਦਿਓ

ਹੀਰ ਤੇ ਰਾਂਝੇ ਦੀ ਕੈਦੋ ਨੇ ਢੂੰਡ ਕਰਨੀ

ਵੱਡੀ ਹੋਈ ਉਸ਼ੇਰ ਜਾਂ ਛਿਪਿਆ ਏ ਪੋਹ ਮਾਘ ਕੁੱਤਾ ਵਿਚ ਕੁਨੂੰਆਂ ਦੇ
ਹੋਯਾ ਛਾਹ ਵੇਲਾ ਜਦੋਂ ਵਿਚ ਬੇਲੇ ਫੇਰੇ ਆਣ ਪਏ ਸੱਸੀ ਪੁੰਨੂੰਆਂ ਦੇ
ਵਿਚ ਬੇਲੇ ਦੇ ਦਗ਼ੇ ਤੇ ਛਿਪ ਰਹਿਆ ਘੇਸ ਵੱਟ ਕੇ ਤੇ ਵਾਂਗ ਘੁੰਨੂੰਆਂ ਦੇ
ਪੋਨਾ ਭੰਨ ਕੇ ਰਾਂਝੇ ਦੇ ਹੱਥ ਮਿਲਿਆ ਫੇਰ ਆਣ ਲਗੇ ਰਤੇ ਚੰਨੂੰਆਂ ਦੇ
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ ਕੈਦੋ ਹੋ ਰਿਹਾ ਵਾਂਗ ਘੁੰਨੂੰਆਂ ਦੇ
ਵਾਰਸਸ਼ਾਹ ਫਸਾਦ ਦੀ ਅੱਗ ਪਾਵਣ ਕੰਮ ਇਹ ਨੀ ਸੂਰਤਾਂ ਰੁੰਨੂੰਆਂ ਦੇ

ਹੀਰ ਤੇ ਰਾਂਝੇ ਨੇ ਬੇਲੇ ਵਿਚ ਇਕੱਠੇ ਹੋਣਾ

ਜਦੋਂ ਲਾਲ ਕਚੂਰੀਆਂ ਖੇਡ ਸਈਆਂ ਸਭੋ ਘਰੋ ਘਰੀ ਉੱਠ ਚੱਲੀਆਂ ਨੀ
ਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਢੀਂ ਨਦੀ ਦੀਆਂ ਮਹੀਆਂ ਮੱਲੀਆਂ ਨੀ
ਪਏ ਵੇਖ ਕੇ ਦੋਹਾਂ ਅਕੱਲਿਆਂ ਨੂੰ ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ