ਪੰਨਾ:ਹੀਰ ਵਾਰਸਸ਼ਾਹ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੨)

ਗੁੱਝੇ ਦੇ ਤਾਹਨੇ ਮੇਰਾ ਸਾੜ ਅੰਦਰ ਅਤੇ ਕਾਲਜਾਂ ਚਾ ਤਪਾਇਓ ਜੇ
ਮੈਨੂੰ ਦੇ ਜਵਾਬ ਚਾ ਕੱਢਿਓ ਜੇ ਹੱਲ ਜੋੜ ਕਿਆਰੜਾ ਵਾਹਿਓ ਜੇ
ਰੱਲ ਰੰਨ ਖਸਮਾਂ ਮੈਨੂੰ ਠਿੱਠ ਕੀਤਾ ਮੇਰੇ ਅਰਸ਼ ਦਾ ਕਿੰਗਰਾ ਢਾਹਿਓ ਜੇ
ਨਿੱਤ ਬੋਲੀਆਂ ਮਾਰਦੀਆਂ ਜਾਹ ਸਿਆਲੀਂ ਮੇਰਾ ਕੱਢਣਾ ਦੇਸ ਥੀਂ ਚਾਹਿਓ ਜੇ
ਅਸੀਂ ਹੀਰ ਸਿਆਲ ਦੇ ਚਾਕ ਲੱਗੇ ਜਟੀ ਮਿਹਰ ਦੇ ਨਾਲ ਵੱਲ ਫਾਹਿਓ ਜੇ
ਹੁਣ ਚਿੱਠੀਆਂ ਲਿਖਕੇ ਘੱਲੀਆਂ ਜੇ ਜਦੋਂ ਖੇਤਰੀ ਦਾ ਰਾਖਾ ਚਾਹਿਓ ਜੇ
ਵਾਰਸਸਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਕਿਹਾ ਮਥਾ ਡਾਹਿਓ ਜੇ

ਖਤ ਦਾ ਜਵਾਬ

ਹੀਰ ਪੁੱਛਕੇ ਮਾਹੀਏ ਆਪਣੇ ਨੂੰ ਲਿਖਵਾ ਜਵਾਬ ਚਾ ਟੋਰਿਆ ਈ
ਤੁਸਾਂ ਲਿੱਖਿਆ ਤੇ ਅਸੀਂ ਵਾਚਿਆ ਈ ਸਾਨੂੰ ਵਾਚਦਿਆਂ ਹੀ ਲਗਾ ਝੋਰਿਆ ਈ
ਅਸਾਂ ਧੀਦੋ ਨੂੰ ਹੈ ਮਹੀਂਵਾਲ ਕੀਤਾ ਕਦੀ ਟੋਰਨਾ ਤੇ ਨਹੀਂ ਲੋੜਿਆ ਈ
ਕਦੇ ਪਾਨ ਨਾ ਵਲ ਤੇ ਫੇਰ ਪਹੁੰਚੇ ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ ਗਏ ਵਕਤ ਨੂੰ ਕਿਸੇ ਨਾ ਮੋੜਿਆ ਈ
ਹਥੋਂ ਛੁੱਟੜੇ ਤੀਰ ਨਾ ਕਦੇ ਮਿਲਦੇ ਵਾਰਸ ਛੱਡਣਾ ਤੇ ਨਹੀਂ ਛੋੜਿਆ ਈ

ਰਾਂਝੇ ਦੀਆਂ ਭਾਬੀਆਂ ਨੇ ਹੀਰ ਵਲ ਹੋਰ ਖਤ ਲਿਖਣਾ

ਜੇ ਤੂੰ ਸੋਹਣੀ ਹੋਇਕੇ ਪਵੇਂ ਸੌਕਣ ਅਸੀਂ ਇਕ ਥਾਂ ਇਕ ਚੜ੍ਹੰਦੀਆਂ ਹਾਂ
ਰੱਬ ਜਾਣਦਾ ਏ ਭੈਣਾ ਉਮਰ ਸਾਰੀ ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ
ਉਹ ਅਸਾਂ ਦੇ ਨਾਲ ਹੈ ਚੰਦ ਬਣਦਾ ਅਸੀਂ ਕੇਹੀਆਂ ਨਾਲ ਸਹੁੰਦੀਆਂ ਹਾਂ
ਉਹ ਮਾਰਦਾ ਗਾਲ੍ਹੀਆਂ ਦੇ ਸਾਨੂੰ ਅਸੀਂ ਫੇਰ ਮੁੜ ਚੌਖਨੇ ਹੁੰਦੀਆਂ ਹਾਂ
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ
ਜਿਸ ਵੇਲੜੇ ਦਾ ਸਾਥੋਂ ਰੁੱਸ ਆਇਆ ਅਸੀਂ ਹੰਝੜੂ ਰੱਤ ਦੀਆਂ ਰੁੰਦੀਆਂ ਹਾਂ
ਜੇ ਤੂੰ ਏਸਦੇ ਖਹਿੜਿਓਂ ਲਹੇਂ ਮੋਈਏ ਸਾਰੀ ਉਮਰ ਦੀ ਲਾਵਨਾ ਕੁੰਦੀਆਂ ਹਾਂ
ਵਾਰਸ ਬਹੁਤ ਲਚਾਰ ਖਵਾਰ ਹੋਈਆਂ ਰਾਂਝਾ ਨਜ਼ਰ ਆਵੇ ਜਿੰਦ ਪੁੰਦੀਆਂ ਹਾਂ

ਤਥਾ

ਮੁੜ ਰਾਂਝੇ ਦੀਆਂ ਭਾਬੀਆਂ ਫੇਰ ਲਿਖਿਆ ਹੀਰੇ ਤੁਧ ਦੇ ਮੇਹਣੇ ਸੁਣੰਨੀਆਂ ਹਾਂ
ਇਹ ਅਸਾਂ ਦੇ ਨਾਲ ਹੀ ਸੋਂਹਦਾ ਏ ਭਾਵੇਂ ਛੈਲ ਹਾਂ ਤੇ ਭਾਵੇਂ ਕੁੰਨੀਆਂ ਹਾਂ
ਇਹਦੇ ਥਾਂ ਗੁਲਾਮ ਲਓ ਹੋਰ ਸਾਥੋਂ ਮਮਨੂਨ ਅਹਿਸਾਨ ਦੀਆਂ ਹੁੰਨੀਆਂ ਹਾਂ
ਰਾਂਝੇ ਲਾਲ ਬਾਝੋਂ ਅਸੀਂ ਖੁਆਰ ਹੋਈਆਂ ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ