ਪੰਨਾ:ਹੀਰ ਵਾਰਸਸ਼ਾਹ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਦਾਲ ਸ਼ੋਰਬਾ ਤੇ ਨਾਲ ਮਿੱਠਾ ਮੰਡਾ ਡੂੂੰਮਾਂ ਰਾਵਲਾਂ ਕੰਜਰਾਂ ਨਾਈਆਂ ਨੂੰ
ਵਾਰਸਸ਼ਾਹ ਸਭ ਨਿਆਮਤਾਂ ਜਮ੍ਹਾਂ ਹੋਈਆਂ ਲੋਕ ਖਾਂਵਦੇ ਬੇਪਰਵਾਹੀਆਂ ਨੂੰ

ਕਲਾਮ ਸ਼ਾਇਰ

ਸਾਕ ਮਾੜਿਆਂ ਦੇ ਖੋਹ ਲੈਣ ਡਾਢੇ ਅਨ-ਪੁੱਜਦੇ ਓਹ ਨਾ ਬੋਲਦੇ ਨੇ
ਨਹੀਂ ਚਲਦਾ ਵੱਸ ਲਾਚਾਰ ਹੋਕੇ ਮੋਏ ਸੱਪ ਵਾਂਙੂੰ ਵਿੱਸ ਘੋਲਦੇ ਨੇ
ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ
ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਦੇ ਦੁਖ ਫੋਲਦੇ ਨੇ
ਸ਼ਾਹੂਕਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇ
ਵਾਰਸਸ਼ਾਹ ਲਤਾੜੀਏ ਪਏ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ

ਕਿਸਮ ਚਾਵਲਾਂ ਦੀ

ਮੁਸ਼ਕੀ ਚਾਉਲਾਂ ਦੇ ਭਰੇ ਆਣ ਕੋਠੇ ਸੋਨਪਤੀ ਦੇ ਝੋਨੜੇ ਛੜੀ ਦੇ ਨੀ
ਬਾਸਤੀ ਮੁਸਾਵਰੀ ਬੇਗਮੀ ਸਨ ਹਰੀ ਚੰਦ ਤੇ ਜ਼ੱਰਦੀ ਧਰੀ ਦੇ ਨੀ
ਬਾਰੀਕ ਸੁਫੈਦ ਕਸ਼ਮੀਰ ਚਾਵਲ ਖੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ
ਸੱਠੀ ਕਚਕਰਾ ਸੋਵਲਾ ਅਨੋਖਲਾ ਮੇਵਾ ਪਾ ਕੇ ਥਾਲ ਵਿਚ ਧਰੀ ਦੇ ਨੀ
ਗਲ ਬੁੰਦਿਆ ਰਤਵਾ ਖੂਬ ਚਾਵਲ ਸੁਖਦਾਸ ਨਾਲੇ ਪਏ ਛੜੀ ਦੇ ਨੀ
ਗੁਲੀਆਂ ਸੱਚੀਆਂ ਨਾਲ ਹਥੌੜੀਆਂ ਦੇ ਮੋਤੀ ਚੁਣ ਲੰਬੇਹੀਆ ਜੜੀ ਦੇ ਨੀ
ਅਤੇ ਜੇਵਰਾਂ ਕੁਝ ਸ਼ੁਮਾਰ ਨਾਹੀਂ ਰੰਗ ਰੰਗ ਦੇ ਗਹਿਣੇ ਘੜੀ ਦੇ ਨੀ
ਵਾਰਸਸ਼ਾਹ ਇਹ ਜੇਵਰਾਂ ਘੜਨ ਤਾਈਂ ਪਿੰਡੋਂ ਪਿੰਡ ਸੁਨਿਆਰੜੇ ਫੜੀ ਦੇ ਨੀ

ਤਾਰੀਫ ਜ਼ੇਵਰਾਂ

ਕੰਗਣ ਨਾਲ ਜੰਜੀਰੀਆਂ ਪੰਜ ਮੁਨੀਆਂ ਹਾਰ ਨਾਲ ਲੁੰਗੇਰ ਪੁਵਾਇਓ ਨੇ
ਤ੍ਰੱਗਾਂ ਨਾਲ ਕਪੂਰਾਂ ਦੇ ਜੁੱਟ ਸੁਚੇ ਤੋੜੇ ਪਾਉਂਦੇ ਗਜਰਿਆਂ ਛਾਇਓ ਨੇ
ਪੌਂਚੀ ਜੁਗਨੀਆਂ ਨਾਲ ਹਮੇਲ ਮਾਲਾ ਅਤਰਦਾਨ ਵੀ ਨਾਲ ਘੜਾਇਓ ਨੇ
ਸੋਹਣੀਆਂ ਅੱਡੀਆਂ ਨਾਲ ਪੰਜੇਬ ਫੱਬੇ ਘੁੰਗਰਾਲੜੇ ਘੁੰਗਰੁ ਲਾਇਓ ਨੇ
ਗੋਰਖਧੰਧਾਂ ਅੰਗੂਠੜੀ ਚੋਪ ਕਲੀਆਂ ਕਾਨਫੂਲ ਤੇ ਹਸ ਬਣਾਇਓ ਨੇ
ਵਾਰਸਸ਼ਾਹ ਗਹਿਣਾ ਠੀਕ ਚਾਕ ਆਹਾ ਸੋਈ ਖੱਟੜੇ ਚਾ ਪਵਾਇਓ ਨੇ

ਹੋਰ

ਸਕੰਦਰੀ ਨੇਵਰਾਂ ਬੀਰ ਬਲੀਆਂ ਪਿਪਲ ਪੱਤਰੇ ਝੁੱਮਕੇ ਸਾਰਿਆ ਨੇ
ਹਸ ਜੜੇ ਛਣਕੰਙਣਾਂ ਨਾਲ ਜੁਗਨੀ ਟਿੱਕੇ ਨਾਲ ਹੀ ਚਾ ਸਵਾਰਿਆ ਨੇ
ਚੰਨਨਹਾਰ ਲੌਗਾਂਢੀਆਂ ਨਾਲ ਲੂਹਲਾਂ ਵਡੀ ਡੋਲ ਮਿਆਨੜੇ ਧਾਰਿਆ ਨੇ
ਛੱਲੇ ਲੱਛੀਆਂ ਸਭ ਤਿਆਰ ਹੋਏ ਨਾਲ ਦਾਉਨੀ ਦਾ ਸਵਾਰਿਆ ਨੇ