ਪੰਨਾ:ਹੀਰ ਵਾਰਸਸ਼ਾਹ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬)

ਹਾਥੀ ਮੋਰ ਤੇ ਚਕੀਆਂ ਝਾੜ ਸੁਟੇ ਤਾੜੋ ਤਾੜ ਪਟਾਖਿਆਂ ਪਾ ਮੀਆਂ
ਸਾਵਣ ਭਾਦਰੋਂ ਕੁੱਜੀਆਂ ਖੱਡੀਆਂ ਨੇ ਟਿੰਡ ਚੂਹਿਆਂ ਦੀ ਕਰੇ ਤਾ ਮੀਆਂ
ਮਹਿਤਾਬੀਆਂ ਦੇ ਟੋਟਕੇ ਚਾਦਰਾਂ ਸਨ ਦੇਣ ਚੱਕੀਆਂ ਵਡੇ ਰਸਾ ਮੀਆਂ
ਹਵਾਈਆਂ ਚੜ੍ਹਦੀਆਂ ਤਰਫ਼ ਅਸਮਾਨ ਦੇ ਜੀ ਰੰਗ ਰੰਗ ਦੇ ਹੋਣ ਸੁਆਂ ਮੀਆਂ
ਤਖ਼ਤਰਵਾਂ ਜੋ ਆਂਦਾ ਸੀ ਖੇੜਿਆਂ ਨੇ ਵਾਂਗੂੰ ਬਾਗ ਬਹਿਸ਼ਤ ਸੁਆਂ ਮੀਆਂ
ਸ਼ੁਗਲ ਵੇਖ ਫੁਹਾਰ ਅਨਾਰ ਕਰਦੇ ਭੂਰਾਂ ਛੁੱਟੀਆਂ ਹਰਨ ਨਸਾ ਮੀਆਂ
ਇਕ ਲਾਕੜੀ ਆਉਂਦੇ ਖੇਸ ਲੈਕੇ ਤਸਬੀ ਜ਼ਿਕਰ ਦੀ ਬਹੁਤ ਫਿਰਾ ਮੀਆਂ
ਹਰਟ ਵਗਣ ਤੇ ਵੇਲਣੇ ਲੱਖ ਫਿਰਦੇ ਅਤੇ ਚੱਕੀਆਂ ਫਿਰਦੀਆਂ ਤਾ ਮੀਆਂ
ਕੋਕ ਬਾਣ ਚਲਣ ਜਿਮੀਂ ਕੰਬਦੀ ਸੀ ਬੁਰਜ ਚੜ੍ਹਦੇ ਸਨ ਤਰਫ਼ ਸਮਾ ਮੀਆਂ
ਦੂਰੋਂ ਨੇੜਿਓਂ ਵਿਆਹ ਦੇ ਦੇਖਣੇ ਨੂੰ ਆਏ ਲੋਕ ਸੀ ਹੁੰਮ ਹੁੰਮਾ ਮੀਆਂ
ਸ਼ੇਰ ਹਰਨ ਬਿਲੇ ਛੁੱਟਦੇ ਨਾਲ ਖੁਸ਼ੀ ਮੁਗਲ ਸੋਟੀਆਂ ਤੇ ਭੜਥੂ ਪਾ ਮੀਆਂ
ਲਖ ਆਦਮਾਂ ਦੀ ਖਲਕ ਆ ਢੁੱਕੀ ਰਿਹਾ ਪਿੰਡ ਨਾ ਵਿਚ ਸਮਾ ਮੀਆਂ
ਵਾਰਸਸ਼ਾਹ ਆਤਸ਼ਬਾਜ਼ੀ ਛੁੱਟ ਗਈ ਹੁਣ ਅਗਲੀ ਗਲ ਸੁਣਾ ਮੀਆਂ

ਮਿਰਾਸਣ ਨੇ ਸਿਠਣੀਆਂ ਦੇਣੀਆਂ

ਕਾਮਣ ਪਾਇਕੇ ਡੁਮਣੀ ਛੰਦ ਆਖੇ ਦੇਵੇ ਸਿਠਣੀਆਂ ਤੇ ਖੇੜੇ ਹੱਸ ਦੇ ਨੇ
ਵੇਲਾਂ ਦੇਣ ਅਣਮੁੱਲ ਨਾ ਸੁਧ ਕਾਈ ਖੇੜੇ ਪਏ ਛੋਟੇ ਵਡੇ ਤੱਕ ਦੇ ਨੇ
ਬਹਾਵਨ ਰੱਖ ਪਰੀਠੇ ਵਿਚ ਖੇੜਿਆਂ ਦੇ ਚਾਵਲ ਥਾਲੀਆਂ ਦੇ ਵਿੱਚ ਘੱਤ ਦੇ ਨੇ
ਕੁਝ ਘਿਓ ਅਤੇ ਸ਼ੱਕਰ ਸ਼ੁੱਧ ਨਾਹੀਂ ਖੰਡ ਚਾਵਲਾਂ ਦੇ ਉੱਤੋਂ ਸੱਟ ਦੇ ਨੇ
ਲਗੀ ਦੇਣ ਪਛੋੜੀਆਂ ਲਾਗੀਆਂ ਨੂੰ ਅਤੇ ਹੋਰ ਜੋ ਰਸਮ ਸਪੱਤ ਦੇ ਨੇ
ਵਾਰਸਸ਼ਾਹ ਮੀਆਂ ਖੇੜੇ ਖਾਣ ਖਾਣਾ ਬਹੁਤ ਜੱਸ ਹੋਏ ਚੂਚਕ ਜੱਟ ਦੇ ਨੇ

ਸਾਲੀਆਂ ਦੀਆਂ ਮਸਖਰੀਆਂ

ਮੇਲ ਮੇਲ ਸਿਆਲਾਂ ਨੇ ਜੰਞ ਆਂਦੀ ਲਗੀਆਂ ਸਗਨ ਸਬਬ ਕਰਾਉਣੇ ਨੂੰ
ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀ ਤੇ ਖਡੱਕੁਨੇ ਨਾਲ ਖਿਡਾਉਣੇ ਨੂੰ
ਮੁੱਠ ਖੋਲ੍ਹ ਕੇ ਛਾਣਨੀ ਤੋੜਿਆ ਨੇ ਸੁਥਨ ਸੀਨਿਓਂ ਪਾਰ ਲੰਘਾਉਣੇ ਨੂੰ
ਆ ਬੈਠ ਖੁਡੱਕਨੇ ਖੇਡ ਮੱਲਾ ਜਾਫ਼ਲ ਲੌਂਗ ਸਪਾਰੀਆਂ ਪਾਉਣੇ ਨੂੰ
ਬੰਨ ਤੀਲੀਆਂ ਪਿੜੀ ਵਿਚ ਬਾਲ ਦੀਵਾ ਆਈਆਂ ਲਾੜੇ ਦੀ ਨਜ਼ਰ ਟਿਕਾਉਣੇ ਨੂੰ
ਕਾਈ ਆਖਦੀ ਅੰਮਾਂ ਕਢਾਵਿਆ ਵੇ ਨਿਕੀ ਆਂਦੀਉ ਨਾਲ ਫਟਾਉਣੇ ਨੂੰ
ਤੇਰੇ ਨਿਕੇ ਸਰਬਾਲੇ ਦੀ ਮਾਂ ਕਢੀ ਸਦਿਓ ਓਸ ਨੂੰ ਪਾਸ ਬਹਾਉਣੇ ਨੂੰ
ਕਾਈ ਦੇ ਗਲ੍ਹੱਥਾ ਤੇ ਇਕ ਛਿੱਬੀ ਇਕ ਝਿੜਕ ਦੀ ਦੂਈ ਹਟਾਉਣੇ ਨੂੰ