ਪੰਨਾ:ਹੀਰ ਵਾਰਸਸ਼ਾਹ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਮੁਸਲਮਾਨੀ ਦੇ ਪੰਜ ਬਿੱਨਾ ਦਸੇ ਕਲਮਾ ਸਿਫ਼ਤ ਈਮਾਨ ਪੜ੍ਹਾਉਣੇ ਨੂੰ
ਲਾਇਲਾ ਇਲਲਿਲਾ ਮੁਹੰਮਦੁ ਰਸੂਲਲਿੱਲਾ ਕੋ ਕਹਿਆ ਸ਼ਰੀਅਤ ਬਤਾਉਣੇ ਨੂੰ
ਛੇ ਕਲਮੇ ਤੇ ਪੰਜ ਨਮਾਜ਼ਾਂ ਕਹੀਆਂ ਮਸਲੇ ਹੋਰ ਬਤੇਰੇ ਸਮਝਾਉਣੇ ਨੂੰ
ਦਿਲੋਂ ਸ਼ਕ ਮਿਟਾਇਕੇ ਕਹੀਂ ਬੀਬਾ ਤਾਂ ਈਜ਼ਾਬ ਕਬੂਲ ਕਰਾਉਣੇ ਨੂੰ
ਰਸਾ ਖਾਇਕੇ ਹੀਰ ਸਿਆਲ ਕਹਿੰਦੀ ਨਾ ਕਰ ਝਗੜਾ ਜੀ ਖਪਾਉਣੇ ਨੂੰ
ਮੈਂ ਤਾਂ ਮੁਖ ਨਾ ਮੋੜਸਾਂ ਰਾਂਝਣੇ ਤੋਂ ਵਾਰਸਸ਼ਾਹ ਕੀ ਕੌਲ ਫਿਰਾਉਣੇ ਨੂੰ

ਕਲਾਮ ਹੀਰ ਕਾਜ਼ੀ ਨਾਲ

ਪੜ੍ਹੇ ਇਲਮ ਜੋ ਅਮਲ ਨਾ ਕਰੇ ਭੋਰਾ ਵਿਚ ਹਾਵੀਏ ਦੋਜ਼ਖੀਂ ਸਟਨਾ ਏਂ
ਜਿਹੜਾ ਹੱਕ ਨੂੰ ਕਰੇ ਨਹੱਕ ਮੀਆਂ ਏਸ ਜੱਗ ਤੋਂ ਓਸ ਕੀ ਖੱਟਨਾ ਏਂ
ਡਾਢਾ ਖੂਹ ਡੂੰਘਾ ਵਿਚ ਨਰਕ ਹੈਗਾ ਰੱਬ ਕਾਜ਼ੀਆਂ ਨੂੰ ਓਥੇ ਸੱਟਨਾ ਏਂ
ਜ਼ੁਹਦ ਬੰਦਗੀ ਰਾਤ ਦਿਨ ਕਰਨ ਨਾਹੀਂ ਵਿੱਚ ਅੱਗ ਬੁਰਾਈਆਂ ਦੇ ਘੱਤਨਾ ਏਂ
ਮੈਂ ਤਾਂ ਵਿੱਚ ਈਮਾਨ ਦੇ ਰਹਾਂ ਸਾਬਤ ਭਲਾ ਕਾਜ਼ੀਆ ਤੱਧ ਕੀ ਵੱਟਨਾ ਏਂ
ਵਾਰਸਸ਼ਾਹ ਜੋ ਕਾਜ਼ੀਆਂ ਬੁਰਾ ਕੀਤਾ ਵੱਡੇ ਡੂੰਘਰੇ ਖੂਹ ਵਿੱਚ ਸੱਟਨਾ ਏਂ

ਹੀਰ ਦਾ ਗੁਸੇ ਹੋਣਾ

ਕਾਜ਼ੀ ਸਦਿਆ ਪੜ੍ਹਨ ਨਿਕਾਹ ਨੂੰ ਜੀ ਹੀਰ ਵੇਹਰ ਬੈਠੀ ਨਹੀਂ ਬੋਲਦੀ ਏ
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁਕੀ ਮਾਂ ਕੁਫਰ ਦੇ ਗੈਬ ਕਿਉਂ ਤੋਲਦੀ ਏ
ਕਜ਼ਾ ਵਕਤ ਸ਼ੈਤਾਨ ਜੇ ਦੇਇ ਪਾਣੀ ਪਈ ਜਾਨ ਗਰੀਬ ਦੀ ਡੋਲਦੀ ਏ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਪਈ ਬੋਲਦੀ ਏ
ਮਖਣ ਨਜ਼ਰ ਰੰਝੇਟੇ ਦੀ ਅਸਾਂ ਕੀਤੀ ਸੁੰਞੀ ਮਾਂ ਕਿਉਂ ਛਾਹ ਨੂੰ ਰੋਲਦੀ ਏ
ਅਸਾਂ ਜਾਨ ਰੰਝੇਟੇ ਦੇ ਪੇਸ਼ ਕੀਤੀ ਲੱਖ ਖੇੜਿਆਂ ਨੂੰ ਚਾ ਘੋਲਦੀ ਏ
ਦੇਖੋ ਮਹਿਕਮੇ ਇਸ਼ਕ ਦੇ ਅਸਾਂ ਕੀਤੇ ਸਾਨੂੰ ਮਾਉਂ ਕਿਉਂ ਇਫ਼ਤਰਾ ਬੋਲਦੀ ਏ
ਅਨ੍ਹੇ ਮੇਉਂ ਵਾਂਗਰ ਵਾਰਸਸ਼ਾਹ ਮੀਆਂ ਪਈ ਮੂਤ ਵਿੱਚ ਮਛੀਆਂ ਟੋਲਦੀ ਏ

ਕਲਾਮ ਕਾਜ਼ੀ

ਕਾਜ਼ੀ ਮਹਿਕਮੇਂ ਵਿੱਚ ਇਰਸ਼ਾਦ ਕੀਤਾ ਮੰਨ ਸ਼ਰਹ ਦਾ ਹੁਕਮ ਜੇ ਜੀਉਣਾ ਈਂ
ਬਾਦ ਮੌਤ ਦੇ ਯਾਦ ਈਮਾਨ ਹੀਰੇ ਦਾਖਲ ਵਿੱਚ ਬਹਿਸ਼ਤ ਦੇ ਥੀਉਣਾ ਈ
ਨਾਲ ਜ਼ੌਕ ਤੇ ਸ਼ੌਕ ਦਾ ਨੂਰ ਸ਼ਰਬਤ ਵਿਚ ਜੱਨਤ ਉਲਅਦਨ ਦੇ ਪੀਉਣਾ ਈਂ
ਵਿੱਚ ਸ਼ਰਮ ਹਯਾ ਦੇ ਰਹੀਂ ਸਾਬਤ ਅਤੇ ਖੁਸ਼ੀ ਦੇ ਨਾਲ ਵਹੀਉਣਾ ਈਂ
ਚਾਦਰ ਨਾਲ ਹਯਾ ਦੇ ਸਤਰ ਕੀਜੇ ਕਾਹੇ ਦਰਜ ਹਰਾਮ ਦੀ ਸੀਉਣਾ ਈਂ
ਵਾਰਸਸ਼ਾਹ ਖੁਸ਼ੀ ਹੋਯਾ ਜੱਗ ਸਾਰਾ ਉਮਰ ਖੁਸ਼ੀ ਦੇ ਨਾਲ ਕਟੀਉਣਾ ਈਂ