ਪੰਨਾ:A geographical description of the Panjab.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

ਬਿਸਤ ਜਲੰਧਰ ਦੇ ਨਗਰ।

ਤੇ ਹਾੜੀ ਸਾਉਣੀ ਨੂੰ ਹਰ ਪਰਕਾਰ ਦਾ ਅਨਾਜ, ਅਤੇ ਕਮਾਦ, ਅਰ ਕਪਾਹ ਪੈਦਾ ਹੁੰਦੀ ਹੈ।

Philaur.

ਫਿਲੌਰ, ਦਰਿਆਉ ਸਤਲੁਜ ਦੇ ਕੰਢੇ ਢਾਹੇ ਪੁਰ, ਪੁਰਾਣਾ ਸਹਿਰ ਹੈ; ਅਤੇ ਦਿੱਲੀ ਲਾਹੌਰ ਦਾ ਰਾਜ ਘਾਟ ਬੀ ਉਸੇ ਪੱਤਣ ਹੈ। ਅਗਲੇ ਪਾਤਸਾਹਾਂ ਦੇ ਸਮੇ ਵਿਖੇ ਇਹ ਇਕ ਵਡਾ ਸਹਿਰ ਹੋ ਹਟਿਆ ਹੈ; ਹੁਣ ਸਿੱਖਾਂ ਦੀ ਮਾਰਧਾੜ ਦੇ ਸਬਬ ਬੈਰਾਨ ਹੋ ਗਿਆ। ਜਾਂ ਅੰਗਰੇਜਾਂ ਸਾਹਬਾਂ ਦੀ ਫੌਜ ਨੈ ਉਰਾਰਲੇ ਕੰਢੇ ਲੁਦੇਹਾਣੇ ਵਿਚ ਆਕੇ ਛਾਉਣੀ ਪਾਈ ਅਤੇ ਵਡਾ ਪੱਕਾ ਅਰ ਮਜਬੂਤ ਕਿਲਾ ਬਣਾ ਲਿਆ, ਤਾਂ ਮਹਾਰਾਜ ਰਣਜੀਤਸਿੰਘੁ ਨੈ ਬੀ ਉਹ ਦੇ ਸਾਹਮਣੇ ਇਸ ਸਹਿਰ ਫਿਲੌਰ ਦੇ ਵਿਚ ਆਪਣੀ ਫੌਜ ਬਹਾਲ਼ੀ, ਅਤੇ ਉਹ ਨੂੰ ਆਪਣੇ ਮੁਲਖ ਦਾ ਬੰਨਾ ਠਰਾਇਆ, ਅਤੇ ਪਾਤਸਾਹੀ ਸਰਾਂ ਦੇ ਦੁਆਲ਼ੇ ਵਡੀ ਡੂੰਘੀ ਅਰ ਪੱਕੀ ਖਾਈ ਬਣਵਾਕੇ ਉਹ ਨੂੰ ਕਿਲਾ ਠਰਾਇਆ, ਅਤੇ ਸੱਤ ਅੱਠ ਹਜਾਰ ਫੌਜ ਉਥੇ ਸਦਾ ਰਹਿੰਦੀ ਰਹੀ। ਹੁਣ ਕਿਲੇ ਦੇ ਪਾਹਰੂਆਂ ਅਰ ਕਾਰਦਾਰਾਂ ਛੁੱਟ; ਉਥੇ ਹੋਰ ਫੌਜ ਨਹੀਂ ਰਹਿੰਦੀ; ਜਿਸ ਵੇਲੇ ਕੁਛ ਲੋੜ ਹੁੰਦੀ ਹੈ, ਉਥੇ ਫੌਜ ਆ ਜਾਂਦੀ ਹੈ। ਅਤੇ ਜਾਂ ਫੌਜ ਆ ਜਾਂਦੀ ਹੈ, ਤਾਂ ਫੇਰ ਰੌਣਕ ਹੋ ਜਾਂਦੀ ਹੈ। ਅਤੇ ਹੱਟਾਂ ਦੋ ਕੁ ਸੌ ਤੀਕੁਰ ਹੋ ਗਈਆਂ ਹਨ।

Talwan.

ਤਲਵਣ ਇਕ ਕਦੀਮੀ ਸਹਿਰ ਮੁਸਲਮਾਨ ਰਾਜਪੂਤਾਂ ਦੀ ਬਾਰਸੀ ਵਿਚ ਹੈ। ਜਾਂ ਨਾਦਰਸਾਹ ਪਾਤਸਾਹ ਨੈ ਇਸ ਮੁਲਖ ਵਿਚ ਆਕੇ ਦਿੱਲੀ ਦੀ ਪਾਤਸਾਹੀ ਨੂੰ ਹੇਠ ਉਪਰ ਕਰ ਸਿਟਿਆ, ਅਤੇ ਹਰ ਜਿਮੀਦਾਰ, ਆਪਣੇ ਆਪਣੇ ਘਰ ਵਿਚ