ਪੰਨਾ:A geographical description of the Panjab.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੬੧

ਤਿਸ ਪਿਛੇ ਅਹਿਮਦਸਾਹ ਪਠਾਣ ਆਇਆ, ਅਤੇ ਓਨ ਆਉਂਦੇ ਹੀ ਕਮਰਦੀਨਖਾਂ ਦੇ ਪੁੱਤ ਨਬਾਬ ਮੁਈਨੁਲਮੁਲਖ, ਨੂੰ ਲਹੌਰ ਵਿਚ ਘੇਰਕੇ ਪਕੜ ਲਿਆ, ਅਤੇ ਬਾਹਰਲਾ ਸਹਿਰ ਅੱਧਿੳਂ ਬਹੁਤ ਲੁਟ ਗਿਆ, ਅਤੇ ਬੁੱਧੂ ਦੇ ਆਵੇ ਪੁਰ ਤੋਪ ਝੜਾਕੇ ਸਹਿਰ ਵਿਚ ਗੋਲੇ ਮਾਰਨੇ ਸੁਰੂ ਕੀਤੇ, ਤਾਂ ਸੁਲਾ ਦਾ ਦਰਵੱਜਾ ਖੁੱਲਿਆ, ਅਰਥਾਤ ਸੁਲਾ ਹੋ ਗਈ।

ਉਪਰੰਦ ਜਾਂ ਨਬਾਬ ਮੁਈਨੁਲਮੁਲਖ ਮਰ ਗਿਆ, ਤਾਂ ਸਿੱਖਾਂ ਨੈ ਸਿਰ ਚੁੱਕਿਆ, ਅਤੇ ਲਹੌਰ ਨੂੰ ਲੁੱਟ ਪੁੱਟਕੇ ਫੂਕ ਦਿੱਤਾ। ਉਤ ਵੇਲੇ ਲਹੌਰ ਸਣਮੁੰਢਾ ਉਜੜ ਹੋ ਗਿਆ; ਥੁੁਹੁੜੀ ਜਿਹੀ ਅੰਦਰਲੀ ਬਸੋਂ ਛੁੱਟ, ਸਹਿਰ ਦੀ ਬਾਹਰਲੀ ਬਸੋਂ ਵਿਚ ਇਕ ਘਰ ਬੀ ਬਸਦਾ ਨਹੀਂ ਛੱਡਿਆ ਸੀ; ਜਿਹਾਕੁ ਇਹ ਸਾਰਾ ਝੇੜਾ, ਰਾਜਿਆਂ ਅਤੇ ਪਾਤਸਾਹਾਂ ਦੀ ਵਿਥਿਆ ਵਿਖੇ, ਆਪੋ ਆਪਣੀ ਜਾਗਾ ਸਿਰ ਲਿਖਿਆ ਜਾਊ।

ਗੋਲ ਕਾਹਦੀ, ਜਾਂ ਮਹਾਰਾਜ ਰਣਜੀਤ ਸਿੰਘੁ ਨੈ ਭੰਗੀ ਸਿੱਖਾਂ ਕੋਲ਼ੋਂ ਮੁਲਖ ਖਹੁ ਲਿਆ, ਤਾਂ ਇਹ ਸਹਿਰ ਵੀ ਉਸਦੇ ਹੇਠ ਆ ਗਿਆ। ਓਨ ਇਸ ਸਹਿਰ ਨੂੰ ਆਪਣੇ ਸਿੰਘਾਸਣ ਦੀ ਜਾਗਾ ਠਰਾਕੇ, ਅਤੇ ਸਹਿਰਪਨਾਹ ਦੀ ਸਫੀਲ ਦੀ ਮੁਰੰਮਤ ਕਰਾਕੇ ਉਹ ਦੇ ਦੁਆਲ਼ੇ ਪੱਕੀ ਚੂਨੇ ਗੱਚ ਖਾਈ ਬਣਵਾਈ, ਅਤੇ ਹਰ ਦਰਵੱਜੇ ਅੱਗੇ ਇਕ ਇਕ ਦਮਦਮਾ ਬਣਾਕੇ ਉਸ ਉੱਤੇ ਲੋਹੇ ਦੇ ਦਰਵੱਜੇ ਝੜਾਏ। ਅਤੇ ਉਸ ਸਹਿਰ ਦੇ ਬਾਰਾਂ ਦਰਵੱਜੇ ਅਤੇ ਇਕ ਮੋਰੀ ਹੈ, ਅਤੇ ਹਰ ਦਰਵੱਜੇ ਦਾ ਜੁਦਾ ਜੁਦਾ ਨਾਉਂ ਹੈ। ਅਤੇ ਅੰਬਾਰਤਾਂ ਅਰ ਮਸੀਤਾਂ ਅਰ ਮਕਬਰੇ ਅਰ ਗੁੰਮਜ, ਜੋ ਸਹਿਰਪਨਾਹ ਦੇ ਨੇੜੇ ਸਨ, ਸਭ ਮੁੰਢੋਂ ਢਾਹ ਸਿੱਟੇ, ਅਤੇ ਜਿਮੀਨ ਨਾਲ਼ ਬਰੋਬਰ ਕਰ ਦਿੱਤੇ, ਅਤੇ ਕਈ ਉਜੜ ਮਕਾਨ ਜੋ ਸਹਿਰੋਂ ਬਾਹਰ ਸੇ, ਢਾਹ ਢੂਹਕੇ ਬਰੋਬਰ ਕਰ ਦਿਤੇ।