ਪੰਨਾ:Aaj Bhi Khare Hain Talaab (Punjabi).pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੰਮ੍ਹ ਤਾਲਾਬ ਦੇ ਜਲ-ਪੱਧਰ ਜਾਂ ਇਸਦੀ ਮਾਤਰਾ ਨੂੰ ਦਰਸਾਉਂਦੇ ਸਨ, ਪਰ ਤਾਲਾਬ ਦੀ ਡੂੰਘਾਈ ਹਮੇਸ਼ਾ 'ਪੁਰਖ' ਨਾਪ ਨਾਲ ਨਾਪੀ ਜਾਂਦੀ ਸੀ।ਦੋਵੇਂ ਬਾਹਾਂ ਪੂਰੀਆਂ ਫੈਲਾ ਕੇ ਖੜ੍ਹੇ ਪੁਰਖ ਦੇ ਇੱਕ ਹੱਥ ਤੋਂ ਦੂਜੇ ਹੱਥ ਤੱਕ ਦੀ ਕੁੱਲ ਲੰਬਾਈ 'ਪੁਰਸ਼' ਅਖਵਾਉਂਦੀ ਹੈ।ਇੰਚ,ਫੁੱਟ ਵਿੱਚ ਇਹ ਕੋਈ ਛੇ ਫੁੱਟ ਬੈਠਦੀ ਹੈ।ਇਹੋ-ਜਿਹੇ 20ਪੁਰਸ਼ ਜਾਂ ਪੁਰਖ ਡੂੰਘਾਈ ਦਾ ਤਾਲਾਬ ਆਦਰਸ਼ ਮੰਨਿਆ ਜਾਂਦਾ ਹੈ।ਤਾਲਾਬ ਬਣਾਉਣ ਵਾਲਿਆਂ ਦੀ ਚਾਹ ਵੀ ਇਸੇ 'ਬੀਸੀ' ਨੂੰ ਛੋਹਣ ਦੀ ਹੁੰਦੀ ਸੀ, ਪਰ ਬਣਾਉਣ ਵਾਲਿਆਂ ਦੀ ਸਮੱਰਥਾ ਅਤੇ ਆਗੌਰ-ਆਗਰ ਦੀ ਸਮੱਰਥਾ ਅਨੁਸਾਰ ਇਹ ਘਟ-ਵਧ ਜਾਂਦੀ ਰਹੀ ਹੈ।

ਬੀਸੀ ਜਾਂ ਉਸ ਤੋਂ ਵੀ ਜ਼ਿਆਦਾ ਡੂੰਘੇ ਤਾਲਾਬਾਂ ਵਿੱਚ ਪਾਲ ਤੇ ਤਰੰਗਾਂ ਦਾ ਵੇਗ ਤੋੜਨ ਲਈ ਆਗੌਰ ਅਤੇ ਆਗਰ ਵਿੱਚ ਟਾਪੂ ਬਣਾਏ ਜਾਂਦੇ ਰਹੇ ਹਨ।ਇਹੋ ਜਿਹੇ ਤਾਲਾਬ ਬਣਾਉਣ ਸਮੇਂ ਡੂੰਘੀ ਪੁਟਾਈ ਦੀ ਸਾਰੀ ਮਿੱਟੀ ਪਾਲ ਉੱਤੇ ਚੜ੍ਹਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਉਸ ਨੂੰ ਹੋਰ ਵੀ ਦੂਰ ਤਾਲਾਬ ਤੋਂ ਬਾਹਰ ਲਿਆ ਕੇ ਸੱਟਣਾ ਵੀ ਔਖਾ ਹੁੰਦਾ ਹੈ।ਇਸ ਲਈ ਬੀਸੀ ਵਰਗੇ ਡੂੰਘੇ ਤਾਲਾਬਾਂ ਵਿੱਚ ਤਕਨੀਕੀ ਕਾਰਨਾਂ ਕਰਕੇ ਤਾਲਾਬ ਵਿੱਚ ਟਾਪੂ ਵਰਗੇ ਇੱਕ ਜਾਂ ਇੱੱਕ ਤੋਂ ਵੱਧ ਥਾਂ ਛੱਡ ਦਿੱਤਾ ਜਾਂਦੇ ਸਨ।ਇਨ੍ਹਾਂ ਉੱਤੇ ਪੁਟਾਈ ਦੀ ਵਾਧੂ ਮਿੱਟੀ ਵੀ ਸੁੱਟੀ ਜਾਂਦੀ ਸੀ।ਤਕਨੀਕੀ ਮਜ਼ਬੂਤੀ ਤੇ ਵਿਵਹਾਰਕ ਸਹੂਲਤ ਤੋਂ ਇਲਾਵਾ ਉੱਪਰ ਤੱਕ ਭਰੇ ਤਾਲਾਬ ਵਿਚਾਲੇ ਇਹ ਪੂਰੇ ਦ੍ਰਿਸ਼ ਨੂੰ ਹੋਰ ਵੀ ਮਨਮੋਹਣਾ ਬਣਾ ਦਿੰਦੇ ਹਨ ।

ਟਾਪੂ, ਟਿਪੂਆ, ਟੇਕਰੀ ਤੇ ਦੀਪ ਵਰਗੇ ਸ਼ਬਦ ਤਾਂ ਇਸ ਹਿੱਸੇ ਲਈ ਮਿਲਦੇ ਹੀ ਹਨ, ਪਰ ਰਾਜਸਥਾਨ ਵਿੱਚ ਤਾਲਾਬ ਦੇ ਇਸ ਵਿਸ਼ੇਸ਼ ਹਿੱਸੇ ਨੂੰ ਇੱਕ ਵਿਸ਼ੇਸ਼ ਨਾਂ ਦਿੱਤਾ ਗਿਆ ਹੈ- 'ਲਾਖੇਟਾ'।

ਲਾਖੇਟਾ ਲਹਿਰਾਂ ਦੀ ਧਾਰਾ ਤਾਂ ਤੋੜਦਾ ਹੀ ਹੈ, ਪਰ ਨਾਲ ਹੀ ਤਾਲਾਬ ਅਤੇ ਸਮਾਜ ਨੂੰ ਜੋੜਦਾ ਵੀ ਹੈ।ਜਿੱਥੇ ਕਿਤੇ ਵੀ ਲਾਖੇਟਾ ਮਿਲਦੇ ਹਨ, ਉਸ ਉੱਤੇ ਉਸ ਖੇਤਰ ਦੇ ਕਿਸੇ ਸੰਤ ਜਾਂ ਯਾਦ ਰੱਖਣ ਯੋਗ ਵਿਅਕਤੀ ਦੀ ਯਾਦ ਵਿੱਚ ਇੱਕ ਸੁੰਦਰ ਛਤਰੀ ਬਣੀ ਮਿਲਦੀ ਹੈ।ਲਾਖੇਟਾ ਵੱਡਾ ਹੋਇਆ ਤਾਂ ਛਤਰੀ ਦੇ ਨਾਲ ਖੇਜੜੀ ਅਤੇ ਪਿੱਪਲ ਦੇ ਰੁੱਖ ਲੱਗੇ ਮਿਲਣਗੇ।

ਸਭ ਤੋਂ ਵੱਡਾ ਲਾਖੇਟਾ?ਅੱਜ ਇਸ ਲਾਖੇਟੇ ਉੱਤੇ ਰੇਲ ਦਾ ਸਟੇਸ਼ਨ ਹੈ, ਬਸ ਅੱਡਾ ਹੈ ਅਤੇ ਇੱਕ ਮੰਨਿਆ-ਪ੍ਰਮੰਨਿਆ ਉਦਯੋਗਿਕ ਖੇਤਰ ਵੀ ਵਸਿਆ ਹੈ, ਜਿਸ ਵਿੱਚ ਹਿੰਦੁਸਤਾਨ ਇਲੈਕਟ੍ਰੋ-ਗਰੇਫਾਈਟਸ ਵਰਗੇ ਦਿਉਕੱਦ ਕਾਰਖਾਨੇ ਲੱਗੇ ਹਨ।ਮੱਧ ਰੇਲਵੇ ਰਾਹੀਂ ਭੋਪਾਲ ਹੋ ਕੇ ਇਟਾਰਸੀ ਜਾਂਦੇ ਹੋਏ ਮੰਡੀ ਦੀਪ ਨਾਂ ਦਾ ਇਹ ਸਥਾਨ ਕਿਸੇ ਜ਼ਮਾਨੇ ਵਿੱਚ ਭੋਪਾਲ ਤਾਲ ਦਾ ਲਾਖੇਟਾ ਸੀ।ਕਦੇ ਲਗਭਗ 250 ਵਰਗ ਮੀਲ ਵਿੱਚ ਫੈਲਿਆ ਇਹ ਵਿਸ਼ਾਲ ਤਾਲ ਹੋਸ਼ੰਗਸ਼ਾਹ ਦੇ ਸਮੇਂ ਵਿੱਚ ਤੋੜ ਦਿੱਤਾ ਗਿਆ ਸੀ।ਅੱਜ ਇਹ ਸੁੰਗੜ ਕੇ ਬਹੁਤ ਛੋਟਾ ਹੋ ਗਿਆ ਹੈ, ਫਿਰ ਵੀ ਇਸ ਦੀ ਗਿਣਤੀ