ਪੰਨਾ:Aaj Bhi Khare Hain Talaab (Punjabi).pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲਾਬ ਵਿੱਚ ਪਾਣੀ ਆਉਂਦਾ ਹੈ'ਪਾਣੀ ਜਾਂਦਾ ਹੈ।ਮੀਂਹ ਦੀਆਂ ਤੇਜ਼ ਕਣੀਆਂ ਨਾਲ ਆਗੌਰ(ਜਿਥੋਂ ਪਾਣੀ ਆਉਂਦਾ ਹੈ)ਦੀ ਮਿੱਟੀ ਘੁਲਦੀ ਹੈ।ਪਾਲ ਦੀ ਮਿੱਟੀ ਕੱਟਦੀ ਹੈ ਅਤੇ ਆਗਰ(ਘੇਰਾ)ਜਿਸ ਵਿਚ ਪਾਣੀ ਭਰਦਾ ਹੈ, ਵਿੱਚ ਭਰਦੀ ਹੈ।

ਤਾਲਾਬ ਦਾ ਰੂਪ ਵਿਗੜਨ ਦੀ ਇਹ ਖੇਡ ਲਗਾਤਾਰ ਚੱਲਦੀ ਰਹਿੰਦੀ ਹੈ।ਇਸੇ ਲਈ ਤਾਲਾਬ ਬਣਾਉਣ ਵਾਲਾ ਸਮਾਜ, ਤਾਲਾਬ ਦੇ ਰੂਪ ਵਿਗੜਨ ਤੋਂ ਬਚਾਉਣ ਦੀ ਖੇਡ ਵੀ ਓਨੇ ਹੀ ਨਿਯਮਾਂ ਨਾਲ ਖੇਡਦਾ ਹੈ।ਜਿਹੜੇ ਤਾਲਾਬ ਵੇਖਦਿਆਂ-ਵੇਖਦਿਆਂ ਹੀ ਪਿਛਲੇ ਪੰਜਾਹ-ਸੌ ਸਾਲਾਂ ਖਤਮ ਕਰ ਦਿੱਤੇ ਗਏ, ਉਨ੍ਹਾਂ ਤਾਲਾਬਾਂ ਨੇ ਨਿਯਮਾਂ ਨਾਲ ਖੇਡੀਆਂ ਗਈਆਂ ਖੇਡਾਂ ਕਾਰਨ ਹੀ ਸੈਂਕੜੇ ਸਾਲਾਂ ਤੱਕ ਸਮਾਜ ਦੀ ਖੇਡ ਠੀਕ ਢੰਗ ਨਾਲ਼ ਚਲਾਈ ਸੀ।

ਤਾਲਾਬ ਵਿੱਚ ਪਹਿਲੀ ਵਾਰ ਪਾਣੀ ਭਰਦਿਆਂ ਹੀ ਇਸ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਹੋ ਜਾਂਦਾ ਸੀ।ਇਹ ਕੰਮ ਸੌਖਾ ਨਹੀਂ ਸੀ, ਪਰ ਸਮਾਜ ਨੇ ਦੇਸ਼ ਦੇ ਇਸ ਕੋਣੇ ਤੋਂ ਉਸ ਕੋਣੇ ਤੱਕ ਹਜ਼ਾਰਾਂ ਤਾਲਾਬਾਂ ਨੂੰ ਠੀਕ-ਠਾਕ ਰੱਖਣਾ ਸੀ।ਇਸੇ ਲਈ ਉਸਨੇ ਇਸ ਔਖੇ ਕੰਮ ਨੂੰ ਹਰੇਕ ਥਾਂ ਬੇਹੱਦ ਸਚਾਰੁ ਢੰਗ ਨਾਲ ਚਲਾਇਆ ਸੀ।

ਆਗੌਰ ਵਿੱਚ ਪੈਰ ਰੱਖਦਿਆਂ ਹੀ ਤਾਲਾਬ ਦੇ ਰੱਖ-ਰਖਾਅ ਦਾ ਕੰਮ ਦੇਖਣ ਨੂੰ ਮਿਲ ਜਾਵੇਗਾ।ਦੇਸ਼ ਦੇ ਕਈ ਖੇਤਰਾਂ ਵਿੱਚ ਤਾਲਾਬਾਂ ਦਾ ਆਗੌਰ ਸ਼ੁਰੂ ਹੁੰਦੇ ਹੀ ਉਸਦੀ ਸੂਚਨਾ ਦੇਣ ਵਾਲੇ ਪੱਥਰ ਦੇ ਬੇਹੱਦ ਸੁੰਦਰ ਥੰਮ੍ਹ ਦਿਸਣ ਲੱਗ ਪੈਣਗੇ।ਥੰਮ੍ਹ ਨੂੰ ਦੇਖਕੇ ਸਮਝ ਲਉ ਕਿ ਤੁਸੀਂ ਤਾਲਾਬ ਦੇ ਆਗੌਰ ਵਿੱਚ ਖੜ੍ਹੇ ਹੋ,ਇੱਥੋਂ ਹੀ ਪਾਣੀ ਤਾਲਾਬ ਵਿੱਚ ਭਰੇਗਾ।ਇਸ ਲਈ ਇਸ ਥਾਂ ਨੂੰ ਸਾਫ਼-ਸੁਥਰਾ ਰੱਖਣਾ ਹੈ। 'ਜੁੱਤੀਆਂ ਪਾ ਕੇ ਆਗੌਰ ਵਿੱਚ ਆਉਣਾ ਮਨ੍ਹਾ ਹੈ' । ਟੱਟੀ-ਪਿਸ਼ਾਬ ਦੀ ਗੱਲ ਤਾਂ ਦੂਰ, ਇੱਥੇ 'ਥੁੱਕਣਾ ਵੀ ਮਨ੍ਹਾ ਹੈ' ਅਜਿਹੇ ਸਾਈਨ ਬੋਰਡ ਵਗੈਰਾ ਵੀ ਨਹੀਂ ਲਾਏ ਜਾਂਦੇ ਸਨ, ਪਰ ਲੋਕੀ ਸਿਰਫ ਥੰਮ੍ਹ ਦੇਖਕੇ ਹੀ ਇਨ੍ਹਾਂ ਸਾਰੀਆਂ ਗੱਲਾਂ ਦਾ ਪੂਰਾ ਧਿਆਨ ਰੱਖਦੇ ਸਨ।