ਪੰਨਾ:ਅੱਗ ਦੇ ਆਸ਼ਿਕ.pdf/110

ਵਿਕੀਸਰੋਤ ਤੋਂ
(ਪੰਨਾ:Agg te ashik.pdf/110 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੈਂ ਤੇਰੀ ਗੁੱਤਣੀ ਨਾ ਪੁਟੂੰ।'

'ਸਾਰਾ ਦਿਨ ਕੀੜੇ ਮਕੌੜੇ ਮਾਰਦਾ ਰਹਿੰਦਾ ਕਾਪੀਆਂ ਕਿਤਾਬਾਂ ਵਿਚ ਵੱਡਾ ਮੇਰੀ ਗੁੱਤਣੀ ਪੁਟਣ ਵਾਲਾ।'

ਸਰਵਣ ਨੂੰ ਪਤਾ ਸੀ ਕਿ ਪ੍ਰੀਪਾਲ ਜਾਣ ਬੁਝ ਕੇ ਲਲ੍ਹੀਆਂ ਮਾਰ ਰਹੀ ਏ ਅਤੇ ਵਿਚੋਂ ਉਹ ਦੋ ਚਾਰ ਗੱਲਾਂ ਕਰਨ ਦਾ ਬਹਾਨਾ ਬਣਾਈਂ ਬੈਠੀ। 'ਲਿਆ ਖਾਂ ਦਖਾ ਕਿਥੇ ਵਜੀ ਤੈਨੂੰ ਢੀਮ੍ਹ?' ਮਣ੍ਹੇ ਤੋਂ ਉਤਰ ਸਰਵਣ ਨੇ ਉਹਦਾ ਰਾਹ ਰੋਕ ਲਿਆ।

'ਦੇਖਾਂ ਕਿਦਾਂ 'ਕੱਠਾ ਹੋਇਆ ਮੇਰਾ ਬੁਕ।' ਪ੍ਰੀਪਾਲ ਨੇ ਬਾਂਹ ਅਗੇ ਕਰਦਿਆਂ ਆਖਿਆ।

'ਝੂਠੀ ਕਿਤੋਂ ਦੀ।' ਕਹਿੰਦਿਆਂ ਸਰਵਣ ਦਾ ਮੂੰਹ ਸਵਾਦ ਸਵਾਦ ਹੋ ਗਿਆ।

'ਹਈ ਮਾਂ ਮੇਰਾ ਹੱਥ ਘੁੱਟ ਸੁਟਿਆ ਈ......ਟੋਟਿਆ ਕੁਝ ਸ਼ਰਮ ਕਰ।' ਪ੍ਰੀਪਾਲ ਨੇ ਬਣਾਉਟੀ ਜਿਹਾ ਗੁੱਸਾ ਪ੍ਰਗਟਾਉਂਦਿਆਂ ਆਖਿਆ। ਵੈਸੇ ਉਹਦੇ ਆਪਣੇ ਅੰਦਰ ਇਕ ਮਿਠੀ ਜਿਹੀ ਝਰਨਾਟ ਛਿੜ ਗਈ ਸੀ ਅਤੇ ਉਹਦੇ ਮੂੰਹ 'ਤੇ ਜਿਵੇਂ ਹਯਾ ਦਾ ਪਰਛਾਵਾਂ ਪੈ ਗਿਆ ਹੋਵੇ।

'ਹੋਰ ਕੱਢ ਲਾ ਗਾਹਲਾਂ।' ਸਰਵਣ ਨੇ ਉਹਦੇ ਬੁੱਕ ਨੂੰ ਹੋਰ ਜ਼ੋਰ ਦੀ ਘੁਟਦਿਆਂ ਕਿਹਾ।

'ਕਢੂੰਗੀ ਫਿਰ', ਪ੍ਰੀਪਾਲ ਦਾ ਕਲੇਜਾ ਧੜਕ ਰਿਹਾ ਸੀ ਅਤੇ 'ਕਢੂੰਗੀ' ਸ਼ਬਦ ਵੀ ਉਹਦੇ ਮੂੰਹੋਂ ਬੜੀ ਮੁਸ਼ਕਲ ਨਾਲ ਨਿਕਲਿਆ ਸੀ।

'ਅੱਛਾ, ਗੱਲ ਸੁਣ ਇਕ......', ਸਰਵਣ ਏਨਾ ਕਹਿ ਕੇ ਉਹਦੇ ਮੂੰਹ ਵਲ ਝਾਕਣ ਲਗ ਪਿਆ।

ਬੋਲ ਵੀ ਕਿ ਬਿੱਟਰ ਬਿੱਟਰ ਵੇਖੀ ਜਾਨਾ ਮੇਰੇ ਮੂੰਹ ਵਲ?' ਪ੍ਰੀਪਾਲ ਦੀਆਂ ਲੱਤਾਂ ਜਿਵੇਂ ਇਕ ਕੰਬਣੀ ਮਹਿਸੂਸ ਕਰ ਰਹੀਆਂ ਸਨ ਅਤੇ ਜ਼ਬਾਨ ਥਥਿਆ ਰਹੀ ਸੀ।

੧੦੫