ਪੰਨਾ:ਅੱਗ ਦੇ ਆਸ਼ਿਕ.pdf/127

ਵਿਕੀਸਰੋਤ ਤੋਂ
(ਪੰਨਾ:Agg te ashik.pdf/127 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਤਰ ਬਣਿਆ ਹੋਇਆ ਸੀ। ਸਰਵਣ ਆਪਣੇ ਸੁਨੇਹ ਭਰਪੂਰ ਵਤੀਰੇ ਕਾਰਨ, ਨੂਰਪੁਰ ਦੇ ਲੋਕਾਂ ਦਾ ਆਦਰ ਮਾਣ ਪ੍ਰਾਪਤ ਕਰ ਚੁੱਕਾ ਸੀ, ਜਦ ਕਿ ਕੰਵਰ ਨੂੰ ਆਪਣੀ ਸਾਖ ਪਿੰਡ ਵਿਚੋਂ ਮੁਕ ਹੀ ਗਈ ਲਗਦੀ। ਇਹ ਗਲ ਕੰਵਰ ਦੀਆਂ ਅੱਖਾਂ ਵਿਚ ਭੱਖੜੇ ਵਾਂਗ ਰੜਕਦੀ ਸੀ। ਉਹ ਆਪਣੇ ਉਖੜੇ ਪੈਰਾਂ ਨੂੰ ਮੁੜ ਤੋਂ ਜਮਾਉਣ ਦੀਆਂ ਵਿਉਂਤਾਂ ਸੋਚਣ ਲੱਗਾ।

ਕੰਵਰ ਦੀਆਂ ਸੋਚਾਂ ਨੂੰ ਪਰਫੁੱਲਤ ਹੋਣ ਦਾ ਮੌਕਾ ਆ ਗਿਆ। ਦੇਸ਼ ਦੀ ਵੰਡ ਦੀਆਂ ਗੱਲਾਂ ਚਲ ਪਈਆਂ। ਹੌਲੀ ਹੌਲੀ ਹਿੰਦੂ-ਮੁਸਲਮ ਫਸਾਦ ਸ਼ੁਰੂ ਹੋ ਗਏ। ਲੋਕ, ਉਜੜ ਕੇ ਆਏ ਲੋਕਾਂ ਦੇ ਸੜਕਾਂ ਤੋਂ ਲੰਘਦੇ ਕਾਫਲੇ ਵੇਖਣ ਲਗੇ। ਰੋਂਦੇ ਕੁਰਲਾਉਂਦੇ ਹਜੂਮ, ਹਿਸੇ ਹਿਸੇ ਚਿਹਰੇ, ਘਾਬਰੇ ਘਾਬਰੇ ਤੀਵੀਆਂ ਬੱਚੇ, ਮੌਤ ਦੇ ਪਰਛਾਵੇਂ ਬੱਚੇ ਆਪਣਾ ਸਭ ਕੁਝ ਲੁਟ-ਲੁਟਾ ਕੇ ਹਾਰ-ਹੱਟੇ ਜਵਾਰੀਏ ਵਾਂਗ ਸੜਕਾਂ ਨੂੰ ਮਾਪਦੇ ਅਗਿਓਂ ਅਗੇ ਕਿਸੇ ਅਣਜਾਣੇ ਥਾਂ ਨੂੰ ਤੁਰੇ ਜਾ ਰਹੇ ਸਨ।

ਘੁੱਟੀ ਘੁੱਟੀ ਫਿਜ਼ਾ ਵਿਚ ਨਫ਼ਰਤ ਦੀ ਜ਼ਹਿਰ ਘੁਲਦੀ ਗਈ। ਦਿਨ ਦੇ ਦੋ ਵਜੇ ਸਨ ਕਿ ਆਲੇ ਦੁਆਲੇ ਦੇ ਪਿੰਡਾਂ 'ਚੋਂ ਸਿੱਖ ਘੋੜ ਸਵਾਰਾਂ ਨੂਰਪੁਰ 'ਤੇ ਆਣ ਹੱਲਾ ਬੋਲਿਆ। ਕੰਵਰ ਇਹਨਾਂ ਘੜ ਸਵਾਰਾਂ ਦਾ ਮੋਹਰੀ ਸੀ। ਸ਼ਾਮ ਪੈਣ ਤਕ ਵੱਢ-ਫੱਟ ਅਤੇ ਲੁਟ-ਮਾਰ ਦਾ ਸਿਲਸਿਲਾ ਚਲਦਾ ਰਿਹਾ। ਅੱਗ ਲਗੇ ਘਰਾਂ ਦੀਆਂ ਲਾਟਾਂ ਅਕਾਸ਼ ਨੂੰ ਛੂਹ ਰਹੀਆਂ ਲਗਦੀਆਂ ਸਨ। ਉਹੀ ਬਚਿਆ, ਜੋ ਨੱਠ ਗਿਆ। ਬੁਢੇ ਠ੍ਹੇਰੇ ਮਾਸੂਮ ਅਤੇ ਤੁਰਨ ਤੋਂ ਆਤਰ ਲੋਕਾਂ ਨੂੰ ਜੀਂਦੇ ਹੀ, ਉਹਨਾਂ ਦੇ ਘਰਾਂ ਵਿਚ ਹੀ ਫੂਕ ਦਿੱਤਾ ਗਿਆ।

ਸਵੇਰ ਹੋਣ ਤੱਕ ਮੁਸਲਮਾਨਾਂ ਦੀ ਪੱਤੀ ਅੱਧ ਵਰਿਤੇ ਸੜੇ ਸਿਵੇ ਵਰਗੀ ਲਗ ਰਹੀ ਸੀ। ਹਰ ਘਰ ਉਤੇ ਮੌਤ ਦਾ ਸਾਇਆ ਛਾਇਆ ਭਾਸਦਾ। ਸਰਵਣ ਨੂੰ ਉਸ ਸੁਬ੍ਹਾ ਦਾ ਸੂਰਜ ਲਹੂ ਦੇ ਸਾਗਰ 'ਚੋਂ ਨਹਾ ਕੇ ਨਿਕਲਿਆ ਜਾਪਿਆ। ਪਿੰਡ ਦੇ ਕੁਝ, ਇਕ ਲੋਕ ਕੰਵਰ ਦੀ ਦੂਰ ਦਰਿਸ਼ਟਤਾ ਦੀ ਦਾਦ ਦੇ ਰਹੇ ਸਨ, ਜਿਸਨੇ ਵਕਤ ਸਿਰ ਹੱਲਾ ਬੋਲ ਕੇ ਸਿੱਖਾਂ ਨੂੰ ਬਚਾ ਲਿਆ ਸੀ।

੧੨੨