ਪੰਨਾ:Alochana Magazine 1st issue June 1955.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿੱਤ-ਰਚਨਾ ਲਈ ਵਰਤੀ ਜਾਂਦੀ ਸੀ। ਇਸ ਭਾਸ਼ਾ ਦਾ ਆਧਾਰ ਅਵੱਸ਼ ਹੀ ਸ਼ੂਰਸੇਨ ਪ੍ਰਦੇਸ਼ ਦੀ ਬੋਲ-ਚਾਲ ਦੀ ਭਾਸ਼ਾ ਰਹੀ ਹੋਵੇਗੀ ਜਿਸ ਤੋਂ ਕਿ ਇਸ ਨੇ ਸ਼ੌਰਸੇਨੀ ਨਾਂ ਪ੍ਰਾਪਤ ਕੀਤਾ। ਇਹ ਆਧਾਰ-ਬੋਲੀ ਹੋਰਨਾਂ ਪ੍ਰਦੇਸ਼ਾਂ ਦੀਆਂ ਉਸ ਸਮੇਂ ਦੀਆਂ ਬੋਲੀਆਂ ਨਾਲ ਬਹੁਤ ਸਮਾਨਤਾ ਰਖਦੀ ਹੋਵੇਗੀ, ਇਹ ਵੀ ਨਿਰਸੰਦੇਹ ਹੈ।

ਗ੍ਰੀਅਰਸਨ ਦੇ ਇਸ ਸਿਧਾਂਤ ਵਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਉਸ ਨੇ ਪੰਜਾਬੀ ਤੇ ਪੱਛਮੀ ਪੰਜਾਬੀ ਅਰਥਾਤ ਲਹਿੰਦੀ ਨੂੰ ਪੱਛਮੀ ਹਿੰਦੀ ਤੇ ਪੂਰਬੀ ਹਿੰਦੀ ਵਾਂਗ ਦੋ ਵਖ ਵਖ ਬੋਲੀਆਂ ਮੰਨਿਆ ਹੈ। ਉਸ ਦਾ ਵਿਚਾਰ ਹੈ ਕਿ ਕਿਸੇ ਸਮੇਂ ਸਾਰੇ ਪੰਜਾਬ ਵਿਚ ਦਰਦ ਬੋਲੀ ਤੋਂ ਪ੍ਰਭਾਵਤ ਪੁਰਾਣੀ ਲਹਿੰਦੀ ਜਾਂ ਉਸ ਦੀ ਪੂਰਬ-ਵਰਤੀ ਬਾਹਰਵਰਤੀ ਵਰਗ ਦੀ ਅਪਭ੍ਰੰਸ਼ ਬੋਲੀ ਜਾਂਦੀ ਸੀ। ਕਿਸੇ ਇਤਿਹਾਸਕ ਕਾਰਣ ਕਰਕੇ ਪੂਰਬੀ ਪੰਜਾਬ ਵਿਚ ਪੁਰਾਣੀ ਪੱਛਮੀ ਹਿੰਦੀ ਜਾਂ ਉਸ ਦੀ ਪੂਰਬਵਰਤੀ ਅੰਦਰ ਵਰਤੀ ਵਰਗ ਦੀ ਅਪਭੰਸ਼ ਦੀ ਲਹਿਰ ਹੇਠ ਇਹ ਮੂਲ ਭਾਸ਼ਾ ਦੱਬੀ ਗਈ-ਹੈ। ਇਸ ਦਾ ਸਿੱਟਾ ਇਹ ਹੋਇਆ ਕਿ ਪੂੂਰਬੀ ਪੰਜਾਬ ਦੀ ਭਾਸ਼ਾ, ਜਿਹੜੀ ਅਸਲ ਵਿਚ ਬਾਹਰਵਰਤੀ ਵਰਗ ਦੀ ਭਾਸ਼ਾ ਸੀ, ਮੱਧ ਦੇਸ਼ੀ ਭਾਸ਼ਾ ਦੇ ਪ੍ਰਭਾਵ ਹੇਠ ਅੰਦਰਵਰਤੀ ਵਰਗ ਦੀ ਭਾਸ਼ਾ ਬਣ ਗਈ ਹੈ। ਪੰਜਾਬ ਵਿਚ ਅਸੀਂ ਜਿਵੇਂ ਜਿਵੇਂ ਪੱਛਮ ਵਲ ਨੂੰ ਵਧਦੇ ਹਾਂ ਅੰਦਰ ਵਰਤੀ ਵਰਗ ਦੀ ਭਾਸ਼ਾ ਦੇ ਦਬਾ ਹੇਠ ਦੱਬੀ ਮੂਲ ਭਾਸ਼ਾ ਦੇ ਚਿੰਨ੍ਹ ਵਧੇਰੇ ਸਪਸ਼ਟ ਹੁੰਦੇ ਜਾਂਦੇ ਹਨ। ਇਸੇ ਤ੍ਹਰਾਂ ਪੂਰਬ ਵਲ ਨੂੰ ਵਧਣ ਤੇ ਮੂਲ ਭਾਸ਼ਾ ਦੇ ਚਿੰਨ੍ਹ ਅਸਪਸ਼ਟ ਅਤੇ ਅੰਦਰਵਰਤੀ ਵਰਗ ਦੀ ਭਾਸ਼ਾ ਦੇ ਪ੍ਰਭਾਵ-ਚਿੰਨ੍ਹ ਸਪਸ਼ਟ ਹੁੰਦੇ ਜਾਂਦੇ ਹਨ। ਇਸ ਭਾਂਤ ਪੂਰਬੀ ਪੰਜਾਬੀ ਜਾਂ ਪੰਜਾਬੀ ਤੇ ਪਛੱਮੀ ਹਿੰਦੀ ਜਾਂ ਹਿੰਦੀ ਦਾ ਇਤਿਹਾਸਕ ਸੰਬੰਧ ਹੈ। ਗ੍ਰੀਅਰਸਨ ਦਾ ਉਪਰੋਕਤ ਸਿੱਧਾਂਤ ਜੇ ਅਸੀਂ ਸ੍ਵੀਕਰ ਨਾ ਵੀ ਕਰੀਏ ਤਾਂ ਵੀ ਹਿੰਦੀ ਤੇ ਪੰਜਾਬੀ ਵਿਚ ਜਿਹੜੀ ਸਮਾਨਤਾ ਅਤੇ ਨਿਕਟ ਦਾ ਸੰਬੰਧ ਹੈ ਉਸ ਦੇ ਇਤਿਹਾਸਕ ਕਾਰਣਾਂ ਦੀ ਖੋਜ ਕਰਨੀ ਹੋਵੇਗੀ।

ਹਿੰਦੀ ਤੇ ਪੰਜਾਬੀ ਦਾ ਜੋ ਭਾਖਈ ਸੰਬੰਧ ਹੈ ਇਸ ਵੇਲੇ ਉਸੇ ਵਲ ਪਾਠਕਾਂ ਦਾ ਧਿਆਨ ਖਿੱਚਣਾ ਚਾਹੁੰਦਾ ਹਾਂ। ਭਾਸ਼ਾ ਨੂੰ ਸਰੂਪ ਦੇਣ ਵਾਲੇ ਅੰਗਾਂ ਵਿਚ ਧੁੰਨੀ-ਸਮੂਹ, ਰਚਨਾਤਮਕ ਉਪਸਰਗ [prefixes] ਤੇ ਪ੍ਰਤਿਅਯ [affixes], ਕਾਰਕ-ਚਿੰਨ ਕਿਰਿਆ ਰੂਪ, ਕਾਰਦੰਤਕ ਤੇ ਸ਼ਬਦਾਵਲੀ ਨੂੰ ਪ੍ਰਮੁਖਤਾ ਪ੍ਰਾਪਤ ਹੈ। ਇਨ੍ਹਾਂ ਸਭਨਾਂ ਦਾ ਵਿਸਥਾਰ ਨਾਲ ਵਰਣਨ ਇੱਥੇ ਸੰਭਵ ਨਹੀਂ । ਕੁਝ-ਕੁ ਮੋਟੀਆਂ ਮੋਟੀਆਂ ਗੱਲਾਂ ਬਾਰੇ ਹੀ ਵਿਚਾਰ ਕੀਤੀ ਜਾਵੇਗੀ।

ਹਿੰਦੀ-ਪੰਜਾਬੀ ਧੁਨੀ-ਸਮੂਹ:-

ਵੈਦਿਕ ਤੇ ਸੰਸਕ੍ਰਿਤ ਧੁਨੀਆਂ ਹੀ ਪ੍ਰਾਕ੍ਰਿਤ ਤੇ ਅਪਭ੍ਰੰਸ਼ ਰਸਤੇ ਆਧੁਨਿਕ ਬੋਲੀਆਂ ਤਕ ਪੱਜੀਆਂ ਹਨ। ਪਰੰਤੂ ਇੰਨੀ ਲੰਬੀ ਯਾਤਰਾ ਵਿਚ ਹਿੰਦੀ ਤੇ ਪੰਜਾਬੀ ਦੋਹਾਂ ਤੋਂ ਹੀ ਕਈ ਪੁਰਾਣੀਆਂ ਧੁਨੀਆਂ ਖੁਸ ਗਈਆਂ ਹਨ ਤੇ ਕੁਝ ਕੁ ਨਵੀਨ ਧੁਨੀਆਂ ਦਾ ਇਨ੍ਹਾਂ