ਪੰਨਾ:Alochana Magazine 1st issue June 1955.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਰੂਪ ਵਿਚ ਪੁੰਗਰੀ। ਉਨ੍ਹਾਂ ਦੇ ਸਮੂਹੀ ਜੀਵਨ ਵਿਚ ਨਵਾਂ ਤਾਲ ਆ ਗਇਆ ਸੀ ਜੋ ਨਵੀਂ ਸਭਿਅਤਾ ਤੇ ਸੰਸਕ੍ਰਿਤੀ ਦੇ ਸੰਪਰਕ ਤੋਂ ਵਿਗਸਿਆ ਸੀ। ਭਾਈ ਵੀਰ ਸਿੰਘ ਦੀ ਨਸਲ ਨੂੰ ਇਹ ਗਤੀਸ਼ੀਲਤਾ ਵਿਰਸੇ ਵਿਚ ਮਿਲੀ। ਬੁਧ ਸਿੰਘ ਦੋ, ਕਿਰਪਾ ਸਾਗਰ ਤਿੰਨ, ਤੇ ਪੂਰਨ ਸਿੰਘ ਚਾਰ ਵਰ੍ਹੇ ਚਾਤ੍ਰਿਕ ਤੋਂ ਛੋਟੇ ਸਨ। ਭਾਈ ਜੋਧ ਸਿੰਘ ਇਸ ਮੰਡਲ ਦਾ ਅਜ ਕਲ ਦਾ ਪ੍ਰਤੀਨਿਧ ਹੈ ਜਿਸ ਦੇ ਤੇ ਆਗੂ ਭਾਈ ਵੀਰ ਸਿੰਘ ਦੇ ਵਿਚਕਾਰ ਕੋਈ ਦਸ ਸਾਲ ਦੀ ਵਿਥ ਹੈ। ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਮੋਹਣ ਸਿੰਘ ਦਿਵਾਨਾ, ਈਸ਼ਵਰ ਚੰਦ ਨੰਦਾ, ਗੁਰਬਖਸ਼ ਸਿੰਘ ਤੇ ਤੇਜਾ ਸਿੰਘ ਪਿਛਲੇਰੀ ਬਾਂ ਤੇ ਆਉਂਦੇ ਹਨ। ਮੁਕਦੀ ਗਲ ਇਹ ਕਿ ਚਾਤ੍ਰਿਕ ਦੀ ਨਸਲ ਸਨਿਆਸ ਵਾਲੀ ਨਸਲ ਹੈ ਜਿਸ ਵਿਚ ਨਵੀਂ ਜਾਗ੍ਰਤੀ ਦੀ ਗਤੀਸ਼ੀਲਤਾ (dynamic) ਤੇ ਪੁਰਾਣੇ ਜੁਗ ਦੀ ਸਬਿਰਤਾ ਦੀ ਸਮਿੱਤਾ (balance) ਹੈ ਜਿਹੜੀ ਪਿਛਲੇਰਿਆਂ ਵਿਚ ਮੰਦ ਪੈਂਦੀ ਜਾਂਦੀ ਹੈ। ਇਸ ਦੀ ਥਾਂ ਤੇ ਉਨ੍ਹਾਂ ਦੇ ਮਨ ਵਿਚ ਬੇਚੈਨੀ ਅਧਿਕ ਤੇ ਵਿਅਕਤੀਵਾਦ ਜ਼ਿਆਦਾ ਹੈ।

ਚਾਤ੍ਰਿਕ ਨੇ ਕਾਲਜ ਵਿਚ ਵਿਦਿਆ ਨਹੀਂ ਪਾਈ। ਇਸ ਲਈ ਉਸ ਦੀ ਵਿਅਕਤੀ ਤੇ ਸੰਸਕ੍ਰਿਤੀ ਵਿਚ ਨਿਰੋਲ ਪੰਜਾਬੀਅਤ ਪਾਈ ਜਾਂਦੀ ਹੈ; ਇਸ ਲਈ ਉਸ ਵਿਚ ਭਾਵ ਦੀ ਪਕਿਆਈ ਹੈ; ਇਸ ਲਈ ਉਸ ਵਿਚ ਭਾਵ ਦੀ ਡੂੰਘਿਆਈ ਹੈ। ਉਸ ਦੀ ਬੋਲੀ ਤੇ ਸ਼ੈਲੀ ਵਿਚ ਉਹ ਸੁਆਦ ਹੈ ਜੋ ਕਚੇ ਫਲਾਂ ਵਿਚ ਨਹੀਂ ਹੁੰਦਾ, ਜੋ ਉਸ ਦੇ ਮਗਰੋਂ ਆਉਣ ਵਾਲੀ ਨਸਲ ਦੇ ਸਾਹਿਤ ਵਿਚ ਨਹੀਂ ਲਭਦਾ ਕੁਝ ਕੁ ਸਮਾਂ ਬੀਤਣ ਦੇ ਬਾਦ ਸਮਾਜ ਦੀ ਸਮੂਹੀ ਨਿਰੰਤਰਤਾ ਦੀ ਚਾਲ ਵਿਚ ਤੇਜ਼ੀ ਜਾਂ ਸੁਸਤੀ ਜਿਹੀ ਆ ਜਾਂਦੀ ਹੈ। ਜੋ ਲਿਖਾਰੀ ਬੇ ਮੁਹਾਰਾ ਹੋ ਕੇ ਇਸ ਨਾਲ ਵਹਿ ਜਾਂ ਉਤਰ ਜਾਂਦਾ ਹੈ ਉਹ ਹੌਲੇ ਪਤਿਆਂ ਵਾਂਗ ਉਡ ਜਾਂਦਾ ਹੈ, ਹਰਿਆਂ ਪਤਿਆ ਵਾਂਗ ਸਥਿਰ ਰਹਿ ਕੇ ਸੂਰਜ ਤੇ ਹਵਾ ਤੇ ਉਸ ਤੇ ਬਰਖਾ ਨੂੰ ਸੇਵਨ ਕਰਦਾ ਹੋਇਆ ਫਲ ਫੁਲ ਦੇ ਰੂਪ ਵਿਚ ਪਰਗਟ ਹੁੰਦਾ ਹੈ। ਚਾਤ੍ਰਿਕ ਵਿਚ ਪੰਜਾਬੀ ਜੀਵਨ ਦੀ ਤੇ ਸੰਸਕ੍ਰਿਤੀ ਦੀ ਨਿਰੰਤਰਤਾ ਹੈ ਜੋ ਨਾਨਕ ਸਿੰਘ ਵਿਚ ਹੇ ਭਾਈ ਵੀਰ ਸਿੰਘ ਵਿਚ ਕੇਵਲ ਧਾਰਮਕ ਪਧਰ ਤੇ ਹੈ। ਪਰ ਦੂਜੀ ਨਸਲ ਵਿਚ....(?)

ਧਨੀ ਰਾਮ ਚਾਤ੍ਰਿਕ ਪਰੀਵਰਤਨ ਜੁਗ ਦਾ ਕਵੀ ਹੈ। ਇਸ ਦੀ ਕਵਿਤਾ ਵਿੱਚ ਧਾਰਮਿਕ ਪੁਨਰ ਜਾਗ੍ਰਤੀ, ਰਾਜਸੀ ਅੰਦੋਲਨ, ਲੋਕ-ਵਾਦ, ਪੰਜਾਬ ਦੀ ਵੰਡ ਤੇ ਸਮਾਜ ਵਾਦ ਦੇ ਪ੍ਰਭਾਵ ਅੰਕਿਤ ਹਨ। ਕਵੀ ਦੀ ਸਮਤਾ, ਸੁਚੇਤਤਾ, ਪਕਿਆਈ ਤੇ ਡੂੰਘਿਆਈ ਉਸ ਬਿਰਛ ਦੇ ਗੁਣ ਹਨ ਜਿਸ ਨੇ ਕਈ ਮੌਸਮ ਵੇਖੇ ਹਨ ਕਈ ਅਨ੍ਹੇਰੀਆਂ ਝਖੜ ਤੇ ਤੂਫਾਨ ਝਲੇ ਹਨ ਤੇ ਜਿਸ ਵਿਚ ਕਈ ਪੰਛੀ ਆਲ੍ਹਣੇ ਬਣਾ ਕੇ ਆਪਣੀਆਂ

੪੨