ਪੰਨਾ:Alochana Magazine 1st issue June 1955.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨਨੀਯ ਸਥਾਨ ਦਿਵਾਣਾ।

੮. ਪੰਜਾਬੀ ਯੂਨੀਵਰਸਟੀ ਕਾਇਮ ਕਰਨਾ।

ਇਹ ਮਹਾਨ ਤੇ ਮਹਤਾ-ਪੂਰਨ ਆਸ਼ੇ ਹਨ। ਇਨ੍ਹਾਂ ਦੀ ਪੂਰਤੀ ਵਿਚ ਪੰਜਾਬ ਦੀ ਉੱਨਤੀ, ਪੰਜਾਬੀ ਸਭਿਆਚਾਰ ਦੀ ਪਰਫੁਲਤਾ ਤੇ ਪੰਜਾਬੀ ਬੋਲੀ ਤੇ ਸਾਹਿਤ ਦੁਆਰਾ ਪੰਜਾਬੀਆਂ ਦੀ ਤਰੱਕੀ ਸ਼ਾਮਲ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਨਾ ਕੇਵਲ ਬੇਅੰਤ ਮਾਇਆ ਦੀ ਲੋੜ ਹੈ, ਸਗੋਂ ਬੇ-ਅੰਤ ਨਿਸ਼ਕਾਮ ਤੇ ਲਗਨ ਵਾਲੇ ਕੰਮ ਕਰਨ ਵਾਲਿਆਂ ਦੀ ਵੀ ਡਾਢੀ ਅਵਸ਼ਕਤਾ ਹੈ।

ਪਿਛਲੇ ਪੰਜਾਂ ਛੀਆਂ ਮਹੀਨਿਆਂ ਵਿੱਚ ਅਕਾਡਮੀ ਦੇ ਸੇਵਕਾਂ ਨੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ, ਦਿੱਲੀ ਤੇ ਪਟਿਆਲਾ, ਨਾਭਾ ਤੇ ਕਪੂਰਥਲਾ ਵਿਚ ਜਾ ਕੇ ਪੰਜਾਬੀ ਸਾਹਿੱਤ ਦੀ ਉਨਤੀ ਲਈ ਪਰਚਾਰ ਕੀਤਾ ਤੇ ਲੋਕਾਂ ਨੂੰ ਅਕਾਡਮੀ ਵਲੋਂ ਸਥਾਪਤ ਹੋਈ ਪੁਸਤਕ ਕਲੱਬ ਦੇ ਮੈਂਬਰ ਬਣਨ ਲਈ ਪ੍ਰੇਰਨਾ ਕੀਤੀ। ਪੁਸਤਕ ਕਲੱਬ ਦੇ ਹੁਣ ਤਕ ੧੨੦ ਦੇ ਕਰੀਬ ਮੈਂਬਰ ਬਣ ਚੁਕੇ ਹਨ। ਇਸ ਪਾਸੇ ਹਰ ਪੜ੍ਹੇ ਲਿਖੇ ਸਜਨ ਨੂੰ ਧਿਆਨ ਦੇਣ ਦੀ ਲੋੜ ਹੈ। ਸਾਡਾ ਨਿਸ਼ਾਨਾ ਹੈ ਕਿ ਪੰਜ ਸੌ ਪੱਕੇ ਗਾਹਕ ਭਰਤੀ ਕਰ ਲਈਏ ਤਾਂ ਜੁ ਹਰ ਚੰਗੀ ਛਪੀ ਪੁਸਤਕ ਲਈ ਸਾਡੇ ਕੋਲ ਘਟ ਤੋਂ ਘਟ ਪੰਜ ਸੌ ਪੁਸਤਕਾਂ ਦੇ ਵਿਕ ਜਾਣ ਦੀ ਗਾਰੰਟੀ ਹੋਵੇ।

ਅਕਾਡਮੀ ਵਲੋਂ 'ਆਲੋਚਨਾ' ਨਾਉਂ ਦਾ ਰਸਾਲਾ ਅਧਾ ਕੁ ਛਪ ਗਇਆ ਹੈ ਤੇ ਥੋੜੇ ਦਿਨਾਂ ਤਕ ਪਰਕਾਸ਼ਤ ਹੋਣ ਵਾਲਾ ਹੈ। ਅਸੀਂ ਚਾਂਹਦੇ ਹਾਂ ਕਿ ਹਰ ਸਕੂਲ ਤੇ ਕਾਲਜ ਤੇ ਹਰ ਪੰਜਾਬੀ ਅਧਿਆਪਕ ਤੇ ਹਰ ਪੜ੍ਹਿਆ ਲਿਖਿਆ ਪੰਜਾਬੀ ਇਸਦਾ ਖਰੀਦਦਾਰ ਬਣੇ।

ਆਉਂਦੇ ਸਾਲ ਵਿੱਚ ਅਸੀਂ ਚਾਰ ਪੁਸਤਕਾਂ ਛਾਪਣ ਦਾ ਪਰਬੰਧ ਕਰ ਰਹੇ ਹਾਂ। ਸ੍ਰੀ ਭਗਵਤ ਦੱਤ (ਦਿਲੀ) ਵੈਦਕ ਬੋਲੀ ਤੇ ਪੰਜਾਬੀ ਦੀ ਸਾਂਝ ਉਤੇ ਪੁਸਤਕ ਲਿਖ ਰਹੇ ਹਨ। ਪ੍ਰੋ: ਦੁਨੀ ਚੰਦ ਪੰਜਾਬੀ ਫੋਨਾਲੋਜੀ, ਤੇ ਪ੍ਰੋਫੈੈਸਰ ਓਮਪ੍ਰਾਸ਼ ਕਹੋਲ ਪੰਜਾਬੀ ਤੇ ਗੁਰਮੁਖੀ ਦੀ ਪ੍ਰਾਚੀਨਤਾ, ਤੇ ਡਾਕਟਰ ਗੰਡਾ ਸਿੰਘ ਜੀ ਪੰਜਾਬ ਦੀਆਂ ਜੰਗਾਂ ਬਾਰੇ ਅਸਲੀ ਚਿਠੀਆਂ ਨੂੰ ਖੋਜ ਕੇ ਪੰਜਾਬੀ ਵਿਚ ਉਲਥਾ ਰਹੇ ਹਨ। ਇਨ੍ਹਾਂ ਤੋਂ ਬਿਨਾਂ ਕਈ ਹੋਰ ਵਿਸ਼ਿਆਂ ਉਤੇ ਪੁਸਤਕਾਂ ਲਿਖਵਾਣ ਸੰਬੰਧੀ ਲਿਖਾ ਪੜ੍ਹੀ ਜਾਰੀ ਹੈ।

ਸਾਨੂੰ ਕਿਤਾਬਾਂ ਤੇ ਰਸਾਲੇ ਪੜ੍ਹਨ ਦਾ ਬਹੁਤ ਘੱਟ ਸ਼ੌਕ ਹੈ ਤੇ ਇਹ ਘਾਟਾ ਨਾ ਕਵਲ ਸਾਡੀ ਕੌਮੀ ਉੱਨਤੀ ਨੂੰ ਪਿੱਛੇ ਰਖ ਰਹਿਆ ਹੈ ਸਗੋਂ ਪੰਜਾਬੀ ਸਾਹਿੱਤ ਦੇ ਚਲਦੇ ਪਹੀਏ ਲਈ ਇਕ ਵੱਡੀ ਬਰੇਕ ਲਗੀ ਹੋਈ ਹੈ।

੭੩