ਪੰਨਾ:Alochana Magazine 2nd issue April1957.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ: ਪਿਆਰ ਸਿੰਘ:-

ਪੰਜਾਬੀ ਸਾਹਿੱਤ ਵਿੱਚ ਅੰਮ੍ਰਿਤਾ ਦਾ ਸਥਾਨ

ਪੰਜਾਬੀ ਕਵਿਤਾ ਇਕ ਲੰਮੀ ਸਾਹਿੱਤ-ਪਰਣਾਲੀ ਦੀ ਮਾਲਕ ਹੈ । ਡਾਕਟਰ ਮੋਹਨ ਸਿੰਘ ਦੇ ਮਤ ਨੂੰ ਗ੍ਰਹਣ ਨ ਕਰਦਿਆਂ ਹੋਇਆਂ ਜੇ ਨਾਥਾਂ ਤੇ ਜੋਗੀਆਂ ਦੀ ਬਾਣੀ ਨੂੰ ਪੰਜਾਬੀ ਕਾਵਿ-ਖੇਤਰ ਵਿਚੋਂ ਕੱਢ ਵੀ ਦੇਈਏ ਤਾਂ ਸ਼ੇਖ ਫਰੀਦ ਤੋਂ ਲੈ ਕੇ ਹੁਣ ਤਕ ਕੋਈ ਅੱਠ ਸਾਲ ਦੀ ਕਵਿਤਾ ਦਾ ਭੰਡਾਰਾ ਸਾਡੇ ਪਾਸ ਮੌਜੂਦ ਹੈ । ਇਸ ਵਿਚ ਬੜੀ ਉੱਚ ਪਾਇ ਦੀ ਕਵਿਤਾ ਹੈ । ਸ਼ੇਖ ਫਰੀਦ, ਸ਼ਾਹ ਹੁਸੈਨ, ਬੁੱਲਾ, ਗੁਰੂ ਨਾਨਕ, ਗੁਰੂ ਅਰਜਨ, ਭਾਈ ਗੁਰਦਾਸ ਬਹੁਤ ਵੱਡੇ ਨਾਂ ਹਨ, ਜਿਨ੍ਹਾਂ ਦੀ ਕਵਿਤਾ ਦੁਨੀਆਂ ਦੇ ਕਿਸੇ ਵੀ ਉੱਚ-ਕੋਟੀ ਦੇ ਕਵੀ ਨਾਲ ਮੇਲ ਖਾ ਸਕਦੀ ਹੈ । ਪਰ ਇਸ ਕਵਿਤਾ ਦਾ ਵਿਸ਼ੇਸ਼ ਰੰਗ ਅਧਿਆਤਮਿਕ ਹੀ ਹੈ । ਇਸ ਵਿਚ ਮਨੁੱਖ ਦੀ ਅੰਤਰ ਦੀ ਪੀੜਾ ਨੂੰ ਗਾਵਿਆ ਗਇਆ ਹੈ । ਮਨੁੱਖਾ ਰੂਹ ਦੀ ਆਪਣੇ ਅਸਲ ਲਈ ਤਾਂਘ ਤੇ ਉਸ ਦੀ ਪ੍ਰਾਪਤੀ ਲਈ ਬਿਹਬਲਤਾ ਇਸ ਦੇ ਪਰਮੁਖ ਵਿਸ਼ੇ ਹਨ । ਇਹ ਕਵਿਤਾ ਆਪਣੇ ਸਰੂਪ ਵਿਚ ਅੰਤਰ-ਮੁਖੀ ਹੈ, ਪਰ ਇਸ ਵਿਚ ਨਿਜਤਵ ਘਟ ਹੈ । ਪੀਤ ਨੂੰ ਸਦਾ ਹੀ ਅਧਿਆਤਮਿਕ ਪੱਧਰ ਤੇ ਰਖ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਹੱਡ-ਚੰਮ-ਮਾਸ ਦੀ ਦੁਨੀਆਂ ਦੇ ਮਨੋਭਾਵਾਂ ਨੂੰ ਕੋਈ ਥਾਂ ਨਹੀਂ। ਸਾਡੇ ਬਜ਼ੁਰਗ ਅਧਿਆਤਮ-ਵਾਦ ਵਿਚ ਕੁਝ ਇਸ ਤਰਾਂ ਲੀਨ ਸਨ ਕਿ ਉਨ੍ਹਾਂ ਨੂੰ ਆਤਮਾ ਤੇ ਪਰਮਾਤਮਾ ਤੋਂ ਛੁੱਟ ਹੋਰ ਕੋਈ ਗਲ ਚੰਗੀ ਨਹੀਂ ਸੀ ਲਗਦੀ, ਰੱਬ ਤੋਂ ਸਿਵਾ ਹੋਰ ਸਾਰੇ ਗਿਆਨ ਝੂਠੇ ਸਨ ਤੇ ਪ੍ਰਭੂ-ਪਤੀ ਤੋਂ ਬਾਹਰ ਸਾਰੀਆਂ ਗੱਲਾਂ ਵਿਅਰਥ । ਇਸ ਕਾਰਨ ਬਹੁਤੀ ਕਾਵਿ-ਕਿਰਤ ਪਰਮਾਰਥਕ ਖੇਤਰ ਵਿਚ ਹੀ ਹੁੰਦੀ ਰਹੀ ।

ਅਧਿਆਤਮ ਵਾਦ ਲਈ ਇਸ ਤਰਜੀਹ ਨੇ ਪੰਜਾਬੀ ਸਾਹਿਤ ਨੂੰ ਦੁਨਿਆਵੀ ਪਿਆਰ-ਰਸ ਤੋਂ ਬਹੁਤ ਹਦ ਤਕ ਵੰਚਤ ਰਖਿਆ । ਹਿੰਦੂ ਸੋਚ ਪਰਣਾਲੀ ਲਈ ਇਸਤਰੀ “ਬਾਘਣੀ' ਬਣੀ ਰਹੀ ਤੇ ਇਸਤਰੀ-ਪਿਆਰ ਨਿਰਾ

੧੮]