ਪੰਨਾ:Alochana Magazine 2nd issue April1957.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਵਿਤ੍ਰੀ ਦਾ ਇਹ ਸਮਾਜਕ ਅਨੁਭਵ, ਜਿਸ ਨੂੰ ਸਮਾਜਵਾਦ ਦੇ ਸਰਬਪ੍ਰੀਯ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਉਸ ਦੇ ਪਿਆਰ-ਅਨੁਭਵ ਤੋਂ ਹੀ ਵਿਗਸਿਤ ਹੋਇਆ ਪਰਤੀਤ ਹੁੰਦਾ ਹੈ। ਆਪਣੀ ਕਿਸੇ ਪਿਆਰ-ਨਿਰਾਸ਼ਾ ਵਿੱਚੋਂ ਇਸਤਰੀ ਦੀ ਮਜਬੂਰੀ ਦਾ ਇਹਸਾਸ ਤੇ ਰੋਕਾਂ ਵਿੱਚ ਉਸ ਦਾ ਕਾਰਣ ਤੇ ਇਹਨਾਂ ਦੇ ਪਿੱਛੇ ਦੌਲਤ ਦੀ ਕਾਣੀ-ਵੰਡ ਉਸ ਦੇ ਮਨ ਤੇ ਉਘੜ ਆਈ ਹੈ। ਇਸ ਚੇਤੰਨਤਾ ਦਾ ਸਦਕਾ ਉਸ ਨੂੰ ਅੱਜ ਆਪਣੇ ਨਿਸ਼ਾਨੇ ਸੰਬੰਧੀ ਕੋਈ ਧੋਖਾ ਨਹੀਂ ਹੈ।

ਅੰਮ੍ਰਿਤਾ ਦੀ ਇਹ ਸਮਾਜਕ ਚੇਤੰਨਤਾ ਦੂਜੇ ਵਿਸ਼ਵ ਯੁੱਧ ਤੇ ਖਾਸ ਕਰ ਕੇ ਬੰਗਾਲ ਦੇ ਸੰਨ ੧੯੪੩ ਦੇ ਕਾਲ ਤੋਂ ਉਪਰੰਤ ਪਲਣੀ ਸ਼ੁਰੂ ਹੋਈ। ਇਸ ਦੇ ਪਲਰਨ ਦੇ ਨਿਸ਼ਾਨ ਅਸੀਂ 'ਧੂਆਂ', 'ਮੈਂ ਤਕਿਆ ਹੈ......ਮੈਂ ਤਕਨਾਂ ਵਾਂ, 'ਲੋਕ-ਪੀੜ’, ‘ਹੁਸਨ ਇਸ਼ਕ ਦੀਆਂ ਗਲਾਂ', 'ਓ ਸ਼ਾਹਜ਼ਾਦੇ', 'ਮੈਂ ਕੀ ਆਖਾਂ', 'ਮੇਹਨਤ ਤੇ ਮੁੱਲ', 'ਪੌੜੀ' ਆਦਿ ਕਵਿਤਾਵਾਂ ਵਿਚ ਦੇਖ ਸਕਦੇ ਹਾਂ। ਪਰ ਇਸ ਦਾ ਨਿਖਾਰ ਸੰਨ ਸੰਤਾਲੀ ਦੇ ਘਲੂਘਾਰੇ ਤੋਂ ਪਿਛੋਂ ਹੋਇਆ। ਇਹ ਘਲੂ ਘਾਰਾ ਪੰਜਾਬ ਦੇ ਖੂਨੀ ਇਤਿਹਾਸ ਵਿੱਚ ਅਜੇਹੀ ਦੁਰਘਟਨਾ ਹੈ, ਜਿਸ ਦਾ ਅਸਰ ਪੰਜਾਬ ਦੇ ਹਰੇਕ ਪ੍ਰਾਣੀ ਤੇ ਹੋਇਆ। ਬੇਦੋਸ਼ ਬੱਚਿਆਂ ਬੁੱਢਿਆਂ ਦੇ ਕਤਲ ਤੇ ਔਰਤਾਂ ਦੀਆਂ ਬੇਪਤੀਆਂ ਨੇ ਅੰਮ੍ਰਿਤਾ ਦੇ ਕੋਮਲ ਦਿਲ ਤੇ ਉਹ ਸੱਟ ਲਾਈ ਕਿ ਉਸ ਦਾ ਇਸਤਰੀ ਹਿਰਦਾ ਕੁਰਲਾ ਉੱਠਿਆ। ਉਸ ਨੂੰ ਆਪਣੀ ਪੀੜਾ ਭੁੱਲ ਗਈ ਤੇ ਉਸ ਦੀ ਥਾਂ ਲੋਕ-ਪੀੜਾ ਨੇ ਲੈ ਲਈ। ਇਸ ਸਮਾਜਕ ਚੇਤੰਨਤਾ ਦੇ ਆਉਣ ਨਾਲ ਉਸ ਦੇ vision, ਉਸ ਦੀ ਦ੍ਰਿਸ਼ਟੀ ਵਿੱਚ ਬੜੀ ਵਿਸ਼ਾਲਤਾ ਆਈ। ਇਸ ਨੇ ਕਾਵਿਤ੍ਰੀ ਦੀ ਕਵਿਤਾ ਨੂੰ ਬਹੁਤ ਉਘੇੜਿਆ ਹੈ। ਇਸ ਸੰਚੇ ਵਿੱਚ ਲਿਖੀਆਂ ਕਵਿਤਾਵਾਂ 'ਅੱਜ ਆਖਾਂ ਵਾਰਸ ਸ਼ਾਹ ਨੂੰ’, ‘ਪੰਜਾਬ ਦੀ ਕਹਾਣੀ’, 'ਮੇਂ ਤਵਾਰੀਖ ਹਾਂ ਹਿੰਦ ਦੀ', 'ਕਣਕਾਂ ਦਾ ਗੀਤ', 'ਸਾਨੂੰ ਮਿਲੀ ਜਾਣਾ ਹੋ', 'ਨਫਰਤ', 'ਕੌਣ ਧੋਏਗਾ ਖੂਨ','ਜਨੂੰਨ', 'ਬੇਨਿਆਜ਼', 'ਝੁੱਗੀਆਂ', 'ਮਜਬੂਰ', 'ਬੇ ਡੋਲਾ ਬੁੱਤ', 'ਕਰਪੂਰੇ ਜਵਾਨੀ', 'ਛੱਲੀਆਂ', 'ਇਕਰਾਰਾਂ ਵਾਲੀ ਰਾਤ', 'ਕਿਕਰਾ ਵੇ ਕੰਡਿਆਲਿਆ', 'ਹੱਕ', 'ਮੇਂ ਗੀਤ ਲਿਖਦੀ ਹਾਂ', ਪੜ੍ਹਨ ਯੋਗ ਹਨ। ਬਹੁਤ ਘਟ ਭਾਰਤੀ ਬੋਲੀਆਂ ਵਿਚ ਦਾ ਜਵਾਜ਼ ਮਿਲ ਸਕੇਗਾ। ਇਹਨਾਂ ਸਦਕਾ ਹੀ ਉਸ ਦਾ ਨਾਂ ਅੱਜ ਬਾਹਿਰ ਪਰਸਿਧ ਹੋ ਚੁਕਾ ਹੈ। ਇਹ ਮਾਨ ਹਾਲੀ ਪੰਜਾਬੀ ਦੇ ਹੋਰ ਕਿਸੇ ਪ੍ਰਾਪਤ ਨਹੀਂ ਹੋਇਆ। ਅੰਮ੍ਰਿਤਾ ਦਾ ਇਕ ਸਜਰਾ ਲਿਖਿਆ ਗੀਤ ਉਸ ਦੇ ਸਾਹਿੱਤਕ ਆਦਰਸ਼ ਤੇ ਚੰਗਾ ਚਾਣਨ ਪਾਂਦਾ ਹੈ। ਉਹ ਲਿਖਦੀ ਹੈ--

੩੪]