ਪੰਨਾ:Alochana Magazine April-May 1963.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦੀਆਂ ਸਾਹਿੱਤਕ ਸੰਭਾਵਨਾਵਾਂ ਤੋਂ ਨਾਵਾਕਫ਼ ਹੋਣਾ ਹੈ । ਇਹ ਗਲ ਮੈਂ ਇਸ ਲਈ ਨਹੀਂ ਕਹ ਰਹਿਆ ਕਿ ਮਨੋਵਿਗਿਆਨਕ ਕਹਾਣੀ ਜਾਂ ਨਾਟਕ ਲਿਖਣ ਲਈ ਮਨੋਵਿਗਿਆਨ ਦੀ ਪੂਰੀ ਵਾਕਫ਼ੀ ਜ਼ਰੂਰੀ ਹੈ । ਸਗੋਂ ਇਹ ਇਕ ਹਕੀਕਤ ਹੈ ਕਿ ਮਨੋਵਿਗਿਆਨ ਦੇ ਸਾਹਿੱਤ ਉਪਰ ਆਕ੍ਰਮਣ ਤੋਂ ਪਹਿਲਾਂ ਭੀ ਸਫਲ ਮਨੋਵਿਗਿਆਨਕ ਗਲਪ-ਰਚਨਾ ਹੁੰਦੀ ਰਹੀ ਹੈ । ਇਥੋਂ ਤੀਕ ਕਿ ਮਨੋਵਿਗਿਆਨ ਨੇ ਆਪਣੇ ਸਿਧਾਂਤਾਂ ਦੀ ਪ੍ਰੜੋਤਾ ਲਈ ਅਜਹੇ ਸਾਹਿਤ ਦੀ ਸ਼ਹਾਦਤ ਪੇਸ਼ ਕੀਤੀ ਹੈ । ਫ਼ਰਾਇਡ ਆਪਣੇ ਸਿਧਾਂਤਾਂ ਦੀ ਪੁਸ਼ਟੀ ਲਈ ਥਾਂ ਥਾਂ ਤੇ ਸ਼ੈਕਸਪੀਅਰ ਤੇ ਦੋਸਤਾਇਵਸਕੀ ਤੋਂ ਹਵਾਲੇ ਦਿੰਦਾ ਹੈ । ਵਿਚਾਰਿਆ ਜਾਵੇ ਤਾਂ ਗਲ ਹੈ ਭੀ ਇਹ ਠੀਕ ਕਿ ਕੋਈ ਪ੍ਰਤਿਭਾਸ਼ਾਲੀ ਸਾਹਿੱਤਕਾਰ ਤਾਂ ਮਨੋਵਿਗਿਆਨ ਨੂੰ ਬਹੁਤ ਕੁਝ ਦੇ ਸਕਦਾ ਹੈ ਪਰ ਮਨੋਵਿਗਿਆਨ ਕਿਸੇ ਪ੍ਰਤਿਭਾਸ਼ਾਲੀ ਸਾਹਿੱਤਕਾਰ ਨੂੰ ਬਹੁਤ ਕੁਝ ਦੇ ਸਕਣ ਦੇ ਸਮਰੱਥ ਨਹੀਂ ਹੋ ਸਕਦਾ । ਇਸ ਲਈ ਜੇ ਮੈਂ ਪੰਜਾਬੀ ਸਾਹਿੱਤ ਵਿਚ ਮਨੋਵਿਗਿਆਨਕ ਪੱਖ ਤੋਂ ਥੁੜ ਜਾਂ ਤ੍ਰਟੀ ਪਰਤੀਤ ਕਰਦਾ ਹਾਂ ਤਾਂ ਇਸ ਦਾ ਇਕ ਵੱਡਾ ਕਾਰਣ ਇਸ ਬੋਲੀ ਵਿਚ ਪ੍ਰਤਿਭਾਸ਼ਾਲੀ ਸਾਹਿੱਤਕਾਰਾਂ ਦੀ ਥੋੜ੍ਹ ਭੀ ਹੋ ਸਕਦਾ ਹੈ ।

ਪਜਾਬੀ ਸਾਹਿੱਤ ਵਿਚ ਮਨੋਵਿਗਿਆਨ ਦੇ ਪਰਭਾਵ ਹੇਠ ਕੋਈ ਮੋਲਕ ਤਜਰਬੇ ਨਹੀਂ ਹੋਏ । ਕੁਝ ਓਪਰੇ ਓਪਰੇ, ਪੇਤਲੇ ਪੇਤਲੇ, ਪਰਾਏ ਹੱਥਾਂ ਵਿਚੋਂ ਲੰਘ ਕੇ ਆਏ ਵਿਕੋਲਿਤਰੇ ਪਰਭਾਵ ਜ਼ਰੂਰ ਦਿਸਦੇ ਹਨ ਜਿਹਨਾਂ ਨੂੰ ਮੂੰਹ-ਮੁਲਾਹਜ਼ਾ ਰੱਖਣ ਲਈ ਅਸੀਂ ਭਾਵੇਂ ਮਨੋਵਿਗਿਆਨਕ ਪਰਭਾਵ ਆਖ ਲਈਏ । ਇਹੋ ਜਹੇ ਓਪਰੇ ਪ੍ਰਭਾਵ ਵੀ ਗਿਣਤੀ ਦੇ ਕੁਝ ਕੁ ਲੇਖਕਾਂ-ਕਰਤਾਰ ਸਿੰਘ ਦੁੱਗਲ, ਸੁਰਿੰਦਰ ਸਿੰਘ ਨਰੂਲਾ, ਮਹਿੰਦਰ ਸਿੰਘ ਸਰਨਾ, ਨਰਿੰਦਰਪਾਲ ਸਿੰਘ, ਤੇ ਕਿਤੇ ਕਿਤੇ ਅਮਰ ਸਿੰਘ-ਵਿਚ ਹੀ ਪਰਗਟ ਹੁੰਦੇ ਹਨ ।

ਅਸਲ ਵਿਚ ਇਹ ਲੇਖਕ ਭੀ ਨਾ ਤਾਂ ਕੋਈ ਇਕਸਾਰ ਤੇ ਸੰਗਠਿਤ ਮਾਨਸਿਕ ਦਰਿਸ਼ਟੀਕੋਣ ਹੀ ਕਾਇਮ ਕਰ ਸਕੇ ਹਨ, ਨਾ ਕੋਈ ਸਜਰਾ ਮੌਲਿਕ ਤਕਨੀਕੀ ਪਰਯੋਗ ਹੀ ਦੇ ਸਕੇ ਹਨ । ਉਹਨਾਂ ਦੀ ਸਾਰੀ ਕੋਸ਼ਿਸ਼ 'ਨਵੀਨਤਾ' ਪੇਸ਼ ਕਰਨ ਦੀ ਹੈ ਤੇ ਇਹ ਨਵੀਨਤਾ ਉਹ ਇਕ ਵਖਰੇਪਨ, ਇਕ ਨਵੇਕਲਾਪਨ ਰਾਹੀਂ ਪੇਸ਼ ਕਰਨਾ ਲੋਚਦੇ ਹਨ। ਤਕਨੀਕੀ ਪੱਖ ਤੋਂ, ਆਪਣੀ ਆਪਣੀ ਪਹੁੰਚ ਅਨੁਸਾਰ ਇਹ ਲੇਖਕ ਉਪਰਲੇ ਭਾਗ ਵਿਚ ਵਿਚਾਰੇ ਗਏ ਕੁਝ ਢੰਗਾਂ ਦਾ ਰਲਵਾਂ ਮਿਲਵਾਂ ਪਰਯੋਗ ਕਰਦੇ ਹਨ, ਪਰ ਇਨ੍ਹਾਂ ਵਿਚੋਂ ਕੋਈ ਭੀ ਨਵੇਕਲੀ ਸ਼ੈਲੀ ਜਾਂ ਛਾਪ ਕਾਇਮ ਨਹੀਂ ਕਰਦਾ, ਸਗੋਂ ਮੂਲਕ ਤੌਰ ਤੇ ਇਹ ਸਾਰੇ ਦੇ ਸਾਰੇ ਅਜੇ ਤਕ ਸਾਧਾਰਣ ਵਰਨਣੀ ਸ਼ੈਲੀ ਦੀ ਵਰਤੋਂ ਹੀ ਕਰਦੇ ਹਨ । ਇਨ੍ਹਾਂ ਦੀ ਵੱਧ ਤੋਂ ਵੱਧ ਪਹੁੰਚ ਕਿਤੇ ਕਿਤੇ ਮਨੋਵਿਗਿਆਨਕ ਛੂਹ ਲਾ ਜਾਣ ਤੀਕ ਹੈ।

ਏਥੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸੁਭਾਵਿਕ ਮਨੋਵਿਗਿਆਨਕ ਕਹਾਣੀ ਤੇ ਬਨਾਉਟੀ ਮਨੋਵਿਗਿਆਨਕ ਕਹਾਣੀ ਦਾ ਨਖੇੜਾ ਕਰੀਏ । ਸੁਭਾਵਿਕ ਮਨੋਵਿਗਿਆਨਕ

੧੭