ਪੰਨਾ:Alochana Magazine April-May 1963.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਜ਼ਿੰਦਗੀ ਨੂੰ ਨੇੜਿਓਂ ਵੇਖੀ ਕਿਸੇ ਅਜਹੀ ਘਟਨਾ ਦਾ ਨਿਰੂਪਣ ਕਰਦੀ ਹੈ ਜਿਸ ਵਿਚ ਕੋਈ ਮਨੋਵਿਗਿਆਨਕ ਸਮਸਿਆ ਸਹਜੇ ਹੀ ਮੌਜੂਦ ਹੁੰਦੀ ਹੈ । ਇਥੇ ਕਹਾਣੀਕਾਰ ਜਾਂ ਤਾਂ ਇਸ ਮਾਨਸਿਕ ਗੁੰਝਲ ਨੂੰ ਕੇਵਲ ਪੇਸ਼ ਕਰਦਾ ਹੈ, ਜਾਂ ਉਸਦਾ ਹਲ ਭੀ ਸੁਝਾਉਂਦਾ ਹੈ, ਤੇ ਜਾਂ ਕੇਵਲ ਇਕ ਮਾਨਸਿਕ ਵਾਯੂ ਮੰਡਲ ਹੀ ਪੇਸ਼ ਕਰਦਾ ਹੈ । ਪਰ ਬਨਾਉਟੀ ਮਨੋਵਿਗਿਆਨਕ ਕਹਾਣੀ ਵਿਚ ਲੇਖਕ ਮਨੋਵਿਗਿਆਨ ਪਾਸੋ ਇਕ ਸਿਧਾਂਤਕ ਚੌਖਟਾ ਹੁਦਾਰਾ ਲੈ ਕੇ ਉਸ ਵਿਚ ਮਨੋਕਲਪਤ ਘਟਨਾਵਾਂ ਨੂੰ ਠੋਕ ਠਾਕਕੇ ਫ਼ਿਟ ਕਰਦਾ ਹੈ ।

ਸੰਤ ਸਿੰਘ ਸੇਖੋਂ ਦੀ ਕਹਾਣੀ "ਪੇਮੀ ਦੇ ਨਿਆਣੇ* ਪਹਲੀ ਕਿਸਮ ਦੀ ਇਕ ਸਫ਼ਲ ਰਚਨਾ ਹੈ । ਇਸ ਵਿਚ ਬੱਚਿਆਂ ਦੇ ਡਰ ਦੀ ਇਕ ਵਿਥਿਆ ਹੈ । ਇਹ ਠੀਕ ਹੈ ਕਿ ਲੇਖਕ ਬੱਚਿਆਂ ਦੇ ਦਿਲ ਵਿਚ ਰਾਸ਼ੇ ਦੇ ਡਰ ਦਾ ਮੂਲ “ਰਾਸ਼ੇ' ਦੇ ਸਭਿਆਚਾਰਕ ਚਿੱਤਰ ਅਤੇ ਮਾਪਿਆਂ ਵਲੋਂ ਰਾਸ਼ੇ ਦੇ ਪਾਏ ਹੋਏ ਡਰ ਤੋਂ ਵਧੀਕ ਬੱਚਿਆਂ ਨੂੰ ਮਿਲੀ ਉਸ ਧਾਰਮਿਕ ਵਿਦਿਆ ਨੂੰ ਮੰਨਦਾ ਹੈ, ਜਿਸ ਦੀ ਬੁਨਿਆਦ ਭੈ ਉਪਰ ਕਾਇਮ ਕੀਤੀ ਗਈ ਹੈ ; ਇਹ ਭੀ ਠੀਕ ਹੈ ਕਿ ਲੇਖਕ ਇਕ ਦੋ ਥਾਈਂ ਆਪਣੇ ਹੰਢੇ ਸੰਢੇ ‘ਕਵੀਓਵਾਚ' ਨਨੇ-ਮੁੰਨੇ ਪਾਤਰਾਂ ਦੇ ਮੂੰਹ ਵਿਚ ਪਾ ਦੇਂਦਾ ਹੈ (ਜੋ ਮਨੋਵਿਗਿਆਨਕ ਤੌਰ ਤੇ ਅਨੁਚਿਤ ਹਨ, ਪਰ ਸ਼ਾਇਦ ਕਲਾਤਮਿਕ ਪੱਖ ਤੋਂ ਵਿਵਰਜਿਤ ਨਾ ਹੋਣ ;) ਪਰ ਸਮੁਚੇ ਤੌਰ ਤੇ ਕਹਾਣੀ ਇਕ ਮਾਨਸਿਕ ਵਾਯੂ ਮੰਡਲ ਪੈਦਾ ਕਰਦੀ ਹੈ । ਇਸ ਕਹਾਣੀ ਦੀ ਘਟਨਾ ਬੱਚਿਆਂ ਦੇ ਅੰਦਰ ਦੀ ਦੁਨੀਆਂ ਦੀ ਘਟਨਾ ਹੈ, ਤੇ ਉਨਾਂ ਦੇ ਭੈਅ ਦੀ ਨਵਿਰਤੀ ਇਸ ਵਿਚਾਰ ਨਾਲ ਕਿ “ਆਪਾਂ ਕਹਾਂਗੇ ਅਸੀਂ ਪੇਮੀ ਦੇ ਨਿਆਣੇ ਹਾਂ" ਤੇ ਇਹ ਕਹਿੰਦਿਆਂ ਭੈਣ ਦਾ ਆਪ ਪੇਮੀ ਰੂਪ ਹੋ ਦਿਸਣਾ ਪਾਠਕ ਨੂੰ ਇਕ ਵਚਿਤਰ ਮਾਨਸਿਕ ਦੁਨੀਆਂ ਵਿਚ ਲੈ ਜਾਂਦਾ ਹੈ । ਲੇਖਕ ਸਚਮੁਚ ਸੜਕ ਪਾਰ ਕਰਨ ਨੂੰ ਭਵ-ਸਾਗਰ ਪਾਰ ਕਰਨ ਜੇਡੀ ਮਹਾਨਤਾ ਦੇ ਦੇਂਦਾ ਹੈ । ਇਸ ਦੇ ਟਾਕਰੇ ਤੇ ਕਰਤਾਰ ਸਿੰਘ ਦੁੱਗਲ ਦੀ ਕਹਾਣੀ “ਬੁਜ਼ਦਿਲ" ਲਓ । ਇਹ ਬਨਾਉਟੀ ਮਨੋਵਿਗਿਆਨਕ ਤਰ੍ਹਾਂ ਦੀ ਇਕ “ਅਸਫਲ" ਕਹਾਣੀ ਹੈ । ਇਸ ਕਹਾਣੀ ਵਿਚ ਕਹਾਣੀਕਾਰ ਫ਼ਰਾਇਡ ਪਾਸੋਂ ਉਸਦੀ ਮਨੋਵਿਸ਼ਲੇਸ਼ਣ ਵਿਧੀ ਦਾ ਢਾਂਚਾ ਹੁਦਾਰਾ ਮੰਗਦਾ ਹੈ । ਇਕ ਨੌਜਵਾਨ ਕਾਲਜੀਏਟ ਆਪਣੀ ਇਕ ਮਾਨਸਿਕ ਸਮੱਸਿਆ ਲੈਕੇ ਮਨੋਰੋਗਾਂ ਦੇ ਇਕ ਡਾਕਟਰ ਪਾਸ ਜਾਂਦਾ ਹੈ ਤੇ ਉਹ ਉਸ ਨੂੰ ਇਕ ਹਨੇਰੇ ਕਮਰੇ ਵਿਚ ਲਿਟਾ ਕੇ ਸੁਤੰਤਰ ਸੰਬੰਧ [Free association] ਦੀ ਵਿਧੀ ਨਾਲ ਉਸਦਾ ਵਿਸ਼ਲੇਸ਼ਣ ਕਰਦਾ ਹੈ :

ਡਾਕਰਰ ਸਾਹਿਬ ਮੈਂ ਬੁਜ਼ਦਿਲ ਹਾਂ, ਮੈਂ ਇਕ ਸਖ਼ਤ ਭਿਆਨਕ ਕਿਸਮ ਦਾ ਬੁਜ਼ਦਿਲ ਹਾਂ.........ਹਨੇਰੇ ਘੁਪ ਕਮਰੇ ਵਿਚ ਲੇਟਦਿਆਂ ਸਾਰ ਇਕ ਨੌਜਵਾਨ ਕਾਲਜੀਏਟ —————————————————————————————————————————————————————————————————

  • ਸੰਤ ਸਿੰਘ ਸੇਖੋਂ-ਸਮਾਚਾਰ : ਲਾਹੌਰ ਬੁੱਕ ਸ਼ਾਪ ।

ਕਰਤਾਰ ਸਿੰਘ ਦੁੱਗਲ-ਡੰਗਰ : ਹਿੰਦ ਪਬਲਿਸ਼ਰਜ਼ ।

੧੮