ਪੰਨਾ:Alochana Magazine April-May 1963.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਿੰਦਰ ਸਿੰਘ ਮੁਕਰ-

ਪੰਜਾਬੀ ਨਾਵਲ ਵਿਚ ਸਮਾਜਕ ਚੇਤਨਾ

ਹਰ ਕੌਮਲ ਕਲਾ ਦਾ ਸਬੰਧ ਭਾਵੇਂ ਸਿੱਧੇ ਤੌਰ ਤੇ ਮਨੁਖੀ ਜੀਵਨ ਨਾਲ ਹੈ, ਪਰ ਹਰ ਕਲਾ ਦੇ ਮੰਤਵ ਅਤੇ ਸਾਧਨ ਵਖਰੇ ਵਖਰੇ ਹਨ । ਸਾਹਿਤ ਦੇ ਹਿੱਸੇ ਜੋ ਸਮਰੱਥਾ ਅਤੇ ਪਰੇਰਨਾ ਆਈ ਹੈ ਉਹ ਕਿਸੇ ਹੋਰ ਕਲਾ ਦੇ ਹਿੱਸੇ ਨਹੀਂ ਆਈ, ਕਿਉਂਕਿ ਜੋ ਕੁਝ ਕਿਸੇ ਹੋਰ ਕਲਾ ਰਹੀਂ ਯੋਗ ਤੌਰ ਤੇ ਪੇਸ਼ ਕੀਤਾ ਅਤੇ ਸਮਝਾਇਆ ਨਹੀਂ ਜਾ ਸਕਦਾ ਉਸਨੂੰ ਸਾਹਿਤ ਦਾ ਵਿਸ਼ਾ ਵਧੇਰੇ ਸੌਖ ਅਤੇ ਸ਼ਕਤੀ ਨਾਲ ਬਣਾਇਆ ਜਾ ਸਕਦਾ ਹੈ । ਇਸ ਵਿਚ ਵੀ ਕੋਈ ਅਤਿਕਥਨੀ ਨਹੀਂ ਸਾਹਿਤ ਸਭ ਕੋਮਲ ਕਲਾ ਦਾ ਸੁਮੇਲ ਹੈ ਅਤੇ ਇਸ ਵਿਚ ਹਰ ਉਹ ਗੁਣ ਆ ਜਾਂਦਾ ਹੈ ਜੋ ਕਿਸੇ ਹੋਰ ਕਲਾ ਵਿਚ ਹੈ। ਉਦਾਹਰਣ ਵਜੋਂ ਇਸ ਵਿਚ ਸੰਗੀਤ ਦਾ ਰਸ ਵੀ ਹੈ ਅਤੇ ਚਿੱਤਰਕਾਰੀ ਦੀ ਬੁਰਸ਼ ਛੋਹ ਵੀ ਹੁੰਦੀ ਹੈ ।

ਜੇ ਸਾਹਿਤ ਹੋਰ ਸਭ ਕਲਾਂ ਤੋਂ ਭਿੰਨ ਹੈ ਤਾਂ ਸਾਹਿਤ ਦੇ ਵੱਖ ਵੱਖ ਰੂਪਾਂ ਦੇ ਸਾਧਨਾਂ ਅਤੇ ਆਦਰਸ਼ਾਂ ਵਿਚ ਵੀ ਵਿਸ਼ੇਸ਼ ਅੰਤਰ ਹੈ। ਇਹ ਕਹਿ ਦੇਣਾ ਅਤਿਕਥਨੀ ਹੈ ਤੇ ਸਾਹਿਤ ਦੇ ਹਰ ਰੂਪ ਦਾ ਇਕੋ ਹੀ ਮੰਤਵ ਹੈ ਅਤੇ ਮੰਤਵ ਦੀ ਪਰਾਪਤੀ ਲਈ ਹਰ ਰੂਪ ਇਕੋ ਜਿਹਾ ਸਮਰੱਥ ਹੈ । ਇਹ ਭੁਲੇਖਾ ਹੈ ਅਤੇ ਇਸ ਭੁਲੇਖੇ ਦੇ ਕਈ ਵੇਰ ਵਡੇ ਵਡੇ ਸਾਹਿਤਕਾਰ ਵੀ ਸ਼ਿਕਾਰ ਹੋ ਜਾਂਦੇ ਹਨ। ਜੇ ਦੇਖਿਆ ਜਾਵੇ ਤਾਂ ਕਵਿਤਾ ਦੇ ਮੰਤਵ ਅਤੇ ਵਿਧੀਆਂ ਵਿਚ ਆਧੁਨਿਕ ਸਮੇਂ ਵਿਚ ਵਿਸ਼ੇਸ਼ ਪ੍ਰੀਵਰਤਨ ਆਇਆ ਹੈ । ਹੁਣ ਇਸ ਵਿਚ ਉਹ ਕੁਝ ਭਲੀ ਭਾਂਤ ਪੇਸ਼ ਨਹੀਂ ਕੀਤਾ ਜਾ ਸਕਦਾ ਜੋ ਗਲਪ ਸਾਹਿਤ ਜਾਂ ਨਾਟਕ ਵਿਚ ਵਧੇਰੇ ਚੰਗੀ ਤਰ੍ਹਾਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾ ਸਕਦਾ ਹੈ । ਇਵੇਂ ਹੀ ਨਾਟਕ ਉਹ ਪਦਵੀ ਪ੍ਰਾਪਤ ਨਹੀਂ ਕਰ ਸਕਿਆ ਅਤੇ ਨਾ ਉਸਦੇ ਨਿਕਟ ਭਵਿਖ ਵਿਚ ਉਹ ਪਦਵੀ ਪ੍ਰਾਪਤ ਕਰ ਲੈਣ ਦੀ ਆਸ ਹੀ ਹੈ ਜੋ ਨਾਵਲ ਦੇ ਹਿੱਸੇ ਆਈ ਹੈ । ਨਾਟਕ ਦੇ ਲਲਿਤ ਕਲਾ ਹੋਣ ਕਾਰਨ ਇਸ ਵਿਚ ਸਮਸਿਆਵਾਂ ਦਾ ਉਹ ਵਿਸ਼ਲੇਸ਼ਨ ਅਤੇ ਵਿਸਥਾਰ ਸੰਭਵ ਨਹੀਂ ਜੋ ਨਾਵਲ ਵਿਚ ਹੈ ਅਤੇ ਨਾ ਹੀ ਇਸ ਵਿਚ ਉਹ ਸੰਘਣਾਪਨ ਅਤੇ ਗਹਿਰਾਈ ਹੀ ਆ ਸ਼ਕਦੀ ਹੈ ਜੋ ਕਵਿਤਾ, ਸਰੋਦੀ ਕਵਿਤਾ ਵਿਚ ਹੁੰਦੀ ਹੈ । ਨਾਟਕ ਵਿਰ ਦਰਸ਼ਕਾਂ ਦਾ ਧਿਆਨ ਕੇਂਦ੍ਰਿਤ ਰਖਣ ਲਈ ਵਿਸ਼ੇਸ਼ ਤੌਰ ਤੇ ਜਤਨ ਕਰਨਾ ਪੈਂਦਾ ਹੈ ਜਦ ਕਿ ਕਵਿਤਾ ਜਾਂ ਨਾਵਲ ਨੂੰ ਇਕੱਲੇ

੨੪