ਪੰਨਾ:Alochana Magazine April-May 1963.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠਕੇ ਪੜ੍ਹਿਆ ਅਤੇ ਵਿਚਾਰਿਆ ਜਾਂਦਾ ਹੈ । ਇਸ ਦਾ ਇਹ ਭਾਵ ਹੈ ਕਿ ਸਾਹਿਤ ਦੇ ਹਰ ਰੂਪ ਦਾ ਆਪਣਾ ਆਪਣਾ ਖੇਤਰ ਹੈ ਅਤੇ ਉਹ ਆਪਣੀ ਆਪਣੀ ਥਾਂ ਤੇ ਰਹਿ ਕੇ ਹੀ ਆਪਣੇ ਮੰਤਵ ਦੀ ਪੂਰਤੀ ਕਰ ਸਕਦੇ ਹਨ । ਭਾਵੇਂ ਕਈ ਵੇਰ ਇਨ੍ਹਾਂ ਖੇਤਰਾਂ ਦੀਆਂ ਸੀਮਾਵਾਂ ਨੂੰ ਪਾਰ ਕੀਤਾ ਜਾਂਦਾ ਹੈ ਅਤੇ ਇਸ ਵਿਚ ਕੋਈ ਕਠਿਨਾਈ ਵੀ ਨਹੀਂ ਆਉਂਦੀ, ਪਰ ਹਰ ਸਾਹਿਤਕਾਰ ਕੋਲ ਅਜਿਹੀ ਯੋਗਤਾ ਨਹੀਂ ਹੁੰਦੀ ਕਿ ਉਹ ਆਪਣੇ ਮੰਤਵ ਨੂੰ ਉਸ ਲਈ ਕਿਸੇ ਘਟ ਸ਼ਕਤੀਸ਼ਾਲੀ ਰੂਪ ਰਾਹੀਂ ਪੂਰੀ ਸਫਲਤਾ ਨਾਲ ਪੇਸ਼ ਕਰ ਸਕੇ । ਇਸੇ ਕਾਰਨ ਇਕ ਸਿਆਣਾ ਸਾਹਿਤਕਾਰ ਅਪਣੇ ਆਦਰਸ਼ਾਂ ਅਤੇ ਉਦੇਸ਼ਾਂ ਨੂੰ ਪੇਸ਼ ਕਰਨ, ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਹੋਰ ਪੱਖਾਂ ਤੇ ਵਿਚਾਰ ਕਰਨ ਤੋਂ ਇਲਾਵਾ ਉਹ ਯੋਗ ਮਾਧਿਅਮ ਦੀ ਤਲਾਸ਼ ਲਈ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹੈ । ਬਰਨਾਰਡ ਸ਼ਾਅ ਨੇ ਆਪਣੇ ਸਾਹਿਤਕ ਜੀਵਨ ਦਾ ਆਰੰਭ ਨਾਵਲ ਨਾਲ ਕੀਤਾ ਸੀ, ਪਰ ਇਸ ਵਿਚ ਸਫਲ ਨਾ ਹੋਣ ਤੇ ਉਸ ਨੇ ਨਾਟਕ ਨੂੰ ਅਪਣਾਇਆ ਜਿਸ ਵਿਚ ਉਹ ਪੂਰੀ ਤਰ੍ਹਾਂ ਸਫ਼ਲ ਰਿਹਾ ।

ਉਪਰੋਕਤ ਤੋਂ ਇਹ ਸਪਸ਼ਟ ਹੈ ਕਿ ਸਾਹਿਤ ਦੇ ਹਰ ਰੂਪ ਦਾ ਆਪਣਾ ਵਖਰਾ ਖੇਤਰ ਹੈ । ਆਧੁਨਿਕ ਯੁਗ ਵਿਚ ਨਾਵਲ ਦਾ ਖੇਤਰ ਜਿੰਨਾ ਵਿਸ਼ਾਲ ਹੈ ਉਤਨਾ ਸਾਹਿਤ ਦੇ ਕਿਸੇ ਹੋਰ ਰੂਪ ਦਾ ਨਹੀਂ ਹੈ । ਇਹ ਸਾਹਿਤ ਦਾ ਸਭ ਤੋਂ ਵਧ ਲੋਕ-ਪ੍ਰਿਯ ਅਤੇ ਸ਼ਕਤੀਸ਼ਾਲੀ ਰੂਪ ਹੈ । ਇਸ ਰਾਹੀਂ ਜੀਵਨ ਦੀ ਸਭ ਤੋਂ ਵਧ ਆਲੋਚਨਾ ਕਰਨ ਦੇ ਨਾਲ ਨਾਲ ਹੀ ਜੀਵਨ ਦੀ ਵੰਨ ਸੁਵੰਨਤਾ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ । ਜਦ ਕਿਸੇ ਸਾਹਿਤਕਾਰ ਨੇ ਕੋਈ ਰਾਜਨੀਤਕ ਫ਼ਲਸਫ਼ਾ ਸਿੱਧ ਕਰਨਾ ਹੋਵੇ ਜਾਂ ਸਮਾਜਿਕ ਜੀਵਨ ਸਬੰਧੀ ਕਿਸੇ ਸਿਧਾਂਤ ਦੀ ਪੁਸ਼ਟੀ ਕਰਨੀ ਹੋਵੇ ਜਾਂ ਕਈ ਧਾਰਮਿਕ ਜਾਂ ਹੋਰ ਕਿਸਮ ਦੇ ਵਿਚਾਰ ਪੇਸ਼ ਕਰਨ ਦੇ ਨਾਲ ਨਾਲ ਨਾਵਲ ਰਾਹੀਂ ਇਸ ਨੂੰ ਇਕ ਸੇਧ ਵੀ ਦਿਤੀ ਜਾ ਸਕਦੀ ਹੈ।

ਨਾਵਲ ਦਾ ਜਨਮ ਵਿਅਕਤੀਗਤ ਜੀਵਨ ਦੇ ਵਿਕਸਿਤ ਹੋਣ ਨਾਲ ਹੁੰਦਾ ਹੈ । ਸਮਾਜਿਕ ਪ੍ਰੀਵਰਤਨ ਨਾਲ ਜਾਗੀਰਦਾਰੀ ਯੁਗ ਦੇ ਸਮੂਹਕ ਅਨੁਭਵ ਦੇ ਸਰਮਾਏਦਾਰਾਂ ਦੇ ਵਿਅਕਤੀਗਤ ਅਨੁਭਵ ਵਿਚ ਬਦਲਣ ਨਾਲ ਜਨਤਾ ਦੇ ਚਿੰਤਨ ਅਤੇ ਮਨੋਰੰਜਨ ਦੇ ਸਾਧਨਾਂ ਵਿਚ ਪ੍ਰੀਵਰਤਨ ਆਉਂਦਾ ਹੈ । ਮਸ਼ੀਨੀ ਉਨਤੀ ਨਾਲ ਜੀਵਨ ਵਿਚ ਵਧੇਰੇ ਵੰਨਗੀ ਆਉਂਦੀ ਹੈ ਅਤੇ ਪੜ੍ਹਾਈ ਆਮ ਹੋ ਜਾਂਦੀ ਹੈ । ਇਸ ਦੇ ਨਾਲ ਹੀ ਪਦ ਰੂਪੀ ਬਿਤਾਂਤ ਸਾਹਿਤ ਦੀ ਥਾਂ ਗੱਦ ਰੂਪੀ ਬ੍ਰਿਤਾਂਤਕ ਸਾਹਿਤ ਦੀ ਲੋੜ ਅਤੇ ਮਹਤਤਾ ਵਧਦੀ ਹੈ । ਇਸ ਤਰ੍ਹਾਂ ਨਾਲ ਨਾਵਲ ਬੱਧਿਕ ਵਿਕਾਸ ਦੇ ਅਗਲੇ ਪੜਾਅ ਦਾ ਸਾਹਿਤ ਹੈ । ਦੂਜੇ ਪੱਖ ਤੋਂ ਇਹ ਮਹਾਂਕਾਵਿ ਦੀ ਥਾਂ ਲੈਂਦਾ ਦਾ ਹੈ।

ਪੁਰਾਤਨ ਸਮਿਆਂ ਵਿਚ ਮਹਾਕਾਵਿ ਦਾ ਦਰਜਾ ਉੱਚਾ ਰਿਹਾ ਹੈ ਅਤੇ ਇਹ ਸਭ ਸਾਹਿਤਕ ਰੂਪਾਂ ਜਿਹਾ ਕਿ ਗੀਤ ਕਾਵਿ, ਨਾਟਕ ਆਦਿ ਤੋਂ ਵਧੇਰੇ ਵਿਸ਼ਾਲ,ਕ੍ਰਮਿਕ

੨੫